ਗਲੀ ’ਚ ਮੋਟਰਸਾਈਕਲ ਖੜ੍ਹਾ ਕਰਨ ’ਤੇ ਡਲਿਵਰੀ ਬੁਆਏ ਤੇ ਘਰ ਦੇ ਮਾਲਕ ਵਿਚਾਲੇ ਹੋਏ ਝਗੜੇ ਦੌਰਾਨ ਚੱਲੀ ਗੋਲੀ
ਜਲੰਧਰ, 10 ਅਗਸਤ (ਜਤਿੰਦਰ ਪੰਮੀ)–ਬੀਤੀ ਦੇਰ ਰਾਤ ਥਾਣਾ ਡਵੀਜ਼ਨ ਨੰਬਰ-7 ਅਧੀਨ ਪੈਂਦੀ ਬੈਂਕ ਇਨਕਲੇਵ ਦੀ ਗਲੀ ਵਿੱਚ ਮੋਟਰਸਾਈਕਲ ਖੜ੍ਹਾ ਕਰਨ ਤੇ ਰਸਤਾ ਨਾ ਦੇਣ ਨੂੰ ਲੈ ਕੇ ਡਲਿਵਰੀ ਬੁਆਏ ਤੇ ਸਥਾਨਕ ਵਾਸੀ ਵਿਚਾਲੇ ਝਗੜਾ ਹੋ ਗਿਆ। ਝਗੜਾ ਏਨਾ ਵਧ ਗਿਆ ਕਿ ਕਾਰ ਸਵਾਰ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ।
ਬ
ਬੈਂਕ ਇਨਕਲੇਵ ’ਚ ਝਗੜੇ ਦੌਰਾਨ ਚੱਲੀ ਗੋਲੀ ਦੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ.-2 ਰਾਕੇਸ਼ ਯਾਦਵ। ਨਾਲ ਹਨ ਏ. ਸੀ. ਪੀ. ਮਨਮੋਹਨ ਸਿੰਘ ਤੇ ਥਾਣਾ ਮੁਖੀ ਰਵਿੰਦਰ ਕੁਮਾਰ। ਤਸਵੀਰ-ਮੁਨੀਸ਼।
11-08-2026
ਜਲੰਧਰ, 10 ਅਗਸਤ (ਜਤਿੰਦਰ ਪੰਮੀ)–ਬੀਤੀ ਦੇਰ ਰਾਤ ਥਾਣਾ ਡਵੀਜ਼ਨ ਨੰਬਰ-7 ਅਧੀਨ ਪੈਂਦੀ ਬੈਂਕ ਇਨਕਲੇਵ ਦੀ ਗਲੀ ਵਿੱਚ ਮੋਟਰਸਾਈਕਲ ਖੜ੍ਹਾ ਕਰਨ ਤੇ ਰਸਤਾ ਨਾ ਦੇਣ ਨੂੰ ਲੈ ਕੇ ਡਲਿਵਰੀ ਬੁਆਏ ਤੇ ਸਥਾਨਕ ਵਾਸੀ ਵਿਚਾਲੇ ਝਗੜਾ ਹੋ ਗਿਆ। ਝਗੜਾ ਏਨਾ ਵਧ ਗਿਆ ਕਿ ਕਾਰ ਸਵਾਰ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਰਿਵਾਲਵਰ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੋਵਾਂ ਧਿਰਾਂ ਨੂੰ ਸੋਮਵਾਰ ਸਵੇਰੇ ਥਾਣੇ ਬੁਲਾਇਆ ਅਤੇ ਇਸ ਮਾਮਲੇ ’ਚ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਕਰਾਸ ਪਰਚਾ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਕ੍ਰਿਸ਼ਨ ਕੁਮਾਰ ਪੁੱਤਰ ਅਸ਼ਨੀ ਕੁਮਾਰ ਵਾਸੀ ਪਿੰਡ ਹੁਸੈਨਪੁਰ ਥਾਣਾ ਲਾਂਬੜਾ ਐਤਵਾਰ ਰਾਤ ਨੂੰ ਬੈਂਕ ਇਨਕਲੇਵ ’ਚ ਸਾਮਾਨ ਦੀ ਡਲਿਵਰੀ ਦੇਣ ਲਈ ਗਿਆ ਤਾਂ ਉਸ ਨੇ ਗਲੀ ਵਿੱਚ ਮੋਟਰਸਾਈਕਲ ਖੜ੍ਹਾ ਕਰ ਦਿੱਤਾ ਅਤੇ ਗਾਹਕ ਦੀ ਉਡੀਕ ਕਰਨ ਲੱਗਾ। ਏਨੇ ਨੂੰ ਮੁਹੱਲਾ ਵਾਸੀ ਅਮਰਿੰਦਰ ਸਿੰਘ ਕਾਰ ਵਿੱਚ ਆਇਆ ਅਤੇ ਰਸਤਾ ਦੇਣ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ। ਇਸੇ ਦੌਰਾਨ ਕ੍ਰਿਸ਼ਨ ਕੁਮਾਰ ਦੇ ਹੋਰ ਸਾਥੀ ਵੀ ਉਥੇ ਆ ਗਏ, ਜਿਸ ਕਾਰਨ ਝਗੜਾ ਵਧ ਗਿਆ ਅਤੇ ਇਸੇ ਦੌਰਾਨ ਅਮਰਿੰਦਰ ਸਿੰਘ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੂੰ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਡਲਿਵਰੀ ਬੁਆਏ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਮੋਟਰਸਾਈਕਲ ਸਮੇਤ ਖੜ੍ਹਾ ਸੀ ਤਾਂ ਕਾਰ ਚਾਲਕ ਨੇ ਆ ਕੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸੇ ਦੌਰਾਨ ਉਸ ਦਾ ਸਾਥੀ ਜਸਪ੍ਰੀਤ ਵੀ ਮੌਕੇ ’ਤੇ ਆ ਗਿਆ ਪਰ ਕਾਰ ਚਾਲਕ ਮੋਟਰਸਾਈਕਲ ਦੀ ਚਾਬੀ ਲੈ ਕੇ ਉਥੋਂ ਚਲਾ ਗਿਆ। ਉਹ ਦੋਵੇਂ ਅਮਰਿੰਦਰ ਸਿੰਘ ਦੇ ਘਰ ਚਾਬੀ ਲੈਣ ਲਈ ਗਏ, ਜਿੱਥੇ ਉਸ ਨੇ ਉਨ੍ਹਾਂ ਨਾਲ ਹੱਥੋਪਾਈ ਕੀਤੀ। ਇਸ ਦੌਰਾਨ ਕ੍ਰਿਸ਼ਨ ਕੁਮਾਰ ਦੇ ਹੋਰ ਸਾਥੀ ਵੀ ਉਥੇ ਆ ਗਏ ਅਤੇ ਝਗੜਾ ਵਧ ਗਿਆ ਤਾਂ ਅਮਰਿੰਦਰ ਸਿੰਘ ਨੇ ਗੋਲੀ ਚਲਾ ਦਿੱਤੀ। ਕ੍ਰਿਸ਼ਨ ਕੁਮਾਰ ਨੇ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਝਗੜੇ ਦੌਰਾਨ ਉਸ ਨੇ ਤੇ ਸਾਥੀ ਜਸਪ੍ਰੀਤ ਨੂੰ ਸੱਟਾਂ ਵੀ ਲੱਗੀਆਂ। ਪੁਲਿਸ ਨੇ ਉਸ ਦੀ ਸ਼ਿਕਾਇਤ ’ਤੇ ਅਮਰਿੰਦਰ ਸਿੰਘ ਵਾਸੀ ਬੈਂਕ ਇਨਕਲੇਵ ਖ਼ਿਲਾਫ਼ ਬੀ. ਐੱਨ. ਐੱਸ. ਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਓਧਰ ਪੁਲਿਸ ਅਮਰਿੰਦਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਦੇ ਬਿਆਨ ’ਤੇ ਕਰਾਸ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ.-2 ਰਾਕੇਸ਼ ਯਾਦਵ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਏ. ਸੀ. ਪੀ. ਮਾਡਲ ਟਾਊਨ ਮਨਮੋਹਨ ਸਿੰਘ ਤੇ ਥਾਣਾ ਮੁਖੀ ਰਵਿੰਦਰ ਕੁਮਾਰ ਵੀ ਮੌਜੂਦ ਸਨ।