02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਦੇਸ਼ ਭਗਤ ਯਾਦਗਾਰ ਹਾਲ ਵਿਖੇ ਸ਼ਹੀਦ ਊਧਮ ਸਿੰਘ ਯਾਦਗਾਰੀ ਸਮਾਗਮ ਕਰਵਾਇਆ

ਅਜੀਤ ਡੈਸਕ 01-08-2026
ਜਲੰਧਰ, 31 ਜੁਲਾਈ (ਐੱਮ. ਐੱਸ. ਲੋਹੀਆ)- ਦੇਸ਼ ਭਗਤ ਯਾਦਗਾਰ ਕਮੇਟੀ ਨੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਮੁਲਕ ਦੇ ਤਾਜ਼ਾ ਹਾਲਾਤ ਅਤੇ ਸ਼ਮਸੁਲ ਇਸਲਾਮ ਦੀ ਪੁਸਤਕ ‘’ਭਾਰਤ-ਵੰਡ ਵਿਰੋਧੀ ਮੁਸਲਮਾਨ’’ ’ਤੇ ਵਿਚਾਰ ਚਰਚਾ ਕਰਵਾਈ। ਪੰਜਾਬੀ ’ਚ ਬੂਟਾ ਸਿੰਘ ਮਹਿਮੂਦਪੁਰ ਵਲੋਂ ਅਨੁਵਾਦਿਤ ਇਸ ਪੁਸਤਕ ਉਪਰ ਇਸ ਸਮਾਗਮ ਮੌਕੇ ਰੱਖੀ ਵਿਚਾਰ-ਚਰਚਾ ਦੇ ਮੁੱਖ ਵਕਤਾ ਵੀ ਬੂਟਾ ਸਿੰਘ ਮਹਿਮੂਦਪੁਰ ਸਨ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਮਹਾਨ ਸ਼ਹੀਦ ਊਧਮ ਸਿੰਘ ਦੇ ਸੰਗਰਾਮੀ ਜੀਵਨ ਸਫ਼ਰ ਤੋਂ ਪ੍ਰੇਰਨਾ ਲੈ ਕੇ, ਖ਼ਾਸ ਕਰਕੇ ਚੜ੍ਹਦੀ ਜੁਆਨੀ ਨੂੰ ਜ਼ਿੰਦੜੀਆਂ ਆਜ਼ਾਦੀ, ਜਮਹੂਰੀਅਤ, ਬਰਾਬਰੀ ਦੇ ਮਹਾਨ ਕਾਜ ਲਈ ਸਮਰਪਤ ਕਰਨ ਦੀ ਲੋੜ ਹੈ। ਵਿਚਾਰ-ਚਰਚਾ ਦੇ ਮੁੱਖ ਬੁਲਾਰੇ ਬੂਟਾ ਸਿੰਘ ਮਹਿਮੂਦਪੁਰ ਨੇ ਆਪਣੇ ਕੁੰਜੀਵਤ ਭਾਸ਼ਣ ‘ਚ ਕਿਹਾ ਕਿ, ‘’ਸ਼ਮਸੁਲ ਇਸਲਾਮ ਦੀ ਪੁਸਤਕ, ‘’ਭਾਰਤ-ਵੰਡ ਵਿਰੋਧੀ ਮੁਸਲਮਾਨ’’ ਅਤੀਤ ਦੀ ਬੁੱਕਲ ’ਚ ਛੁਪੀ ਪਈ ਜਾਂ ਇਉਂ ਕਹੀਏ ਕਿ ਛੁਪਾ ਦਿੱਤੀ ਸਾਡੀ ਸਾਂਝੀ, ਅਮੀਰ ਇਤਿਹਾਸਕ ਵਿਰਾਸਤ ਦਾ ਅਨਮੋਲ ਇਤਿਹਾਸਕ ਖ਼ਜਾਨਾ ਉਘਾੜਕੇ ਸਾਡੇ ਰੂ-ਬ-ਰੂ ਕਰਦੀ ਹੈ, ਜਿਸ ਉਪਰ ਇਕ ਨਹੀਂ ਸਗੋਂ ਸੰਵਾਦ-ਚਰਚਾਵਾਂ ਦੀ ਨਿਰੰਤਰ ਲੜੀ ਲੋੜੀਂਦੀ ਹੈ।’’ ਬੂਟਾ ਸਿੰਘ ਨੇ ਕਿਹਾ ਕਿ ਮੁਸਲਿਮ ਲੀਗ ਦੀ ਫ਼ਿਰਕੂ ਰਾਜਨੀਤੀ ਦੇ ਖ਼ਿਲਾਫ਼ ਇਕ ਸਾਂਝੇ ਭਾਰਤ ਲਈ ਸੰਘਰਸ਼ਸ਼ੀਲ ਮੁਸਲਮਾਨਾਂ ਦੀ ਅਗਵਾਈ ਕਰਨ ਤੋਂ ਇਲਾਵਾ ਅੱਲ੍ਹਾ ਬਖ਼ਸ਼ ਨੇ ਅੰਗਰੇਜ਼ਾਂ ਦੇ ਤਾਨਾਸ਼ਾਹ ਰਾਜ ਨੂੰ ਵੰਗਾਰਨ ਦਾ ਰਾਹ ਚੁਣਿਆ। ਪ੍ਰੋ. ਤੇਜਿੰਦਰ ਵਿਰਲੀ ਨੇ ਕਿਤਾਬ ਦੇ ਮਹੱਤਵਪੂਰਣ ਪੱਖਾਂ ਦੀ ਸਿਫ਼ਤ ਕਰਦਿਆਂ ਵਿਸ਼ੇਸ਼ ਨੁਕਤੇ ‘ਤੇ ਉਂਗਲ ਧਰੀ ਕਿ ਕਿਤਾਬ ਬਰਤਾਨਵੀ ਸਾਮਰਾਜ ਦੇ ਕੋਝੇ ਮਨਸ਼ਿਆਂ ਅਤੇ ਫ਼ਿਰਕੇਦਾਰਾਨਾ ਕੰਧਾਂ ਕੱਢਣ ਅਤੇ ਨਫ਼ਰਤ ਦੇ ਝੱਖੜ ਝੁਲਾਉਣ ਦੇ ਕੁਕਰਮਾਂ ਦਾ ਜ਼ਿਕਰ ਨਹੀਂ ਕਰਦੀ ਜੋ ਕਿ ਹੋਣਾ ਚਾਹੀਦਾ ਸੀ। ਵਿਚਾਰ-ਚਰਚਾ ਦੇ ਪ੍ਰਧਾਨਗੀ ਮੰਡਲ ਦੀ ਤਰਫ਼ੋਂ ਸੰਬੋਧਨ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਨੇ ਕਿਹਾ ਕਿ ਮੁਲਕ ਦੇ ਮੌਜੂਦਾ ਨਾਜ਼ੁਕ ਦੌਰ ਅੰਦਰ ਸ਼ਮਸੁਲ ਇਸਲਾਮ ਦੀ ਕਿਤਾਬ ਬੇਹੱਦ ਮੂਲਵਾਨ ਹੈ। ਉਨ੍ਹਾਂ ਕਿਹਾ ਕਿ ਅੱਜ ਜੰਤਰ ਮੰਤਰ ਅਤੇ ਮੁਲਕ ਦੇ ਅਲੱਗ-ਅਲੱਗ ਖੇਤਰਾਂ ਅੰਦਰ ਜਿਵੇਂ ਹਮਲੇ ਹੋ ਰਹੇ ਹਨ, ਅੱਜ ਦੀ ਵਿਚਾਰ-ਚਰਚਾ ਅਜੇਹੇ ਮੌਕੇ ਲੋਕ-ਪੱਖੀ, ਧਰਮ-ਨਿਰਪੱਖ ਤਾਕਤਾਂ ਨੂੰ ਸ਼ਕਤੀਸ਼ਾਲੀ ਹੋ ਕੇ ਮੈਦਾਨ ‘ਚ ਨਿੱਤਰਨ ਦਾ ਸੁਨੇਹਾ ਦਿੰਦੇ ਹਨ। ਅੱਜ ਦੇ ਸਮਾਗਮ ਦੇ ਮੰਚ ਸੰਚਾਲਕ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਸਾਡੇ ਮੁਲਕ ਅੰਦਰ ਸਮਾਂ ਬਹੁਤ ਨਾਜ਼ੁਕ ਹੈ, ਸ਼ਹੀਦ ਊਧਮ ਸਿੰਘ ਦੇ ਵਾਰਸਾਂ ਨੂੰ ਆਪਣੀ ਤਾਕਤ ਦਾ ਕਿਲਾ ਉਸਾਰਨ ਦੀ ਲੋੜ ਹੈ। ਜੇਕਰ ਅਵੇਸਲੇ ਰਹੇ ਅਤੇ ਲੋਕ ਪੱਖੀ ਮਜ਼ਬੂਤ ਤਾਕਤ ਨਾ ਉਸਾਰੀ ਤਾਂ ‘ਭਾਰਤ ਵੰਡ’ ਨਾਲੋਂ ਵੀ ਕਿਤੇ ਗੰਭੀਰ ਹਾਲਾਤ ਨਾਲ ਮੱਥਾ ਲੱਗੇਗਾ। ਇਸ ਮੌਕੇ ਸੁਰਿੰਦਰ ਕੁਮਾਰੀ ਕੋਛੜ, ਵਿਜੇ ਬਬੇਲੀ, ਹਰਮੇਸ਼ ਮਾਲੜੀ, ਗਿਆਨ ਸਿੰਘ ਸੈਦਪੁਰੀ, ਜਸਵਿੰਦਰ ਫਗਵਾੜਾ, ਤਲਵਿੰਦਰ ਹੀਰ (ਹੁਸ਼ਿਆਰਪੁਰ) ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਜਲੰਧਰ ਜਿਮਖਾਨਾ ਕਲੱਬ ਦੀ ਏ. ਜੀ. ਐਮ. ਅੱਜ-ਕੀਤਾ ਜਾ ਸਕਦੈ ਚੋਣਾਂ ਦਾ ਐਲਾਨ ਅਗਲੀ ਖ਼ਬਰ ਪੰਜਾਬ ਸਰਕਾਰ ਸਫਾਈ ਸੇਵਕਾਂ ਦੇ ਮਾਣ-ਸਨਮਾਨ ਤੇ ਹੱਕਾਂ ਦੀ ਰਾਖੀ ਲਈ ਵਚਨਬੱਧ-ਮੋਹਿੰਦਰ ਭਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।