ਜਲੰਧਰ, 29 ਅਕਤੂਬਰ (ਐੱਮ. ਐੱਸ. ਲੋਹੀਆ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਸੋਡਲ ਵਿਖੇ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਦੌਰਾਨ ਭਾਈ ਗੁਰਵਿੰਦਰ ਪਾਲ ਸਿੰਘ ‘ਲਿਟਲ’ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ ਅਤੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ‘ਪੰਜਾਬ ਦੇ ਰਫ਼ੀ’ ਰਛਪਾਲ ਸਿੰਘ ਪਾਲ ਨੇ ਆਪਣੀਆਂ ਰਚਨਾਵਾਂ ਦੁਆਰਾ ਸੰਗਤ ਨੂੰ ਗੁਰੂ ਚਰਨਾ ਨਾਲ ਜੋੜਿਆ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਸ਼ਬਦਾਂ ’ਚ ਗੁਰੂ ਰਾਮ ਦਾਸ ਜੀ ਦੀ ਉਸਤਤ ਦਾ ਗਾਇਨ ਕੀਤਾ। ਭਾਈ ਗੁਰਵਿੰਦਰ ਪਾਲ ਸਿੰਘ ‘ਲਿਟਲ’, ਅਰਿਵੰਦਰ ਸਿੰਘ ਰੇਰੂ, ਸੁਰਿੰਦਰ ਸਿੰਘ ਗੁਲਾਟੀ ਅਤੇ ਖੁਸ਼ਪਾਲ ਸਿੰਘ ਵਲੋਂ ਰਾਗੀ ਅਤੇ ਪ੍ਰਚਾਰਕਾਂ ਦਾ ਸਨਮਾਨ ਕੀਤਾ ਗਿਆ।