ਜਲੰਧਰ, 23 ਜੂਨ (ਜਤਿੰਦਰ ਪੰਮੀ)-ਸ਼ਹਿਰ ’ਚ ਨਵੇਂ ਦੋਪਹੀਆ ਵਾਹਨ ਫਾਇਨਾਂਸ ਕਰਨ ਦੇ ਨਾਂ ’ਤੇ ਚੱਲ ਰਹੇ ਘੁਟਾਲੇ ਨੂੰ ਲੈ ਕੇ ਟੂ-ਵ੍ਹੀਲਰ ਡੀਲਰ ਐਸੋਸੀਏਸ਼ਨ ਦਾ ਵਫ਼ਦ ਮੰਗਲਵਾਰ ਨੂੰ ਡੀ. ਸੀ. ਪੀ. (ਤਫਤੀਸ਼) ਮਨਪ੍ਰੀਤ ਸਿੰਘ ਢਿੱਲੋਂ ਨੂੰ ਮਿਲਿਆ ਅਤੇ ਦੋਪਹੀਆ ਵਾਹਨ ਵੇਚਣ ਵਾਲੀਆਂ ਏਜੰਸੀਆਂ ਦੀ ਇਸ ’ਚ ਮਿਲੀਭੁਗਤ ਰੋਕਣ ਲਈ ਮੰਗ-ਪੱਤਰ ਦਿੱਤਾ। ਟੂ-ਵ੍ਹੀਲਰ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਪਰਦੇਸੀ ਨੇ ਦੱਸਿਆ ਕਿ ਦੋਪਹੀਆ ਵਾਹਨਾਂ ਵਾਲੀਆਂ ਏਜੰਸੀਆਂ ਵਿੱਚ ਨਵੀਆਂ ਗੱਡੀਆਂ ਫਾਇਨਾਂਸ ਕਰਨ ਨੂੰ ਲੈ ਕੇ ਵੱਡੇ ਪੱਧਰ ’ਤੇ ਘੁਟਾਲਾ ਕੀਤਾ ਜਾਂਦਾ ਹੈ। ਉਕਤ ਏਜੰਸੀਆਂ ਜਦੋਂ ਨਵੇਂ ਦੋਪਹੀਆ ਵਾਹਨ ਫਾਇਨਾਂਸ ਕਰਦੀਆਂ ਹਨ ਤਾਂ ਉਨ੍ਹਾਂ ਦੇ ਕਾਗਜ਼ਾਂ ’ਚ ਫਾਇਨਾਂਸ ਕਰਨ ਬਾਰੇ ਨਹੀਂ ਲਿਖਿਆ ਜਾਂਦਾ, ਜਿਸ ਨਾਲ ਵਾਹਨ ਦੀ ਰਜਿਸਟ੍ਰੇਸ਼ਨ ’ਤੇ ਵੀ ਫਾਇਨਾਂਸ ਹੋਣ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਹੁੰਦਾ। ਅਜਿਹੇ ਵਾਹਨ ਜਦੋਂ ਡੀਲਰ ਮਾਰਕੀਟ ’ਚ ਲੋਕ ਵੇਚਣ ਲਈ ਆਉਂਦੇ ਹਨ ਤਾਂ ਵਾਹਨ ਦੇ ਫਾਇਨਾਂਸ ਹੋਣ ਬਾਰੇ ਪਤਾ ਨਹੀਂ ਲੱਗਦਾ। ਡੀਲਰ ਵਾਹਨ ਮਾਲਕ ਕੋਲੋਂ ਨਕਦ ਰਾਸ਼ੀ ਦੇ ਕੇ ਖਰੀਦ ਲੈਂਦੇ ਹਨ ਅਤੇ ਅੱਗੋਂ ਨਕਦ ਕੈਸ਼ ਲੈ ਕੇ ਵੇਚ ਦਿੰਦੇ ਹਨ ਪਰ ਅਸਲ ਵਿੱਚ ਵਾਹਨ ਫਾਇਨਾਂਸ ਕਰਵਾਇਆ ਹੁੰਦਾ ਹੈ। ਜਦੋਂ ਵਾਹਨ ਵੇਚੇ ਜਾਣ ਕਾਰਨ ਉਸ ਦੀਆਂ ਕਿਸ਼ਤਾਂ ਰੁਕ ਜਾਂਦੀਆਂ ਹਨ ਤਾਂ ਫਾਇਨਾਂਸ ਕੰਪਨੀਆਂ ਦੇ ਰਿਕਵਰੀ ਵਾਲੇ ਕਰਿੰਦੇ ਗਾਹਕ ਕੋਲੋਂ ਵਾਹਨ ਖੋਹ ਲੈਂਦੇ ਹਨ। ਗਾਹਕ ਇਸ ਲਈ ਡੀਲਰਾਂ ਨੂੰ ਧੋਖਾਬਾਜ਼ੀ ਲਈ ਦੋਸ਼ੀ ਠਹਿਰਾਉਂਦੇ ਹਨ, ਜਿਸ ਨਾਲ ਡੀਲਰਾਂ ਦੀ ਬਿਨਾਂ ਕਾਰਨ ਬਦਨਾਮੀ ਹੁੰਦੀ ਹੈ ਅਤੇ ਕਾਰੋਬਾਰ ਵੀ ਪ੍ਰਭਾਵਿਤ ਹੁੰਦਾ ਹੈ। ਐਸੋਸੀਏਸ਼ਨ ਦੇ ਵਫਦ ਨੇ ਕਿਹਾ ਕਿ ਇਹ ਬਹੁਤ ਵੱਡਾ ਘੁਟਾਲਾ ਹੈ ਜੋ ਕਿ ਦੋਪਹੀਆ ਵਾਹਨ ਵਾਲੀਆਂ ਏਜੰਸੀਆਂ ਵਲੋਂ ਕੀਤਾ ਜਾ ਰਿਹਾ ਹੈ, ਜਿਸ ਦਾ ਮਾੜਾ ਅਸਰ ਵਾਹਨ ਦੀ ਰੀਸੇਲ ਮੌਕੇ ਡੀਲਰਾਂ ਉਤੇ ਪੈਂਦਾ ਹੈ। ਡੀ. ਸੀ. ਪੀ. (ਤਫਤੀਸ਼) ਮਨਪ੍ਰੀਤ ਸਿੰਘ ਢਿੱਲੋਂ ਨੇ ਵਫਦ ਨੂੰ ਕਿਹਾ ਕਿ ਕਿਸੇ ਨੂੰ ਵੀ ਗੱਡੀ ਜਬਰੀ ਫੜਨ ਦਾ ਕੋਈ ਅਧਿਕਾਰ ਨਹੀਂ ਹੈ। ਜੇਕਰ ਕਿਸੇ ਵੀ ਫਾਇਨਾਂਸਰ ਦਾ ਕਰਿੰਦਾ ਅਜਿਹਾ ਕਰਦਾ ਹੈ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨੂੰ ਕਿਹਾ ਕਿ ਉਹ ਇਸ ਸੰਬੰਧੀ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਸਾਰੀ ਜਾਣਕਾਰੀ ਦੇਣ ਅਤੇ ਸੰਬੰਧਿਤ ਏਜੰਸੀਆਂ ਨੂੰ ਵੀ ਮਿਲ ਕੇ ਜਾਣੂ ਕਰਵਾਇਆ ਜਾਵੇ। ਡੀ. ਸੀ. ਪੀ. ਢਿੱਲੋਂ ਨੇ ਕਿਹਾ ਕਿ ਪੁਲਿਸ ਕਿਸੇ ਵੀ ਧੱਕੇਸ਼ਾਹੀ ਵਿਰੁੱਧ ਪਬਲਿਕ ਨਾਲ ਹਰ ਵੇਲੇ ਖੜ੍ਹੀ ਹੈ। ਇਸ ਵਫਦ ਵਿਚ ਹਰਪ੍ਰੀਤ ਸਿੰਘ ਨੀਟੂ, ਮਨਦੀਪ ਸਿੰਘ ਬੱਲੂ, ਮਨਪ੍ਰੀਤ ਸਿੰਘ ਬਿੰਦਰਾ, ਸੁਰੇਸ਼ ਕੁਮਾਰ ਕਾਲਰਾ, ਰਾਘਵ, ਅਰਵਿੰਦ ਕੁਮਾਰ ਅਤੇ ਅਮਲੇਸ਼ ਕੁਮਾਰ ਸ਼ਾਮਲ ਸਨ।
ਦੋਪਹੀਆ ਵਾਹਨ ਫਾਈਨਾਂਸ ਕਰਨ ਦੇ ਨਾਂਅ ’ਤੇ ਚੱਲ ਰਿਹਾ ਘੁਟਾਲਾ ਰੋਕਣ ਲਈ ਡੀ. ਸੀ. ਪੀ. ਨੂੰ ਦਿੱਤਾ ਮੰਗ-ਪੱਤਰ
ਅਜੀਤ ਡੈਸਕ
24-06-2026