ਜਲੰਧਰ, 23 ਜੂਨ (ਐੱਮ. ਐੱਸ. ਲੋਹੀਆ) - ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਅੰਤਰਰਾਸ਼ਟਰੀ ਗਤਕਾ ਦਿਵਸ ਮੌਕੇ ਸਾਂਝਾ ਉਪਰਾਲਾ ਕਰਦੇ ਹੋਏ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੇ ਬਾਹਰ ਇਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਰਣਜੀਤ ਗਤਕਾ ਅਖਾੜਾ ਦੇ ਮੈਂਬਰਾਂ ਨੇ ਗਤਕੇ ਦੇ ਜੌਹਰ ਦਿਖਾਏ। ਇਸ ਮੌਕੇ ਹਾਜ਼ਰ ਸੰਗਤ ਨੂੰ ਬਚਿਆਂ ਵਲੋਂ ਕੀਤੇ ਗਏ ਗਤਕੇ ਦੇ ਕਰਤਬਾਂ ਅਤੇ ਉਨ੍ਹਾਂ ਦੀ ਗਤਕਾ ਕਲਾ ਦੀ ਨਿਪੁੰਨਤਾ ਨੇ ਬਹੁਤ ਪ੍ਰਭਾਵਿਤ ਕੀਤਾ। ਸੰਗਤ ਨੇ ਗਤਕੇ ਦੇ ਜੌਹਰ ਦੇਖ ਕੇ ਜੈਕਾਰਿਆਂ ਦੇ ਨਾਲ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਸੰਗਤ ਨੂੰ ਸੰਬੋਧਨ ਕਰਦੇ ਹੋਏ ਸੁਖਜੀਤ ਸਿੰਘ ਡਰੋਲੀ, ਮਨਜੀਤ ਸਿੰਘ ਰੇਰੁ, ਬਗੇਲ ਸਿੰਘ ਭਾਟੀਆ, ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ ਅਤੇ ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਅੰਤਰ ਰਾਸ਼ਟਰੀ ਗਤਕਾ ਦਿਵਸ ਮਨਾਉਣ ਦਾ ਮੁੱਖ ਮਕਸਦ ਸਿੱਖ ਬੱਚੇ-ਬੱਚੀਆਂ ਨੂੰ ਗੁਰੂ ਸਾਹਿਬ ਵੱਲੋ ਬਖਸ਼ੇ ਮਾਰਸ਼ਲ ਆਰਟ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਸ਼ਸਤਰ ਵਿੱਦਿਆ ਦੇ ਨਾਲ ਬੱਚੇ ਆਤਮ ਨਿਰਭਰ ਬਣਾਦੇ ਹਨ। ਆਗੂਆਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਹਰ ਗੁਰੂ ਘਰ ਬਾਕੀ ਧਾਰਮਿਕ ਕਾਰਜਾਂ ਦੇ ਨਾਲ-ਨਾਲ ਗਤਕਾ ਕਲਾਸਾਂ ਜ਼ਰੂਰ ਲਗਾਉਣ ਤਾਂ ਹੀ ਬੱਚਿਆਂ ਨੂੰ ਸ਼ਸਤਰ ਧਾਰੀ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਹੋਣਾ ਅਤੇ ਸ਼ਸਤਰ ਵਿਦਿਆ ਲੈਣੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਗਤਕਾ ਦਿਵਸ ਮਨਾਉਣ ਦੇ ਪ੍ਰਬੰਧਾਂ ’ਚ ਪਰਬਜੋਤ ਸਿੰਘ ਖ਼ਾਲਸਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਆਗੂਆਂ ਨੇ ਕਾਉਂਸਲਰ ਡਾ. ਜਸਲੀਨ ਸੇਠੀ, ਥਾਣਾ ਡਵੀਜ਼ਨ ਨੰਬਰ 4 ਦੀ ਮੁਖੀ ਅਨੂੰ ਪਲਿਆਲ, ਕੰਵਲਜੀਤ ਸਿੰਘ ਉਬਰਾਏ, ਪਰਮਪ੍ਰੀਤ ਸਿੰਘ ਵਿੱਟੀ, ਸਤਪਾਲ ਸਿੰਘ ਸਿਦਕੀ, ਸੁਰਜੀਤ ਸਿੰਘ ਖ਼ਾਲਿਸਤਾਨੀ, ਸਿਮਰਨਦੀਪ ਸਿੰਘ ਸਤਨਾਮੀਂਆ, ਕਰਤਾਰ ਸਿੰਘ ਡਰੋਲੀ, ਮਨਜੀਤ ਸਿੰਘ ਵਿਰਦੀ, ਤਰਲੋਚਨ ਸਿੰਘ ਡਰੋਲੀ, ਜੋਗਿੰਦਰ ਸਿੰਘ, ਅਬਤੇਜ ਸਿੰਘ ਭਾਟੀਆ, ਪਰਮਜੀਤ ਸਿੰਘ ਖ਼ਾਲਸਾ, ਗੁਰਮੁਖ ਸਿੰਘ ਜਲੰਧਰੀ, ਜੋਗਿੰਦਰ ਸਿੰਘ ਲਾਇਲਪੁਰੀ, ਗੁਰਵਿੰਦਰ ਸਿੰਘ ਚੋਪੜਾ, ਹਰਪ੍ਰੀਤ ਸਿੰਘ ਸੋਨੂੰ, ਪ੍ਰੋਫੈਸਰ ਸੁਖਜੀਤ ਸਿੰਘ, ਅਮਨਦੀਪ ਸਿੰਘ ਬੱਗਾ, ਪ੍ਰਭਜੀਤ ਸਿੰਘ ਬੇਦੀ ਅਤੇ ਹੋਰਾਂ ਦਾ ਸਨਮਾਨ ਕੀਤਾ।