03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਡਾ. ਸਾਧੂ ਸਿੰਘ ਹਮਦਰਦ ਜੀ ਦੀ ਯਾਦ ਵਿਚ ਭਗਵਾਨ ਵਾਲੀਮਿਕ ਆਸ਼ਰਮ ਟਰੱਸਟ ਸ਼ਕਤੀ ਨਗਰ ’ਚ ਲਾਇਆ ਖ਼ੂਨਦਾਨ ਕੈਂਪ

ਅਜੀਤ ਡੈਸਕ 19-07-2026

ਜਲੰਧਰ, 18 ਜੁਲਾਈ (ਜਤਿੰਦਰ ਪੰਮੀ)–ਸਵਰਗੀ ਡਾ. ਸਾਧੂ ਸਿੰਘ ਹਮਦਰਦ ਹੁਰਾਂ ਨੇ ਆਪਣੇ ਜੀਵਨ ’ਚ ਹਮੇਸ਼ਾ ਹੀ ਸਮਾਜ ਦੀ ਭਲਾਈ ਕਰਨ ਵਾਲਿਆਂ ਨੂੰ ਉਤਸ਼ਾਹਤ ਕੀਤਾ। ਉਨ੍ਹਾਂ ਦਾ ਉਦੇਸ਼ ਅਖਬਾਰ ਰਾਹੀਂ ਤੇ ਖੁਦ ਵੀ ਸਮਾਜ ਦੇ ਵੱਖ-ਵੱਖ ਵਰਗਾਂ ਦੀ ਭਲਾਈ ਲਈ ਕੰਮ ਕਰਨਾ ਰਿਹਾ। ਡਾ. ਸਾਧੂ ਸਿੰਘ ਹਮਦਰਦ ਜੀ ਨੇ ਬਹੁਤ ਮਿਹਨਤ ਕੀਤੀ ਅਤੇ ‘ਅਜੀਤ’ ਅਖਬਾਰ ਦੀ ਪ੍ਰਕਾਸ਼ਨਾ ਸ਼ੁਰੂ ਕੀਤੀ ਸੀ ਅਤੇ ਇਹ ਬਹੁਤ ਸਫਲ ਰਿਹਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਸ਼ਨਿਚਰਵਾਰ ਨੂੰ ਭਗਵਾਨ ਵਾਲਮੀਕਿ ਆਸ਼ਰਮ ਟਰੱਸਟ ਸ਼ਕਤੀ ਨਗਰ ’ਚ ਅਜੀਤ ਅਖਬਾਰ ਦੇ ਬਾਨੀ ਡਾ. ਸਾਧੂ ਸਿੰਘ ਹਮਦਰਦ ਹੁਰਾਂ ਦੀ ਯਾਦ ’ਚ ਹਰ ਸਾਲ ਦੀ ਤਰ੍ਹਾਂ ਲਾਏ ਗਏ ਖ਼ੂਨਦਾਨ ਤੇ ਡਾਕਟਰੀ ਜਾਂਚ ਕੈਂਪ ’ਚ ਸ਼ਿਰਕਤ ਕਰਨ ਦੌਰਾਨ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਅਦਾਰਾ ‘ਅਜੀਤ’ ਦੇ ਸੀਨੀਅਰ ਐਗਜ਼ੈਕਟਿਵ ਗੁਰਜੋਤ ਕੌਰ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਡਾ. ਸਾਧੂ ਸਿੰਘ ਹਮਦਰਦ ਹੁਰਾਂ ਦਾ ਮੁੱਖ ਉਦੇਸ਼ ਰਿਹਾ ਕਿ ਆਪਣੇ ਸਮਾਜ ਦੀ ਬਿਹਤਰੀ ਲਈ ਆਪੋ-ਆਪਣੇ ਢੰਗਾਂ ਰਾਹੀਂ ਕੰਮ ਕੀਤੇ ਜਾਣ। ਉਨ੍ਹਾਂ ਦੇ ਬਹੁਤ ਸਾਰੇ ਸਾਥੀ ਤੇ ਸਿਆਸਤਦਾਨ ਉਨ੍ਹਾਂ ਕੋਲੋਂ ਸਮਾਜ ਭਲਾਈ ਦੇ ਕੰਮਾਂ ਲਈ ਦਿਸ਼ਾ-ਨਿਰਦੇਸ਼ ਲੈਂਦੇ ਹੁੰਦੇ ਸਨ। ਡਾ. ਬਰਜਿੰਦਰ ਸਿੰਘ ਹਮਦਰਦ ਨੇ ਅੱਗੇ ਕਿਹਾ ਕਿ ਡਾ. ਹਮਦਰਦ ਜੀ ਦੇ ਸਵਰਗਵਾਸ ਤੋਂ ਬਾਅਦ ਅਸੀਂ ਸਾਰੇ ਸਾਥੀਆਂ ਨੇ ਮਿਲ ਕੇ ਹਮੇਸ਼ਾ ਯਤਨ ਕੀਤਾ ਹੈ ਕਿ ਉਨ੍ਹਾਂ ਦੇ ਮਾਰਗ-ਦਰਸ਼ਨ ਤਹਿਤ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਈਏ। ਇਸੇ ਲਈ ਪਿਛਲੇ ਲੰਮੇਂ ਸਮੇਂ ਤੋਂ ਉਨ੍ਹਾਂ ਦੇ ਨਕਸ਼ੇ-ਕਦਮ ’ਤੇ ਚੱਲਦੇ ਹੋਏ ਅਖਬਾਰ ਦੇ ਮਾਧਿਅਮ ਰਾਹੀਂ ਸਮਾਜ ਸੇਵਾ ਦੇ ਕੰਮ ਕਰਨ ਦੇ ਨਾਲ ਹੀ ਆਪਣੇ-ਆਪਣੇ ਸਮਾਜ ਤੇ ਭਾਈਚਾਰੇ ਦੀ ਭਲਾਈ ਵਾਸਤੇ ਕੰਮ ਕਰਨ ਲਈ ਯਤਨਸ਼ੀਲ ਲੋਕਾਂ ਤੇ ਸੰਸਥਾਵਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ। ਡਾ. ਬਰਜਿੰਦਰ ਸਿੰਘ ਹਮਦਰਦ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਭਗਵਾਨ ਵਾਲਮੀਕਿ ਆਸ਼ਰਮ ਟਰੱਸਟ ਨਾਲ ਪੁਰਾਣਾ ਨਾਤਾ ਹੈ ਅਤੇ ਉਹ ਅਕਸਰ ਹੀ ਇਸ ਆਸ਼ਰਮ ’ਚ ਆ ਕੇ ਭਗਵਾਨ ਵਾਲਮੀਕਿ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਰਹਿੰਦੇ ਹਨ।
ਟਰੱਸਟ ਵਲੋਂ ਕੀਤੇ ਜਾਂਦੇ ਧਾਰਮਿਕ, ਸਮਾਜਿਕ, ਕਲਾ ਤੇ ਸਭਿਆਚਾਰ ਨਾਲ ਸੰਬੰਧਤ ਪ੍ਰੋਗਰਾਮ ਹੋਣ, ਉਨ੍ਹਾਂ ’ਚ ਸ਼ਿਰਕਤ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਅਹਿਮ ਹੈ ਕਿ ਚੇਅਰਮੈਨ ਵਿਪਨ ਸਭਰਵਾਲ, ਅਸ਼ੋਕ ਭੀਲ ਤੇ ਉਨ੍ਹਾਂ ਦੇ ਸਾਥੀਆਂ ਨੇ ਸਵਰਗਵਾਸੀ ਹਮਦਰਦ ਜੀ ਦੀ ਨਿੱਘੀ ਯਾਦ ਵਿੱਚ ਖ਼ੂਨਦਾਨ ਤੇ ਵੱਖ-ਵੱਖ ਰੋਗਾਂ ਦੀ ਡਾਕਟਰੀ ਜਾਂਚ ਲਈ ਲੋੜਵੰਦ ਲੋਕਾਂ ਵਾਸਤੇ ਕੈਂਪ ਲਾਇਆ ਹੈ। ਬਹੁਤ ਸਾਰੇ ਲੋਕਾਂ ਨੇ ਸਮਾਜ ਭਲਾਈ ਦੇ ਇਸ ਕੰਮ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ ਹੈ। ਇਹ ਦੇਖ ਕੇ ਬਹੁਤ ਖੁਸ਼ੀ ਹੋਈ ਹੈ, ਜਿਸ ਲਈ ਉਹ ਵੱਡੇ ਹੋਣ ਦੇ ਨਾਤੇ ਵਿਪਨ ਸਭਰਵਾਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ੁਭਇੱਛਾਵਾਂ ਤੇ ਸਾਬਾਸ਼ ਦਿੰਦੇ ਹਨ। ਪ੍ਰਮਾਤਮਾ ਨੇ ਉਨ੍ਹਾਂ ਦੀ ਜਿਹੜੀ ਜ਼ਿੰਮੇਵਾਰੀ ਲਾਈ ਹੈ, ਉਹ ਸਾਰੇ ਮਿਲ ਕੇ ਬਹੁਤ ਵਧੀਆ ਢੰਗ ਨਾਲ ਨਿਭਾਅ ਰਹੇ ਹਨ। ਉਹ ਹਰ ਸਾਲ ਹੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ’ਤੇ ਸ਼ਕਤੀ ਨਗਰ ਆਸ਼ਰਮ ਤੋਂ ਵਿਸ਼ਾਲ ਯਾਤਰਾ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਧਾਰਮਿਕ ਅਸਥਾਨ ਰਾਮ ਤੀਰਥ ਸਥਿਤ ਭਗਵਾਨ ਵਾਲਮੀਕਿ ਜੀ ਦੇ ਆਸ਼ਰਮ ਵਿਖੇ ਲੈ ਕੇ ਜਾਂਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦਾ ਸਮਾਜ ਅੰਦਰ ਬਹੁਤ ਸਨਮਾਨ ਕੀਤਾ ਜਾਂਦਾ ਹੈ। ਡਾ. ਹਮਦਰਦ ਨੇ ਕਿਹਾ ਕਿ ਉਹ ਆਪਣੇ ਵਲੋਂ, ਆਪਣੇ ਸਾਥੀਆਂ ਤੇ ਦੋਵਾਂ ਧੀਆਂ ਸਰਵਿੰਦਰ ਕੌਰ ਤੇ ਗੁਰਜੋਤ ਕੌਰ ਵਲੋਂ ਭਰੋਸਾ ਦਿੰਦੇ ਹਾਂ ਕਿ ਸਮਾਜ ਦੀ ਭਲਾਈ ਲਈ ਹਰੇਕ ਕੰਮ ਵਿੱਚ ਵਿਪਨ ਸਭਰਵਾਲ ਤੇ ਉਨ੍ਹਾਂ ਦੀ ਟੀਮ ਦਾ ਸਹਿਯੋਗ ਕਰਦੇ ਰਹਾਂਗੇ।
ਡਾ. ਬਰਜਿੰਦਰ ਸਿੰਘ ਹਮਦਰਦ ਤੇ ਅਜੀਤ ਅਦਾਰੇ ਦਾ ਹਮੇਸ਼ਾ ਸਹਿਯੋਗ ਮਿਲਦੈ-ਵਿਪਨ ਸਭਰਵਾਲ
ਭਗਵਾਨ ਵਾਲਮੀਕਿ ਆਸ਼ਰਮ ਟਰੱਸਟ ਸ਼ਕਤੀ ਨਗਰ ਦੇ ਚੇਅਰਮੈਨ ਵਿਪਨ ਸਭਰਵਾਲ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਡਾ. ਬਰਜਿੰਦਰ ਸਿੰਘ ਹਮਦਰਦ ਜੀ, ਗੁਰਜੌਤ ਕੌਰ ਜੀ ਅਤੇ ਆਪਣੇ ਸਮੂਹ ਸਾਥੀਆਂ ਤੇ ਪਰਿਵਾਰਕ ਮੈਂਬਰਾਂ ਦੇ ਅਸ਼ੀਰਵਾਦ ਤੇ ਸਹਿਯੋਗ ਨਾਲ ਹਮੇਸ਼ਾ ਸਮਾਜ ਭਲਾਈ ਦੇ ਕਾਰਜ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਟਰੱਸਟ ਵਲੋਂ ਲੋਕ ਭਲਾਈ ਦੇ ਕੰਮਾਂ ਤਹਿਤ ਲੋੜਵੰਦ ਪਰਿਵਾਰਾਂ ਲਈ ਜਿੱਥੇ ਸਮੇਂ-ਸਮੇਂ ’ਤੇ ਖ਼ੂਨਦਾਨ ਤੇ ਡਾਕਟਰੀ ਜਾਂਚ ਕੈਂਪ ਲਾਏ ਜਾਂਦੇ ਹਨ, ਉਥੇ ਹੀ ਧੀਆਂ ਦੇ ਵਿਆਹ ਵੀ ਕੀਤੇ ਜਾਂਦੇ ਹਨ।