02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *

ਅਜੀਤ ਡੈਸਕ 25-01-2026

ਕੁਲਜੀਤ ਕੌਰ ਮੰਡ ਤਰਨਤਾਰਨ ਸਾਹਿਬ ਤੋਂ ਹੈ ਤੇ ਬਤੌਰ ਅਧਿਆਪਕਾ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ। ਉਸ ਦੀ ਜ਼ਿੰਦਗੀ ਵਿਚ ਤੂਫ਼ਾਨ ਵੀ ਆਏ ਹਨ ਤੇ ਜ਼ਲਜ਼ਲੇ ਵੀ, ਪਰ ਮੁਸ਼ਕਿਲ ਘੜੀਆਂ ਵਿਚ ਵੀ ਉਸ ਨੇ ਆਪਣੇ ਆਪ ਨੂੰ ਸਾਬਤ-ਸਬੂਤੀ ਰੱਖਿਆ ਹੈ। ਭਾਵੇਂ ਗ਼ਜ਼ਲ ਸਿਰਜਣਾ ਵਿਚ ਉਸ ਦਾ ਪ੍ਰਵੇਸ਼ ਬਹੁਤਾ ਪੁਰਾਣਾ ਨਹੀਂ ਹੈ ਪਰ ਉਹ ਜਿਵੇਂ ਗ਼ਜ਼ਲ ਕਹਿੰਦੀ ਹੈ ਉਸ 'ਚੋਂ ਉਸ ਦੀ ਕਲਮ ਦਾ ਉੱਜਲ ਭਵਿੱਖ ਦੇਖਿਆ ਜਾ ਸਕਦਾ ਹੈ। ਮੰਡ ਆਪਣੇ ਦਿਲ ਦੀ ਵੇਦਨਾ ਦੇ ਨਾਲ ਨਾਲ ਅਵਾਮ ਦੀਆਂ ਸਮੱਸਿਆਵਾਂ ਨੂੰ ਵੀ ਆਪਣੀ ਗ਼ਜ਼ਲ ਦੇ ਵਿਸ਼ੇ ਬਣਾਉਂਦੀ ਹੈ। ਬਿਨਾਂ ਕੋਈ ਧਿਰ ਬਣਿਆਂ ਖ਼ਾਮੋਸ਼ੀ ਨਾਲ ਲਿਖਦੇ ਰਹਿਣਾ ਉਸ ਦੀਆਂ ਆਦਤਾਂ ਵਿਚ ਸ਼ੁਮਾਰ ਹੈ। ਉਸ ਦਾ ਬਹੁਤਾ ਵਾਹ-ਵਾਸਤਾ ਬੱਚਿਆਂ ਨਾਲ ਪੈਂਦਾ ਹੈ ਤੇ ਉਹ ਬੱਚਿਆਂ ਦੇ ਚਿਹਰਿਆਂ ਤੋਂ ਉਨ੍ਹਾਂ ਦਾ ਪਿਛੋਕੜ ਤੇ ਮਜਬੂਰੀਆਂ ਜਾਣ ਲੈਂਦੀ ਹੈ। ਸਾਥੀ ਦਾ ਸਾਥ ਛੱਡ ਜਾਣਾ ਇਕ ਔਰਤ ਲਈ ਲਈ ਅਸਹਿ ਹੁੰਦਾ ਹੈ ਪਰ ਉਸ ਨੇ ਢੇਰੀ ਢਾਹੁਣ ਦੀ ਥਾਂ ਗ਼ਜ਼ਲ ਨੂੰ ਆਪਣਾ ਸਹਾਰਾ ਬਣਾ ਰੱਖਿਆ ਹੈ। ਉਸ ਦਾ ਇਕ ਗ਼ਜ਼ਲ ਸੰਗ੍ਰਹਿ ਤਿਆਰੀ ਅਧੀਨ ਹੈ। ਪੇਸ਼ ਹਨ ਕੁਲਜੀਤ ਕੌਰ ਮੰਡ ਦੀਆਂ ਦੋ ਗ਼ਜ਼ਲਾਂ ਪੇਸ਼ ਹਨ-

ਮੋਬਾਈਲ : 99884-44002

 

 

   

ਬੜੀ ਕੋਸ਼ਿਸ਼ ਕਰੀ ਹੈ ਪਰ, ਬਗ਼ਾਵਤ ਕਿਉਂ ਨਹੀ ਹੁੰਦੀ?
ਮੇਰੇ ਤੋਂ ਆਪਣੇ ਹੱਕ ਦੀ, ਹਿਫ਼ਾਜ਼ਤ ਕਿਉ ਨਹੀਂ ਹੁੰਦੀ?

ਕਦੇ ਧੁੱਪ ਠਾਰ ਦਿੰਦੀ ਹੈ, ਕਦੇ ਛਾਂ ਸਾੜ ਦਿੰਦੀ ਹੈ,
ਮੇਰੇ ਪਿੰਡੇ ਨੂੰ ਮੌਸਮ ਦੀ, ਸ਼ਨਾਖ਼ਤ ਕਿਉਂ ਨਹੀ ਹੁੰਦੀ?

