ਖ਼ਤਰਨਾਕ ਹਾਦਸੇ ਤੋਂ ਬਾਅਦ ਵੀ ਨਹੀਂ ਜਾਗੀ ਨਿਗਮ
ਰਾਤ ਨੂੰ ਸੜਕ ਬਣਾਉਣ ਵਾਲੀਆਂ ਗੱਡੀਆਂ ’ਤੇ ਨਹੀਂ ਲੱਗੇ ਰਿਫਲੈਕਟਰ, ਚਿਤਾਵਨੀ ਉਪਕਰਨ
ਜਲੰਧਰ, 4 ਨਵੰਬਰ (ਸ਼ਿਵ)- ਸ਼ਹਿਰ ’ਚ ਕੁਝ ਦਿਨ ਪਹਿਲਾਂ ਨਗਰ ਨਿਗਮ ਦੀ ਟਰੈਕਟਰ-ਟਰਾਲੀ ਨਾਲ ਟੱਕਰਾ ਕੇ ਦਰਦਨਾਕ ਹਾਦਸੇ ’ਚ ਦੋ ਨੌਜਵਾਨਾਂ ਦੀ ਜਾਨ ਚਲੀ ਗਈ ਸੀ। ਇਸ ਹਾਦਸੇ ਨੇ ਇੱਕ ਵਾਰ ਫਿਰ ਸ਼ਹਿਰ ’ਚ ਸਰਕਾਰੀ ਤੇ ਹੋਰ ਭਾਰੀ ਵਾਹਨਾਂ ਦੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਸਨ।
ਜਲੰਧਰ, 4 ਨਵੰਬਰ (ਸ਼ਿਵ)- ਸ਼ਹਿਰ ’ਚ ਕੁਝ ਦਿਨ ਪਹਿਲਾਂ ਨਗਰ ਨਿਗਮ ਦੀ ਟਰੈਕਟਰ-ਟਰਾਲੀ ਨਾਲ ਟੱਕਰਾ ਕੇ ਦਰਦਨਾਕ ਹਾਦਸੇ ’ਚ ਦੋ ਨੌਜਵਾਨਾਂ ਦੀ ਜਾਨ ਚਲੀ ਗਈ ਸੀ। ਇਸ ਹਾਦਸੇ ਨੇ ਇੱਕ ਵਾਰ ਫਿਰ ਸ਼ਹਿਰ ’ਚ ਸਰਕਾਰੀ ਤੇ ਹੋਰ ਭਾਰੀ ਵਾਹਨਾਂ ਦੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਸਨ। ਪਰ ਅਫਸੋਸ ਦੀ ਗੱਲ ਹੈ ਕਿ ਇੰਨੇ ਵੱਡੇ ਹਾਦਸੇ ਤੋਂ ਬਾਅਦ ਵੀ ਜਲੰਧਰ ਨਗਰ ਨਿਗਮ ਵਲੋਂ ਆਪਣੀਆਂ ਗੱਡੀਆਂ ‘ਤੇ ਰਿਫਲੈਕਟਰ ਤੇ ਹੋਰ ਜ਼ਰੂਰੀ ਚਿਤਾਵਨੀ ਉਪਕਰਨ ਲਗਾਉਣ ਦਾ ਕੰਮ ਅਜੇ ਤੱਕ ਪੂਰੀ ਤਰ੍ਹਾਂ ਸ਼ੁਰੂ ਹੁੰਦਾ ਨਜ਼ਰ ਨਹੀਂ ਆ ਰਿਹਾ। ਸ਼ਹਿਰ ’ਚ ਅਜੇ ਵੀ ਨਗਰ ਨਿਗਮ ਦੀਆਂ ਕਈ ਗੱਡੀਆਂ ਅੱਜ ਵੀ ਰਾਤ ਸਮੇਂ ਬਿਨ੍ਹਾਂ ਢੁੱਕਵੇਂ ਸੁਰੱਖਿਆ ਪ੍ਰਬੰਧਾਂ ਦੇ ਸੜਕਾਂ ‘ਤੇ ਕੰਮ ਕਰਦੀਆਂ ਦਿਖਾਈ ਦੇ ਰਹੀਆਂ ਹਨ, ਜਿਸ ਕਾਰਨ ਕਿਸੇ ਹੋਰ ਵੱਡੇ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ।ਇਸ ਦੀ ਤਾਜ਼ਾ ਮਿਸਾਲ ਰਾਤ ਸਮੇਂ ਮਾਡਲ ਟਾਊਨ ਦੇ ਇਲਾਕੇ ਵਿਚ ਦੇਖਣ ਨੂੰ ਮਿਲੀ, ਜਿੱਥੇ ਨਗਰ ਨਿਗਮ ਵਲੋਂ ਸੜਕ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਦੌਰਾਨ ਕੰਮ ਵਿੱਚ ਲੱਗੀਆਂ ਕਈ ਗੱਡੀਆਂ ਦੇ ਪਿਛਲੇ ਪਾਸੇ ਨਾ ਤਾਂ ਰਿਫਲੈਕਟਰ ਲੱਗੇ ਹੋਏ ਸਨ ਅਤੇ ਨਾ ਹੀ ਕੋਈ ਚੇਤਾਵਨੀ ਲਾਈਟ ਜਾਂ ਹੋਰ ਸੁਰੱਖਿਆ ਉਪਕਰਨ ਦਿਖਾਈ ਦਿੱਤੇ। ਇਸ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸੀ। ਰਾਤ ਦੇ ਹਨੇਰੇ ’ਚ ਇਸ ਤਰ੍ਹਾਂ ਬਿਨਾਂ ਕਿਸੇ ਚਿਤਾਵਨੀ ਪ੍ਰਬੰਧ ਦੇ ਖੜ੍ਹੀਆਂ ਜਾਂ ਚੱਲ ਰਹੀਆਂ ਗੱਡੀਆਂ ਪਿੱਛੋਂ ਆਉਣ ਵਾਲੇ ਵਾਹਨ ਚਾਲਕਾਂ ਲਈ ਵੱਡਾ ਖ਼ਤਰਾ ਬਣ ਸਕਦੀਆਂ ਸਨ। ਸਥਾਨਕ ਲੋਕਾਂ ਨੇ ਇਸ ਸਥਿਤੀ ‘ਤੇ ਕਾਫੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਦੋ ਨੌਜਵਾਨਾਂ ਦੀ ਮੌਤ ਵਰਗਾ ਗੰਭੀਰ ਹਾਦਸਾ ਵਾਪਰ ਚੁੱਕਾ ਹੈ ਤਾਂ ਨਗਰ ਨਿਗਮ ਨੂੰ ਤੁਰੰਤ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨੇ ਚਾਹੀਦੇ ਸਨ। ਪਰ ਅਜੇ ਵੀ ਕਈ ਸਰਕਾਰੀ ਗੱਡੀਆਂ ਦੇ ਪਿੱਛੇ ਰਿਫਲੈਕਟਰ ਅਤੇ ਚਿਤਾਵਨੀ ਉਪਕਰਨ ਨਜ਼ਰ ਨਹੀਂ ਆ ਰਹੇ। ਜ਼ਿਕਰਯੋਗ ਹੈ ਕਿ ਮੇਅਰ ਵਨੀਤ ਹੀਰ ਵਲੋਂ ਵੀ ਕਿਹਾ ਗਿਆ ਸੀ ਕਿ ਨਗਰ ਨਿਗਮ ਦੀਆਂ ਗੱਡੀਆਂ ‘ਤੇ ਬਕਾਇਦਾ ਸੁਰੱਖਿਆ ਉਪਕਰਨ ਲਗਾਏ ਜਾਣਗੇ, ਤਾਂ ਜੋ ਭਵਿੱਖ ’ਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਸ਼ਹਿਰ ਵਿਚ ਕਈ ਟਿੱਪਰਾਂ ਤੇ ਹੋਰ ਭਾਰੀ ਵਾਹਨਾਂ ਦੇ ਪਿਛਲੇ ਪਾਸੇ ਵੀ ਰਿਫਲੈਕਟਰ ਜਾਂ ਚਿਤਾਵਨੀ ਉਪਕਰਨ ਨਹੀਂ ਲੱਗੇ ਹੁੰਦੇ। ਅਜਿਹੇ ਹਾਲਾਤਾਂ ਵਿਚ ਪਿੱਛੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਹਨੇਰੇ ਵਿਚ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਅੱਗੇ ਕਿਹੜਾ ਵਾਹਨ ਚੱਲ ਰਿਹਾ ਹੈ ਜਾਂ ਸੜਕ ‘ਤੇ ਖੜ੍ਹਾ ਹੈ। ਇਸ ਕਾਰਨ ਟੱਕਰ ਹੋਣ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ। ਸ਼ਹਿਰ ’ਚ ਪਹਿਲਾਂ ਵੀ ਟਿੱਪਰਾਂ ਤੇ ਹੋਰ ਭਾਰੀ ਵਾਹਨਾਂ ਨਾਲ ਕਈ ਹਾਦਸੇ ਵਾਪਰ ਚੁੱਕੇ ਹਨ। ਲੋਕਾਂ ਦਾ ਕਹਿਣਾ ਸੀ ਕਿ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਆਪਣੀਆਂ ਸਾਰੀਆਂ ਟਰੈਕਟਰ-ਟਰਾਲੀਆਂ, ਟਿੱਪਰਾਂ ਅਤੇ ਹੋਰ ਵਾਹਨਾਂ ‘ਤੇ ਤੁਰੰਤ ਰਿਫਲੈਕਟਰ, ਰੈੱਡ ਲਾਈਟਾਂ ਅਤੇ ਲੋੜੀਂਦੇ ਚਿਤਾਵਨੀ ਉਪਕਰਨ ਲਗਵਾਏ ਜਾਣ। ਇਸ ਦੇ ਨਾਲ ਹੀ ਰਾਤ ਸਮੇਂ ਸੜਕਾਂ ’ਤੇ ਕੰਮ ਕਰਨ ਵਾਲੀਆਂ ਗੱਡੀਆਂ ਦੇ ਪਿੱਛੇ ਸੁਰੱਖਿਆ ਬੈਰੀਕੇਡ ਤੇ ਚਿਤਾਵਨੀ ਬੋਰਡ ਲਗਾਉਣੇ ਵੀ ਯਕੀਨੀ ਬਣਾਏ ਜਾਣ।