ਵਿਪਨ ਸਭਰਵਾਲ ਨੇ ਕਿਹਾ ਕਿ ਅੱਜ ਦਾ ਇਹ ਕੈਂਪ ਸਵਰਗੀ ਡਾ. ਸਾਧੂ ਸਿੰਘ ਹਮਦਰਦ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਲਾਇਆ ਗਿਆ ਹੈ, ਜਿਸ ਵਿੱਚ ਨੌਜਵਾਨਾਂ ਵਲੋਂ ਆਕਸਫੋਰਡ ਹਸਪਤਾਲ ਦੇ ਸਹਿਯੋਗ ਨਾਲ ਖ਼ੂਨ ਕੀਤਾ ਗਿਆ ਹੈ। ਇਸੇ ਤਰ੍ਹਾਂ ਵੱਖ-ਵੱਖ ਰੋਗਾਂ ਦੀ ਜਾਂਚ ਲਈ ਡਾਕਟਰਾਂ ਵਲੋਂ ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ ਹੈ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ ਹਨ।
ਸਵਰਗੀ ਡਾ. ਸਾਧੂ ਸਿੰਘ ਹਮਦਰਦ ਦੀ ਯਾਦ ’ਚ ਲਾਏ ਕੈਂਪ ਦੌਰਾਨ 61 ਖ਼ੂਨਦਾਨੀਆਂ ਵਲੋਂ ਖ਼ੂਨ ਦਾਨ
ਵਾਲਮੀਕਿ ਵੈਲਫੇਅਰ ਟਰੱਸਟ ਸ਼ਕਤੀ ਨਗਰ ਵਲੋਂ ਸਵਰਗੀ ਡਾ. ਸਾਧੂ ਸਿੰਘ ਹਮਦਰਦ ਦੀ ਯਾਦ ’ਚ ਲਾਏ ਗਏ ਕੈਂਪ ਦੌਰਾਨ 61 ਖ਼ੂਨਦਾਨੀਆਂ ਵਲੋਂ ਦਾਨ ਕੀਤਾ ਗਿਆ ਜਦੋਂਕਿ ਵੱਖ-ਵੱਖ ਰੋਗਾਂ ਦੀ ਜਾਂਚ ਲਈ ਲਾਏ ਡਾਕਟਰੀ ਜਾਂਚ ਕੈਂਪ ਦਾ ਵੱਡੀ ਗਿਣਤੀ ਲੋਕਾਂ ਨੇ ਲਾਹਾ ਲਿਆ। ਕੈਂਪ ਦੌਰਾਨ ਪਦਮਸ਼੍ਰੀ ਡਾ. ਸਰਦਾਰ ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਅਜੀਤ ਗਰੁੱਪ ਤੇ ਸੀਨੀਅਰ ਐਗਜ਼ੈਕਟਿਵ ਗੁਰਜੋਤ ਕੌਰ ਮੁੱਖ ਮਹਿਮਾਨ ਵਜੋਂ ਪੁੱਜੇ, ਉਨ੍ਹਾਂ ਨਾਲ ਰਜਿੰਦਰ ਸਿੰਘ ਸ਼ੰਟੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨ ਪੱਤਰ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਕੈਂਪ ਦੌਰਾਨ ਸ੍ਰੀ ਰਾਮ ਹਸਪਤਾਲ ਤੇ ਦੋਆਬਾ ਹਸਪਤਾਲ ਦੇ ਡਾਕਟਰਾਂ ਵੱਲੋਂ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਟਰੱਸਟ ਦੇ ਚੇਅਰਮੈਨ ਵਿਪਨ ਸਭਰਵਾਲ ਨੇ ਡਾ. ਬਰਜਿੰਦਰ ਸਿੰਘ ਹਮਦਰਦ, ਗੁਰਜੋਤ ਕੌਰ ਤੇ ਰਜਿੰਦਰ ਸਿੰਘ ਸ਼ੰਟੂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਸਮਾਜ ਸੇਵਕਾਂ ਨੇ ਸਵਰਗੀ ਡਾ. ਸਾਧੂ ਸਿੰਘ ਹਮਦਰਦ ਅਤੇ ਸਵਰਗੀ ਰਾਮੂ ਸਭਰਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਵਿੱਚ ਬਾਬਾ ਮਹਾਨਾਥ, ਬਾਬਾ ਅਮਰਜੀਤ ਕਾਦਰੀ, ਸਚਿਨ ਅਸੁਰ ਰਾਵਣ, ਪਵਨ ਬਾਬਾ, ਬਿਸ਼ਨ ਦਾਸ ਸਹੋਤਾ, ਸ਼ਸ਼ੀ ਸ਼ਰਮਾ, ਜਤਿੰਦਰ ਨਿੱਕਾ, ਅਸ਼ੋਕ ਭੀਲ, ਰਾਜੀਵ ਗੋਰਾ, ਬੰਟੂ ਸਭਰਵਾਲ, ਸੁਭਾਸ਼ ਸੋੰਧੀ, ਪੁਰਸ਼ੋਤਮ ਸੋੰਧੀ, ਲੱਕੀ ਰਹੇਜਾ, ਰਘੁਵੀਰ ਲਾਲ, ਗੁਲਜ਼ਾਰ ਖੋਸਲਾ, ਸੰਤ ਰਾਮ, ਬੌਬੀ ਪ੍ਰਧਾਨ, ਮੰਨੀ ਗਿੱਲ, ਰਿੰਕੂ ਭੱਟੀ, ਆਨੰਦ ਬੈਂਸ, ਡਾ. ਅਸ਼ੋਕ ਸਿੱਧੂ, ਡਾ. ਗੁਰਮੇਜ਼ ਥਾਪਰ, ਕਾਲੀ ਥਾਪਰ, ਵਿੱਕੀ ਸਭਰਵਾਲ, ਅਜੂ ਸਭਰਵਾਲ, ਨਿਤਿਨ ਸਿੱਕਾ, ਰਾਜੂ ਸਿੱਕਾ, ਲਿੰਕੀ ਬੈਂਸ, ਰਾਹੁਲ ਮੱਟੂ, ਗਜੇਂਦਰ ਸਿੰਘ, ਬਰਿੰਦਰ ਨਾਹਰ, ਹੰਸ ਰਾਜ ਨਾਹਰ, ਕਾਲਾ ਪਹਿਲਵਾਨ, ਰਮੇਸ਼ ਕੁਮਾਰ, ਰਵੀ ਦਾਨਵ, ਹਰੀਸ਼ ਮਹਿਮਾ, ਰੋਹਿਤ, ਸਾਹਿਲ, ਮੰਨੀ ਸੋੰਧੀ, ਗੌਰਵ ਜੀ.ਕੇ., ਅਭੀ ਸਭਰਵਾਲ, ਪਿਊਸ਼ ਸਾਹਨੀ, ਸ਼ਿਵਮ ਨਾਹਰ, ਸੀਤਾ ਸਭਰਵਾਲ, ਨੀਨੂ ਸਭਰਵਾਲ, ਮੰਜੀਤ ਗਿੱਲ, ਏਕਤਾ ਨਾਹਰ, ਵੀਨੂ ਜੀ.ਕੇ., ਰਾਣੀ, ਸੰਧਿਆ, ਰਾਣੀ ਗਿੱਲ, ਸ਼ੋਭਾ ਕਲਿਆਣ, ਮੀਨਾਕਸ਼ੀ ਨਾਹਰ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਸਮਾਜ ਸੇਵਕ ਹਾਜ਼ਰ ਸਨ।

ਪਿਛਲੀ ਖ਼ਬਰ ਅਸ਼ੋਕ ਸਰੀਨ ਹਿੱਕੀ ਨੂੰ ਜਲੰਧਰ ਭਾਜਪਾ ਸ਼ਹਿਰੀ ਦੀ ‘ਕਮਾਨ’ ਪ੍ਰਧਾਨ ਬਣਨ ’ਤੇ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ, ਲੱਡੂ ਵੰਡੇ... ਅਗਲੀ ਖ਼ਬਰ ਭੂਰੀਵਾਲੇ ਟਿੱਬਾ ਨੰਗਲ ਕਾਲਜ ਤੇ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।