24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

26 ਨੂੰ ਸਾਰੇ ਸੀਵਰੇਜ ਟਰੀਟਮੈਂਟ ਪਲਾਂਟਾਂ ਦਾ ਜਾਇਜ਼ਾ ਲੈਣਗੇ ਮੇਅਰ ਬਲਬੀਰ ਸਿੰਘ ਬਿੱਟੂ ਸਮੇਤ ਵਿਭਾਗੀ ਅਫ਼ਸਰਾਂ ਨਾਲ ਕੀਤੀ ਲੰਬੀ ਚਰਚਾ

ਅਜੀਤ ਡੈਸਕ 24-06-2026
ਜਲੰਧਰ, 23 ਜੂਨ (ਸ਼ਿਵ)- ਬਰਸਾਤਾਂ ਨੂੰ ਲੈ ਕੇ ਨਗਰ ਨਿਗਮ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ ਤੇ ਮੇਅਰ ਵਨੀਤ ਧੀਰ ਨੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਤੇ ਹੋਰ ਵਿਭਾਗੀ ਅਫ਼ਸਰਾਂ ਨਾਲ ਮੀਟਿੰਗ ਕਰਕੇ ਆਉਣ ਵਾਲੇ ਬਰਸਾਤਾਂ ਦੀਆਂ ਤਿਆਰੀਆਂ ਨੂੰ ਲੈ ਕੇ ਸੀਵਰੇਜ ਟਰੀਟਮੈਂਟ ਪਲਾਂਟ ਦੇ ਕੰਮ ਦੀ ਜਾਣਕਾਰੀ ਲੈਣ ਦਾ ਫ਼ੈਸਲਾ ਕੀਤਾ ਹੈ। ਉਹ 26 ਜੂਨ ਨੂੰ ਸਾਰੇ ਸੀਵਰੇਜ ਟਰੀਟਮੈਂਟ ਪਲਾਂਟਾਂ ਦਾ ਦੌਰਾ ਕਰਨ ਜਾ ਰਹੇ ਹਨ। ਇਸ ਦੌਰਾਨ ਅਧਿਕਾਰੀਆਂ ਵੱਲੋਂ ਸੀਵਰੇਜ ਦੇ ਪਾਣੀ ਦੀ ਨਿਕਾਸੀ, ਟਰੀਟਮੈਂਟ ਪ੍ਰਕਿਰਿਆ, ਮਸ਼ੀਨਰੀ ਦੀ ਕਾਰਗੁਜ਼ਾਰੀ, ਪੰਪਿੰਗ ਸਿਸਟਮ ਅਤੇ ਮਾਨਸੂਨ ਦੌਰਾਨ ਸੰਭਾਵਿਤ ਚੁਨੌਤੀਆਂ ਨਾਲ ਨਜਿੱਠਣ ਲਈ ਕੀਤੇ ਗਏ ਪ੍ਰਬੰਧਾਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ ਜਾਵੇਗਾ। ਦੌਰੇ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਬਰਸਾਤ ਦੇ ਮੌਸਮ ਵਿਚ ਸ਼ਹਿਰ ਦੇ ਕਿਸੇ ਵੀ ਹਿੱਸੇ ਵਿਚ ਪਾਣੀ ਖੜ੍ਹਨ ਜਾਂ ਸੀਵਰੇਜ ਓਵਰਫ਼ਲੋ ਹੋਣ ਵਰਗੀਆਂ ਸਮੱਸਿਆਵਾਂ ਪੈਦਾ ਨਾ ਹੋਣ। ਮੇਅਰ ਵਨੀਤ ਧੀਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਪਹਿਲਾਂ ਹੀ ਸ਼ਹਿਰ ਦੇ ਸਾਰੇ ਸੀਵਰੇਜ ਡਿਸਪੋਜ਼ਲਾਂ ਅਤੇ ਪੰਪਿੰਗ ਸਟੇਸ਼ਨਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਜਾਇਜ਼ੇ ਦੌਰਾਨ ਪਤਾ ਲੱਗਿਆ ਕਿ ਕੁੱਝ ਮੋਟਰਾਂ ਦੀ ਮੁਰੰਮਤ ਦੀ ਲੋੜ ਸੀ। ਇਸ ਦੇ ਤਹਿਤ 9 ਮੋਟਰਾਂ ਦੀ ਰਿਪੇਅਰ ਤੁਰੰਤ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਮਾਨਸੂਨ ਦੌਰਾਨ ਕਿਸੇ ਤਰ੍ਹਾਂ ਦੀ ਤਕਨੀਕੀ ਖ਼ਰਾਬੀ ਕਾਰਨ ਨਿਕਾਸੀ ਪ੍ਰਣਾਲੀ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਦੱਸਿਆ ਕਿ ਜਲੰਧਰ ਸ਼ਹਿਰ ਵਿਚ ਨਗਰ ਨਿਗਮ ਦੇ ਅਧੀਨ ਕੁੱਲ 36 ਸੀਵਰੇਜ ਡਿਸਪੋਜ਼ਲ ਸਟੇਸ਼ਨ ਕੰਮ ਕਰ ਰਹੇ ਹਨ, ਜਿਨ੍ਹਾਂ ਵਿਚ ਲਗਭਗ 80 ਮੋਟਰਾਂ ਲਗਾਈਆਂ ਗਈਆਂ ਹਨ। ਇਨ੍ਹਾਂ ਮੋਟਰਾਂ ਅਤੇ ਹੋਰ ਮਸ਼ੀਨਰੀ ਦੀ ਨਿਯਮਿਤ ਜਾਂਚ ਅਤੇ ਦੇਖਭਾਲ ਕੀਤੀ ਜਾ ਰਹੀ ਹੈ ਤਾਂ ਜੋ ਹਰ ਸਿਸਟਮ ਪੂਰੀ ਸਮਰੱਥਾ ਨਾਲ ਕੰਮ ਕਰ ਸਕੇ। ਨਗਰ ਨਿਗਮ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸ਼ਹਿਰ ਵਾਸੀਆਂ ਨੂੰ ਮਾਨਸੂਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸੀਵਰੇਜ, ਡਰੇਨੇਜ ਅਤੇ ਬਰਸਾਤੀ ਵਾਟਰ ਨਿਕਾਸੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ। 26 ਜੂਨ ਨੂੰ ਹੋਣ ਵਾਲੇ ਦੌਰੇ ਤੋਂ ਬਾਅਦ ਜਿੱਥੇ ਵੀ ਹੋਰ ਸੁਧਾਰ ਦੀ ਲੋੜ ਮਹਿਸੂਸ ਹੋਵੇਗੀ, ਉੱਥੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਜ਼ਿਲ੍ਹਾ ਅਕਾਲੀ ਦਲ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਅਗਲੀ ਖ਼ਬਰ ਅੰਤਰਰਾਸ਼ਟਰੀ ਗਤਕਾ ਦਿਵਸ ਮੌਕੇ ਬੱਚਿਆਂ ਨੇ ਦਿਖਾਏ ਗੱਤਕੇ ਦੇ ਜੌਹਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।