ਜਲੰਧਰ, 18 ਜੁਲਾਈ (ਜਤਿੰਦਰ ਪੰਮੀ)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਰਾਜਨ ਗੁਪਤਾ ਨੂੰ ਅਗਰਵਾਲ ਵੈੱਲਫੇਅਰ ਬੋਰਡ ਜਲੰਧਰ ਸੈਂਟਰਲ ਪੰਜਾਬ ਸਰਕਾਰ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਅਗਰਵਾਲ ਸਮਾਜ ਦੀਆਂ ਵੱਖ-ਵੱਖ ਸੰਸਥਾਵਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ਼੍ਰੀ ਰਾਜਨ ਗੁਪਤਾ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਭਰ ਵਿੱਚ ਅਗਰਵਾਲ ਸਮਾਜ ਦੀ ਭਲਾਈ ਅਤੇ ਵਿਕਾਸ ਲਈ ਹੋਰ ਪ੍ਰਭਾਵਸ਼ਾਲੀ ਕੰਮ ਹੋਣਗੇ। ਇੰਟਰਨੈਸ਼ਨਲ ਵੈਸ਼ ਫੈਡਰੇਸ਼ਨ ਦੋਆਬਾ ਜ਼ੋਨ ਦੇ ਪ੍ਰਧਾਨ ਸ਼ਾਂਤ ਗੁਪਤਾ ਨੇ ਵਧਾਈ ਦਿੰਦਿਆਂ ਕਿਹਾ ਕਿ ਰਾਜਨ ਗੁਪਤਾ ਲੰਮੇ ਸਮੇਂ ਤੋਂ ਅਗਰਵਾਲ ਸਮਾਜ ਦੀ ਸੇਵਾ ਤੇ ਸਮਾਜਿਕ ਭਲਾਈ ਲਈ ਨਿਰੰਤਰ ਕਾਰਜ ਕਰ ਰਹੇ ਹਨ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਨਵੀਂ ਜ਼ਿੰਮੇਵਾਰੀ ਨਾਲ ਉਹ ਸਮਾਜ ਦੀ ਹੋਰ ਵੀ ਵੱਧ ਤਨਦੇਹੀ ਨਾਲ ਸੇਵਾ ਕਰਨਗੇ। ਅਗਰਵਾਲ ਸਭਾ ਦੇ ਮਹੇਸ਼ ਗੁਪਤਾ ਨੇ ਵੀ ਰਾਜਨ ਗੁਪਤਾ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਉਨ੍ਹਾਂ ਦੇ ਸਫਲ ਕਾਰਜਕਾਲ ਦੀ ਕਾਮਨਾ ਕੀਤੀ। ਅਗਰਵਾਲ ਸਮਾਜ ਦੀਆਂ ਹੋਰ ਕਈ ਸੰਸਥਾਵਾਂ ਤੇ ਆਗੂਆਂ ਨੇ ਵੀ ਰਾਜਨ ਗੁਪਤਾ ਨੂੰ ਵਧਾਈ ਦਿੰਦਿਆਂ ਆਸ ਜ਼ਾਹਰ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਪੰਜਾਬ ਵਿੱਚ ਅਗਰਵਾਲ ਸਮਾਜ ਦੇ ਕਲਿਆਣ ਅਤੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ।