ਅੱਪਰਾ ਦੇ ਕਮਿਊਨਿਟੀ ਸਿਹਤ ਕੇਂਦਰ ਦੀ ਹੋਵੇਗੀ ਕਾਇਆਕਲਪ, ਆਧੁਨਿਕ ਸਹੂਲਤਾਂ ਨਾਲ ਲੈਸ 30 ਬਿਸਤਰਿਆਂ ਵਾਲਾ ਹਸਪਤਾਲ ਬਣੇਗਾ
ਜਲੰਧਰ, 8 ਅਕਤੂਬਰ (ਜਤਿੰਦਰ ਪੰਮੀ)-ਕਮਿਊਨਿਟੀ ਸਿਹਤ ਕੇਂਦਰ ਅੱਪਰਾ ਦੀ ਜਲਦ ਹੀ ਕਾਇਆਕਲਪ ਹੋਣ ਜਾ ਰਹੀ ਹੈ, ਜਿਸ ਨਾਲ ਇਲਾਕੇ ਦੇ ਵੱਡੀ ਗਿਣਤੀ ’ਚ ਲੋਕਾਂ ਨੂੰ ਸਿਹਤ ਸਹੂਲਤਾਂ ਨੇੜੇ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਸੀ.
ਜਲੰਧਰ, 8 ਅਕਤੂਬਰ (ਜਤਿੰਦਰ ਪੰਮੀ)-ਕਮਿਊਨਿਟੀ ਸਿਹਤ ਕੇਂਦਰ ਅੱਪਰਾ ਦੀ ਜਲਦ ਹੀ ਕਾਇਆਕਲਪ ਹੋਣ ਜਾ ਰਹੀ ਹੈ, ਜਿਸ ਨਾਲ ਇਲਾਕੇ ਦੇ ਵੱਡੀ ਗਿਣਤੀ ’ਚ ਲੋਕਾਂ ਨੂੰ ਸਿਹਤ ਸਹੂਲਤਾਂ ਨੇੜੇ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਸੀ. ਐੱਚ. ਸੀ. ਅੱਪਰਾ ਜੋ ਕਿ ਮੌਜੂਦਾ ਸਮੇਂ ਪਿੰਡ ਦੇ ਐੱਨ. ਆਰ. ਆਈ. ਵਲੋਂ ਦਾਨ ਦਿੱਤੀ ਗਈ ਥਾਂ ’ਚ ਚੱਲ ਰਹੀ ਹੈ, ਜਿੱਥੇ ਸਿਰਫ਼ 10 ਬਿਸਤਰਿਆਂ ਦੇ ਹਸਪਤਾਲ ਦੀ ਹੀ ਸਮਰੱਥਾ ਹੈ ਅਤੇ ਸਿਹਤ ਸਟਾਫ ਵੀ ਕਾਫੀ ਘੱਟ ਹੈ। ਇਸ ਇਮਾਰਤ ਦੀ ਥਾਂ ਹੁਣ ਪਿੰਡ ਦੀ ਪੰਚਾਇਤ ਵਲੋਂ ਪਿਛਲੇ ਸਾਲ 17 ਜਨਵਰੀ 2025 ਨੂੰ ਸਰਪੰਚ ਵਿਨੇ ਕੁਮਾਰ ਦੀ ਪ੍ਰਧਾਨਗੀ ਹੇਠ ਮਤਾ ਪਾਸ ਕਰਕੇ ਸੀ. ਐੱਚ. ਸੀ. ਲਈ ਮਨਜ਼ੂਰ ਕੀਤੀ ਗਈ 2 ਏਕੜ 15 ਮਰਲੇ ਜ਼ਮੀਨ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਕਮਿਊਨਿਟੀ ਸਿਹਤ ਕੇਂਦਰ ਦੀ ਇਮਾਰਤ ਉਸਾਰੀ ਜਾਵੇਗੀ, ਜਿਸ ਵਿੱਚ 30 ਬਿਸਤਰਿਆਂ ਦਾ ਹਸਪਤਾਲ ਬਣਾਇਆ ਜਾਵੇਗਾ। ਦੱਸਣਯੋਗ ਹੈ ਕਿ ਕਸਬਾ ਅੱਪਰਾ ਦੀ ਇਸ ਸੀ. ਐੱਚ. ਸੀ. ਨੂੰ ਕਰੀਬ 25 ਪਿੰਡ ਲੱਗਦੇ ਹਨ ਪਰ ਸਿਹਤ ਸਹੂਲਤਾਂ ਦੀ ਘਾਟ ਕਾਰਨ ਇਨ੍ਹਾਂ ਪਿੰਡਾਂ ਦੇ ਹਜ਼ਾਰਾਂ ਲੋਕਾਂ ਨੂੰ ਇਲਾਜ ਲਈ ਫਿਲੌਰ, ਫਗਵਾੜਾ, ਜਲੰਧਰ ਜਾਂ ਲੁਧਿਆਣੇ ਜਾਣਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰੀਵੱਸ ਮਹਿੰਗਾ ਇਲਾਜ ਕਰਵਾਉਣਾ ਪੈਂਦਾ ਹੈ। ਇਲਾਕੇ ਦੇ ਲੋਕਾਂ ਦੀ ਕਾਫੀ ਸਮੇਂ ਤੋਂ ਮੰਗ ਸੀ ਕਿ ਕਮਿਊਨਿਟੀ ਹੈਲਥ ਕੇਂਦਰ ਦੀ ਆਧੁਨਿਕ ਸਿਹਤ ਸਹੂਲਤਾਂ ਨਾਲ ਲੈਸ ਇਮਾਰਤ ਉਸਾਰੀ ਜਾਵੇ ਜੋ ਕਿ ਹੁਣ ਪੂਰੀ ਹੋ ਗਈ ਕਿਉਂਕਿ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਵਲੋਂ ਪੰਚਾਇਤ ਵਲੋਂ ਦਿੱਤੀ ਗਈ ਜ਼ਮੀਨ ’ਤੇ ਨਵੀਂ ਇਮਾਰਤ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੀ. ਐੱਚ. ਐੱਸ. ਸੀ. ਦੇ ਕਾਰਜਕਾਰੀ ਇੰਜੀਨੀਅਰ ਸੁਖਚੈਨ ਸਿੰਘ ਨੇ ਦੱਸਿਆ ਕਿ ਨਵੀਂ ਇਮਾਰਤ ਦਾ ਨਕਸ਼ਾ ਤੇ ਮਾਡਲ ਤਿਆਰ ਕਰਕੇ ਪਾਸ ਕਰਵਾਇਆ ਜਾ ਚੁੱਕਾ ਹੈ ਅਤੇ ਮੁੱਖ ਦਫ਼ਤਰ ਤੋਂ ਮਨਜ਼ੂਰੀ ਦਾ ਪੱਤਰ ਆਉਣ ਉਪਰੰਤ ਅਗਲੇ ਦਿਨਾਂ ਦੌਰਾਨ ਇਸ ਉਸਾਰੀ ਲਈ ਟੈਂਡਰ ਕੱਢ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟੈਂਡਰ ਲੱਗਣ ਉਪਰੰਤ ਇਕ ਸਾਲ ਦੇ ਅੰਦਰ-ਅੰਦਰ ਇਮਾਰਤ ਤਿਆਰ ਕਰਕੇ ਜ਼ਿਲ੍ਹਾ ਸਿਹਤ ਵਿਭਾਗ ਦੇ ਹਵਾਲੇ ਕਰ ਦਿੱਤੀ ਜਾਵੇਗੀ। ਇਸ ਸੰਬੰਧੀ ਸੰਪਰਕ ਕਰਨ ’ਤੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਮੌਜੂਦਾ ਸਮੇਂ ਸੀ. ਐੱਚ. ਸੀ. ਅੱਪਰਾ ਦੀ ਇਮਾਰਤ ਛੋਟੀ ਹੋਣ ਕਰਕੇ ਉਥੇ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਏ ਜਾ ਸਕਦੇ ਸਨ। ਪੰਚਾਇਤ ਵਲੋਂ ਪਿਛਲੇ ਸਾਲ ਜ਼ਮੀਨ ਦੇਣ ਨਾਲ ਹੁਣ ਨਵੀਂ ਇਮਾਰਤ ਬਣਾਉਣ ਲਈ ਰਾਹ ਪੱਧਰਾ ਹੋ ਗਿਆ ਹੈ। ਡਾ. ਗਰਗ ਨੇ ਦੱਸਿਆ ਕਿ ਮੌਜੂਦਾ ਸਮੇਂ ਸੀ. ਐੱਚ. ਸੀ. ਅੱਪਰਾ ਵਿੱਚ ਐੱਸ. ਐੱਮ. ਓ. ਸਮੇਤ ਤਿੰਨ ਡਾਕਟਰ ਅਤੇ ਹੋਰ ਸਿਹਤ ਮੁਲਾਜ਼ਮ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਨਵੀਂ ਇਮਾਰਤ ’ਚ ਸਿਹਤ ਸੇਵਾਵਾਂ ਸ਼ੁਰੂ ਹੋਣ ਨਾਲ ਡਾਕਟਰਾਂ ਅਤੇ ਹੋਰ ਮੁਲਾਜ਼ਮਾਂ ਦੀ ਤਾਇਨਾਤੀ ਕਰ ਦਿੱਤੀ ਜਾਵੇਗੀ ਤਾਂ ਇਲਾਕਾ ਵਾਸੀਆਂ ਸਮੇਂ ਸਿਰ ਤੇ ਆਸਾਨੀ ਨਾਲ ਸਿਹਤ ਸੇਵਾਵਾਂ ਮੁਹੱਈਆ ਹੋ ਸਕਣ।