ਮੇਰੀ ਆਵਾਜ਼ 'ਤੇ ਪਹਿਰੇ, ਮੇਰੀ ਪਰਵਾਜ਼ 'ਤੇ ਪਹਿਰੇ,
ਮੇਰੇ ਚਾਵਾਂ ਨੂੰ ਮੌਲਣ ਦੀ, ਇਜਾਜ਼ਤ ਕਿਉਂ ਨਹੀਂ ਹੁੰਦੀ?

ਕਲਾਵੇ ਭਰ ਲਵਾਂ ਧਰਤੀ, ਗਲੇ ਲਾਵਾਂ ਮੈਂ ਅੰਬਰ ਨੂੰ,
ਮੇਰੇ ਇਸ ਖ਼ਾਬ ਦੀ ਐਪਰ, ਵਕਾਲਤ ਕਿਉਂ ਨਹੀ ਹੁੰਦੀ?

ਮੇਰੇ ਬਾਲਾਂ ਦੇ ਸੁਪਨੇ ਫਿਰ, ਇਹ ਹਾਕਮ ਵੇਚ ਆਇਆ ਹੈ,
ਕਦੇ ਵੀ ਬੰਦ ਖ਼ਾਬਾਂ ਦੀ, ਤਜਾਰਤ ਕਿਉਂ ਨਹੀਂ ਹੁੰਦੀ?

ਚਲੋ ਮੰਨਿਆ ਮੁਹੱਬਤ ਵਿਚ, ਨਫ਼ਾ ਨੁਕਸਾਨ ਹੁੰਦਾ ਪਰ,
ਨਫ਼ੇ ਨੁਕਸਾਨ ਤੋਂ ਉੱਪਰ, ਮੁਹੱਬਤ ਕਿਉਂ ਨਹੀਂ ਹੁੰਦੀ?

 

*
ਤੂੰ ਮੁੜ ਕੇ ਫੇਰ ਆਵੇਂਗਾ ਅਜੇ ਤਕ ਆਸ ਬਾਕੀ ਹੈ।
ਚਮਨ ਦਿਲ ਦਾ ਖਿੜੇਗਾ ਫਿਰ ਮੇਰਾ ਧਰਵਾਸ ਬਾਕੀ ਹੈ।

ਮੇਰੇ ਖ਼ਾਬਾਂ ਤੇ ਰੀਝਾਂ ਨੂੰ, ਤੇਰੀ ਹੀ ਜੁਸਤਜੂ ਰਹਿੰਦੀ,
ਮੁਹੱਬਤ, ਰੌਸ਼ਨੀ, ਖ਼ੁਸ਼ਬੂ ਤੇਰਾ ਅਹਿਸਾਸ ਬਾਕੀ ਹੈ।

ਜੁਆਕਾਂ ਵਾਂਗ ਮੇਲੇ ਵਿਚ, ਜਿਵੇਂ ਮੈਂ ਗੁੰਮ ਗਈ ਹੋਵਾਂ,
ਵਿਛੋੜਾ ਦੇ ਗਿਆ ਰੂਹ ਨੂੰ, ਅਜੇ ਵੀ ਲਾਸ ਬਾਕੀ ਹੈ।

ਕਿਤੇ ਹੰਝੂ, ਕਿਤੇ ਹੌਕੇ, ਕਿਤੇ ਤੜਪਣ, ਕਿਤੇ ਭਟਕਣ,
ਤੂੰ ਆਵੇਂਗਾ ਵਿਖਾਵਾਂਗੀ, ਗ਼ਮਾਂ ਦੀ ਰਾਸ ਬਾਕੀ ਹੈ।

ਤੂੰ ਆਵੀਂ ਚੰਨ ਬਣਕੇ ਜਾਂ, ਕੋਈ ਤਾਰਾ ਬਣੀਂ ਮਹਿਰਮ,
ਮੇਰੇ ਘਰ ਵਿਚ ਹਨੇਰੇ ਦਾ, ਅਜੇ ਕੁਝ ਵਾਸ ਬਾਕੀ ਹੈ।

ਮੇਰੇ ਕਲਬੂਤ ਵਿਚੋਂ ਮੈਂ ਨਹੀਂ ਮਿਲਣਾ ਪਤੈ ਮੈਨੂੰ,
ਮੇਰੀ ਇਸ ਤੜਪਦੀ ਰੂਹ ਦਾ, ਅਜੇ ਪਰਵਾਸ ਬਾਕੀ ਹੈ।

ਪਿਛਲੀ ਖ਼ਬਰ ਕੰਨ ਮੈਲੀਆ ਅਗਲੀ ਖ਼ਬਰ ਭੁਲੱਕੜਨਾਮਾ ਚਿਮਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।