ਜਲੰਧਰ, 5 ਨਵੰਬਰ (ਐੱਮ. ਐੱਸ. ਲੋਹੀਆ)-ਗੁਰਦੁਆਰਾ ਡੇਰਾ ਸੰਤਗੜ੍ਹ, ਕਪੂਰਥਲਾ ਰੋਡ, ਜਲੰਧਰ ਵਿਖੇ ਬੰਦੀ ਛੋੜ ਦਿਵਸ (ਦੀਵਾਲੀ) ਦੇ ਦਿਹਾੜੇ ਮੌਕੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਡੇਰਾ ਮੁਖੀ ਬਾਬਾ ਭਗਵਾਨ ਸਿੰਘ ਹਰਖੋਵਾਲੀਏ ਨੇ ਜਾਣਕਾਰੀ ਦਿੱਤੀ ਕਿ 8 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਚੁਪਹਿਰਾ ਸਾਹਿਬ ਦੇ ਸਮਾਗਮ ਹੋਣਗੇ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਗੁਰਮਤਿ ਸਮਾਗਮ ਸ਼ਾਮ 6.30 ਵਜੇ ਤੋਂ ਰਾਤ 9.30 ਵਜੇ ਤੱਕ ਚੱਲਣਗੇ, ਜਿਸ ਦੌਰਾਨ ਭਾਈ ਮਲਕੀਤ ਸਿੰਘ (ਖ਼ਾਨਪੁਰ ਥਿਆੜੇ ਵਾਲੇ) ਅਤੇ ਭਾਈ ਰਵਿੰਦਰ ਸਿੰਘ (ਹਜ਼ੂਰੀ ਰਾਗੀ, ਸੰਤਗੜ੍ਹ ਜਲੰਧਰ) ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕਰਨਗੇ। ਬਾਬਾ ਭਗਵਾਨ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਇਸਤਰੀ ਸਤਿਸੰਗ ਸਭਾ ਸੰਤਗੜ੍ਹ, ਜਲੰਧਰ ਅਤੇ ਸੰਤ ਬਾਬਾ ਜਵਾਲਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ, ਸੰਤਗੜ੍ਹ ਜਲੰਧਰ ਦੇ ਵਿਦਿਆਰਥੀ ਕੀਰਤਨ ਦੀ ਹਾਜ਼ਰੀ ਭਰਨਗੇ। ਪ੍ਰਬੰਧਕਾਂ ਨੇ ਸੰਗਤ ਨੂੰ ਸਮਾਗਮਾਂ ਦੌਰਾਨ ਪਰਿਵਾਰਾਂ ਸਹਿਤ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਹੈ।