08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਹੇਰਵਾ

ਅਜੀਤ ਡੈਸਕ 15-02-2026

ਪਹੁ-ਫੁਟਾਲਾ ਹੋਣ ਤੋਂ ਪਹਿਲਾਂ ਉੱਠਣਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਕੇ ਦਿਨ ਦੇ ਕੰਮਾਂਕਾਰਾਂ ਨੂੰ ਹੱਥ ਪਾਉਣਾ ਜੰਗੀਰੋ ਦੀ ਰੋਜ਼ਮਰਾ ਦੀ ਜ਼ਿੰਦਗੀ ਦਾ ਰੁਝਾਨ ਸੀ। ਆਪਣੇ ਨਿੱਜੀ ਕੰਮਾਂ ਤੋਂ ਵਿਹਲੀ ਹੋ ਕੇ ਉਹ ਝਬਦੇ ਹੀ ਘਰ ਦੇ ਕੰਮਾਂ ਵਿਚ ਜੁਟ ਜਾਂਦੀ। ਉਸ ਦਿਨ ਵੀ ਆਪਣੇ ਕਰਨ ਗੋਚਰੇ ਘਰ ਦੇ ਸਾਰੇ ਕੰਮ ਨਿਪਟਾ ਕੇ ਉਹ ਮੂੰਹ ਝਾਖਰੇ ਦੇ ਘਰੋਂ ਤੁਰੇ ਹਾਲੀਆਂ ਦਾ ਹਾਜ਼ਰੀ ਵੇਲਾ ਲੈ ਕੇ ਖੇਤ ਨੂੰ ਜਾਣ ਦੀ ਤਿਆਰੀ ਕਰ ਰਹੀ ਸੀ। ਧੋਤੇ ਸੰਵਾਰੇ ਚਿੱਟੇ ਖੱਦਰ ਦੇ ਪੋਣੇ ਵਿਚ ਹੱਥ ਲਾਵੀਆਂ ਵੇਸਣੀਆਂ ਰੋਟੀਆਂ ਬੰਨ੍ਹ ਕੇ, ਦਹੀਂ ਵਾਲੀ ਗੜਵੀ, ਭੂਕਾਂ ਵਾਲੇ ਹਰੇ ਗੰਢੇ ਤੇ ਅੰਬ ਦਾ ਅਚਾਰ ਇਕ ਵੱਖਰੇ ਮਿੱਟੀ ਦੇ ਕੌਲੇ ਵਿਚ ਰੱਖ ਕੇ ਉਸ ਨੇ ਸਾਰਾ ਸਾਮਾਨ ਇਕ ਛੋਟੀ ਜਿਹੀ ਟੋਕਰੀ ਵਿਚ ਪਾ ਲਿਆ। ਟੋਕਰੀ ਦੇ ਹੇਠਾਂ ਈਨੂੰ ਰੱਖ ਕੇ ਲੱਸੀ ਵਾਲਾ ਚਟੂਰਾ ਸਿਰ ਤੇ ਟਿਕਾ ਕੇ ਸੱਤ ਕੁ ਵੱਜਦਿਆਂ ਨੂੰ ਉਹ ਘਰੋਂ ਤੁਰ ਪਈ। ਜਦੋਂ ਦੀ ਉਹ ਪੇਕੀਂ ਆਈ ਸੀ ਸਾਰਾ ਦਿਨ ਟੁੱਟ-ਟੁੱਟ ਮਰਦੀ, ਵਿਤੋਂ ਵਾਹਰਾ ਕੰਮ ਕਰਦੀ, ਇਸ ਡਰੋਂ ਕਿ ਕਿਤੇ ਭਰਜਾਈਆਂ ਨੂੰ ਉਸ ਦੀ ਤਿੰਨ ਵੇਲਿਆਂ ਦੀ ਰੁੱਖੀ-ਮਿਸੀ ਰੋਟੀ ਨਾ ਚੁਭਣ ਲੱਗ ਜਾਵੇ। ਰਾਹ ਤੁਰੀ ਜਾਂਦੀ ਉਹ ਸੋਚਦੀ ਜਾ ਰਹੀ ਸੀ, 'ਅੱਛਾ ਮਾਲਕਾ! ਤੇਰੇ ਰੰਗ ਬੜੇ ਨਿਆਰੇ ਨੇ ਦਾਤਿਆ! ਜਿਵੇਂ ਤੂੰ ਰੱਖੇਂ, ਤੇਰੀ ਰਜ਼ਾ ਵਿਚ ਉਵੇਂ ਹੀ ਰਹਿਣਾ ਪੈਂਦੈ ਬੰਦੇ ਨੂੰ, ਕਿਹੜਾ ਕਿਸੇ ਦੇ ਵੱਸ ਦੀ ਗੱਲ ਏ ! ਆਪਣਾ ਭਰਿਆ-ਭਕੁੰਨਿਆ ਘਰ ਛੱਡ ਕੇ, ਘਰ ਦੀ ਬਾਦਸ਼ਾਹੀ ਤਿਆਗ ਕੇ, ਮੈਨੂੰ ਆਹ ਦਿਨ ਵੀ ਵੇਖਣੇ ਪੈਣੇ ਸੀ!' ਇਕ ਠੰਢਾ ਹਾਉਕਾ ਨਿਕਲ ਕੇ ਪੁਰੇ ਦੀ ਵਗਦੀ ਹਵਾ ਵਿਚ ਜਾ ਰਲਿਆ। ਅਜੇ ਤਾਂ ਪਤਾ ਨਹੀਂ ਕਿੰਨਾ ਕੁ ਚਿਰ ਉਸ ਦੇ ਮਨ ਨੇ ਘਾੜੀਂ ਪਿਆ ਰਹਿਣਾ ਸੀ ਕਿ ਦੂਰੋਂ ਤੁਰੇ ਆਉਂਦੇ ਦੋ ਮਨੁੱਖੀ ਆਕਾਰਾਂ ਨੇ ਉਸ ਦੀ ਸੋਚ ਲੜੀ ਤੋੜ ਦਿੱਤੀ। ਉਸ ਦੀ ਨਜ਼ਰ ਪਹੀ, ਪਹੀ ਤੁਰੀਆਂ ਆਉਂਦੀਆਂ ਦੋ ਔਰਤਾਂ 'ਤੇ ਜਾ ਪਈ।
ਨੇੜੇ ਆਉਣ 'ਤੇ ਉਨ੍ਹਾਂ ਦੋਵੇਂ ਜਣੀਆਂ ਨੂੰ ਉਸ ਨੇ ਚੰਗੀ ਤਰ੍ਹਾਂ ਪਛਾਣ ਲਿਆ ਸੀ। ਸ਼ਾਇਦ ਉਹ ਪਿੰਡੋਂ ਬਾਹਰ ਵਾਰ ਪੈਂਦੇ ਗੁਰੂ ਘਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੀਆਂ ਸਨ। ਇਕ ਬਜ਼ੁਰਗ ਔਰਤ ਸੀ ਤੇ ਦੂਜੀ ਵੀਹ ਕੁ ਸਾਲਾਂ ਦੀ ਇਕ ਸਜ ਵਿਆਹੀ ਮੁਟਿਆਰ ਸੀ, ਜਿਸ ਨੇ ਲਾਲ ਸੂਹਾ ਕਢਾਈਦਾਰ ਸੂਟ ਪਾਇਆ ਹੋਇਆ ਸੀ। ਗੋਰੀਆਂ ਗੁਲਾਬੀ ਬਾਹਾਂ ਵਿਚ ਰੱਤਾ ਚੂੜਾ, ਰੱਜ ਕੇ ਸੋਹਣੀ ਉਹ ਅੱਲੜ੍ਹ ਜਿਹੀ ਮੁਟਿਆਰ, ਪਰੀਆਂ ਨੂੰ ਮਾਤ ਪਾਉਂਦੀ ਜਾਪ ਰਹੀ ਸੀ।
ਉਸ ਦਾ ਅਜਿਹਾ ਅੱਖਾਂ ਨੂੰ ਚੁੰਧਿਆ ਦੇਣ ਵਾਲਾ ਰੰਗ-ਰੂਪ ਸੀ ਕਿ ਵੇਖਣ ਵਾਲੇ ਦੀ ਨਜ਼ਰ ਨੂੰ ਇਕ ਵਾਰ ਤਾਂ ਉਸ ਦੇ ਚਿਹਰੇ ਤੋਂ ਨਜ਼ਰਾਂ ਪਾਸੇ ਹਟਾਉਣ ਦਾ ਚੇਤਾ ਹੀ ਭੁੱਲ ਜਾਂਦਾ।
ਹੋਰ ਨੇੜੇ ਆਉਣ 'ਤੇ ਬਜ਼ੁਰਗ ਔਰਤ ਸ਼ਾਮ ਕੁਰ ਨੇ ਵੀ ਸਾਹਮਣੇ ਤੋਂ ਤੁਰੀ ਆਉਂਦੀ ਜੰਗੀਰੋ ਨੂੰ ਪਹਿਚਾਣ ਲਿਆ ਸੀ। ਉਹ ਆਪਣੀ ਪੋਤ ਨੂੰਹ ਨੂੰ ਕਹਿਣ ਲੱਗੀ, 'ਲੈ ਕੁੜੇ! ਕੁਲਦੀਪ ਕੁਰੇ! ਆਹ ਤਾਂ ਤੇਰੀ ਭੂਆ ਸੱਸ ਜੰਗੀਰੋ ਤੁਰੀ ਆਉਂਦੀ ਐ, ਪੈਰੀਂ ਹੱਥ ਲਾ ਦੇਈਂ ਪੁੱਤ! ਕੋਲ ਆਈ ਤੋਂ।' ਨਜ਼ਦੀਕ ਆਉਣ 'ਤੇ ਬਹੂ ਨੇ ਸਤਿਕਾਰ ਨਾਲ ਦੁਪੱਟੇ ਦਾ ਲੜ ਉਸ ਦੇ ਪੈਰਾਂ ਨੂੰ ਛੁਹਾਉਣ ਤੋਂ ਬਾਅਦ ਆਪਣੇ ਮੱਥੇ ਨੂੰ ਲਾ ਕੇ ਪੈਰੀਂ ਪੈਣਾ ਕੀਤਾ। ਉਸ ਦਾ ਸਿਰ ਪਲੋਸਦੀ ਹੋਈ ਜੰਗੀਰੋ ਨੇ ਦੁੱਧ-ਪੁੱਤ ਦੀਆਂ ਅਸੀਸਾਂ ਦੀ ਝੜੀ ਲਾ ਦਿੱਤੀ। ਫਿਰ ਉਹ ਸ਼ਾਮ ਕੁਰ ਚਾਚੀ ਵੱਲ ਤੱਕਦੀ ਹੋਈ ਬੋਲੀ 'ਤਕੜੀ ਏਂ ਚਾਚੀ, ਹੋਰ ਸੁਣਾ ਰਾਜ਼ੀ ਖੁਸ਼ੀ ਐ ਆਪਣਾ ਸਾਰਾ ਮਹੈਂਣ? ਵਧਾਈਆਂ ਹੋਣ ਤੈਨੂੰ, ਪੋਤੇ ਦੇ ਵਿਆਹ ਦੀਆਂ।' ਸਵਾ ਵਧਾਈਆਂ ਧੀਏ! ਮਹਾਰਾਜ ਭਾਈ ਸਭਨਾਂ ਨੂੰ ਵਧਾਵੇ। 'ਚਾਚੀ ਨੇ ਖੁਸ਼ ਹੁੰਦਿਆਂ ਕਿਹਾ। 'ਦੋਵਾਂ ਭਰਾਵਾਂ ਵਿਚੋਂ ਕਿਹੜੇ ਦਾ ਮੁੰਡਾ ਵਿਆਹ ਲਿਐ? ਸੁਖਦਿਆਲ ਦਾ ਕਿ ਗੁਰਦਿਆਲ ਦਾ?'
'ਵੱਡੇ ਮੁੰਡੇ ਗੁਰਦਿਆਲ ਦਾ ਮੁੰਡਾ ਵਿਆਹਿਐ, ਜੰਗੀਰੋ ! ਸੁਖਦਿਆਲ ਦੇ ਮੁੰਡੇ ਤਾਂ ਹਾਲੇ ਛੋਟੇ ਨੇ। ਹੋਰ ਸੁਣਾ, ਤੂੰ ਕਦੋਂ ਆਈ ਸੀ?'
'ਹੋ 'ਗੇ ਚਾਚੀ! ਮੈਨੂੰ ਵੀ ਵੀਹ-ਬਾਈ ਦਿਨ ਆਈ ਨੂੰ।'
'ਲੈ ਹੋਰ! ਰਹਿ' ਜਾ ਅਜੇ ਪੰਜ ਦਸ ਦਿਨ ਹੋਰ, ਹੁਣ ਤਾਂ ਕੁੜੇ! ਸੁੱਖ ਨਾਲ ਤੇਰਾ ਵੀ ਘਰੇ ਸਰਦੈ, ਪਹਿਲਾਂ ਤਾਂ ਕਹਿੰਦੀ ਹੁੰਦੀ ਸੀ, ਕਿੱਥੇ ਰਹਿ ਹੁੰਦੈ ਕਲਾਪਿਆਂ ਤੋਂ, ਹੁਣ ਤਾਂ ਸੁੱਖ ਨਾਲ ਘਰੇ ਹੈ 'ਗੀ ਐ ਘਰ ਦੇ ਧੰਦਾਲ ਕਰਨ ਵਾਲੀ, ਪਿਛਲੇ ਕੰਮ ਧੰਦੇ ਦਾ ਫ਼ਿਕਰ ਕਰਨ ਵਾਲੀ ਹੁਣ ਤਾਂ ਕੋਈ ਗੱਲ ਈ ਨ੍ਹੀਂ।'
ਜੰਗੀਰੋ ਦੀਆਂ ਅੱਖਾਂ ਭਰ ਆਈਆਂ। ਉਸ ਨੂੰ ਇਉਂ ਲੱਗਾ ਜਿਵੇਂ ਸ਼ਰੀਕੇ ਵਿਚੋਂ ਚਾਚੀ ਲਗਦੀ ਬੁੜ੍ਹੀ ਸ਼ਾਮ ਕੁਰ ਉਸ ਨੂੰ ਲਾ-ਲਾ ਕੇ ਗੱਲਾਂ ਕਹਿ ਰਹੀ ਹੋਵੇ।
'ਕੀ ਗੱਲ ਕੁੜੇ? ਘਰੇ ਸੁੱਖ ਤਾਂ ਹੈ? ਮਾਂ ਸਦਕੇ! ਅੱਖਾਂ ਕਾਹਤੋਂ ਭਰ ਲਈਆਂ ਧੀਏ? ਸਹੁਰਿਆਂ ਤੋਂ ਰਾਜ਼ੀਬੰਦੇ ਤਾਂ ਆਈ ਏਂ ਨਾ?' ਸਭ ਕੁਝ ਜਾਣਦਿਆਂ ਹੋਇਆਂ ਵੀ ਸ਼ਾਮ ਕੁਰ ਨੇ ਜਾਣ-ਬੁੱਝ ਕੇ ਉਸ ਦੇ ਮੂੰਹੋਂ ਸਾਰੀ ਵਿਥਿਆ ਸੁਣਨ ਲਈ ਉਸ ਦੇ ਮੋਢੇ 'ਤੇ ਹੱਥ ਰੱਖ ਕੇ ਪੁੱਛਿਆ।
'ਨਹੀਂ ਚਾਚੀ! ਸੁੱਖ ਨਾਲ ਤਾਂ ਮੈਂ ਕਾਹਨੂੰ ਆਈ ਆਂ, ਤੈਥੋਂ ਹੁਣ ਕਿਹੜਾ ਕੁਸ਼ ਭੁੱਲਿਆ ਹੋਇਐ, ਤੈਨੂੰ ਦਾਨੀ ਸਾਨੀ ਨੂੰ ਇਹ ਤਾਂ ਪਤਾ ਈ ਐ ਬਈ ਇਕ ਮਿਆਨ 'ਚ ਵੀ ਕਦੇ ਦੋ ਤਲਵਾਰਾਂ ਮਿਆਉਂਦੀਆਂ ਹੁੰਦੀਆਂ ਨੇ ?'
'ਲੈ ਕੁੜੇ! ਫੇਰ ਤਾਂ ਭਾਈ ! ਮਾੜਾ ਕੰਮ ਈ ਹੋਇਆ, ਨਾ ਪ੍ਰਾਹੁਣਾ ਆਇਆ ਨ੍ਹੀਂ ਫੇਰ ਤੈਨੂੰ ਮਨਾਉਣ ਵਾਸਤੇ? ਚਲ ਉਹ ਜਾਣੇ, ਫੇਰ ਵੀ ਤੂੰ ਪੱਚੀ ਤੀਹ ਸਾਲ ਉਹਦੇ ਘਰ ਵਸੀ ਰਸੀ ਏਂ, ਫੂਹੀ-ਫੂਹੀ ਕਰਕੇ ਘਰ ਬੰਨ੍ਹਦੀ ਨੂੰ ਆਹ ਦਿਨ ਆ 'ਗੇ, ਚਲ ਉਹ ਜਾਣੇਂ, ਘਰਾਂ ਵਿਚ ਤਾਂ ਵੀਹ ਵਾਰੀ ਕਜੀਏ ਕਲੇਸ਼ ਹੋ ਜਾਂਦੇ ਨੇ, ਇਹ ਤਾਂ ਭਾਈ ਕੁੜੀਏ! ਫੇਰ ਮਾੜੀ ਗੱਲ ਐ ਉਹਦੇ ਵਾਸਤੇ।'
'ਉਹ ਹੁਣ ਮੈਨੂੰ ਕਾਹਤੋਂ ਲੈਣ ਆਊਗਾ? ਅਗਲਾ ਰੰਗੀਂ ਵਸਦੈ, ਐਸ਼ਾਂ ਕਰਦੈ, ਬੁੱਲੇ ਲੁੱਟਦੈ, ਉਹ ਨੂੰ ਤਾਂ ਉਹਦੀ ਖਾਹਿਸ਼ ਮੁਤਾਬਕ ਸਭ ਕੁਸ਼ ਮਿਲ ਗਿਐ, ਤੀਵੀਂ ਦੀ ਥਾਂ ਤੀਵੀਂ ਮਿਲ 'ਗੀ, ਔਲਾਦ ਦੀ ਥਾਂ ਔਲਾਦ, ਰੁਲਦੀ ਤਾਂ ਮੈਂ ਫਿਰਦੀ ਆਂ ਮਾੜੇ ਕਰਮਾਂ ਵਾਲੀ, ਮੈਥੋਂ ਕੀ ਹੁਣ ਉਹਨੇ ਕਾਢਾ ਕਢਾਉਣੈ। ' ਉਸ ਨੇ ਅਤਿ ਦੀ ਦੁਖੀ ਹੋ ਕੇ ਦੱਸਿਆ। 'ਤਾਂ ਫੇਰ ਕੁੜੇ ! ਤੂੰ ਜਮਾਂ 'ਈਂ ਤੋੜ ਵਿਛੋੜਾ ਕਰਕੇ ਆਈ ਐਂ ?'
'ਹਾਂ! ਚਾਚੀ! ਬਸ ਤੂੰ ਇਉਂ ਈਂ ਸਮਝ ਲੈ, ਮੈਥੋਂ ਨੀਂ ਐਸ ਉਮਰੇ ਨਿੱਤ ਹੱਡ ਤੁੜਵਾਏ ਜਾਂਦੇ।'
'ਪਰ ਕੁੜੀਏ! ਸੁਣ ਮੇਰੀ ਗੱਲ, ਧੀਆਂ-ਧਿਆਣੀਆਂ ਤਾਂ ਆਵਦੇ ਘਰੇ ਵਸਦੀਆਂ ਈ ਸੋਂਹਦੀਆਂ ਨੇ। ਵੀਰ ਭਾਵੇਂ ਸਿਰੋਂ ਪਰੰਦ ਔਖੀਆਂ ਹੋਣ, ਪੇਕੀਂ ਮਰੀਆਂ, ਵਿਆਹੀਆਂ ਵਰੀਆਂ ਕੁੜੀਆਂ ਨੂੰ ਤਾਂ ਅਗਲੇ ਜਹਾਨ 'ਚ ਵੀ ਢੋਈ ਨ੍ਹੀਂ ਮਿਲਦੀ ਹੁੰਦੀ ' ਚੰਗਾ ਫੇਰ ਅਸੀਂ ਤਾਂ ਚਲਦੀਆਂ ਹੁਣ, ਕੱਟ ਲੈ ਭਾਈ ! ਸਬਰ ਸੰਤੋਖ ਨਾਲ, ਜਿਹੜੀਆਂ ਲੇਖਾਂ ਵਿਚ ਲਿਖ 'ਤੀ ਆਂ ਮਹਾਰਾਜ ਨੇ, ਹੁਣ ਹੋਰ ਤਾਂ ਕੋਈ ਚਾਰਾ ਨ੍ਹੀਂ ਧੀਏ!'
ਜੰਗੀਰੋ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਸਿਆਣੀ-ਬਿਆਣੀ, ਧੌਲੇ ਝਾਟੇ ਵਾਲੀ ਤੀਵੀਂ ਉਸ ਨਾਲ ਹਮਦਰਦੀ ਕਰਕੇ ਗਈ ਐ ਕਿ ਉਸ ਦੇ ਜ਼ਖ਼ਮਾਂ 'ਤੇ ਲੂਣ ਭੁੱਕ ਕੇ ਗਈ ਐ? ਉਹ ਪਛਤਾਅ ਰਹੀ ਸੀ ਕਿ ਉਸ ਨੇ ਕਾਹਨੂੰ ਉਹਦੇ ਕੋਲ ਢਿੱਡ ਫਰੋਲਣਾ ਸੀ! ਫਿਰ ਝੱਟ ਹੀ ਉਸ ਦੇ ਮਨ ਨੇ ਜਵਾਬ ਦਿੱਤਾ, 'ਦੁਖੀ ਬੰਦਾ ਤਾਂ ਕੰਧਾਂ-ਕੌਲਿਆਂ ਕੋਲੋਂ ਵੀ ਚਾਰ ਬੋਲ ਹਮਦਰਦੀ ਦੇ ਭਾਲਦਾ ਹੁੰਦੈ ਬਈ ਕੋਈ ਉਸ ਦਾ ਦੁੱਖ-ਸੁੱਖ ਸੁਣਨ ਵਾਲਾ ਮਿਲ ਜਾਵੇ ਪਰ ਜੀਹਦੇ ਕਦੇ ਆਵਦੇ ਪੈਰ 'ਚ ਬਿਆਈ ਨਾ ਪਾਟੀ ਹੋਵੇ ਉਹ ਪਰਾਈ ਪੀੜ ਦਾ ਦਰਦ ਕਿਵੇਂ ਮਹਿਸੂਸ ਕਰ ਸਕਦੈ?'
ਜੰਗੀਰੋ ਨੂੰ ਵੀਹ ਸਾਲ ਹੋ ਗਏ ਸਨ ਵਸਦੀ-ਰਸਦੀ ਨੂੰ, ਪਰ ਉਸਦੀ ਝੋਲੀ ਔਲਾਦ ਖੁਣੋਂ ਸੱਖਣੀ ਸੀ। ਬਥੇਰਾ ਇਲਾਜ ਕਰਵਾਇਆ, ਸਾਧੂਆਂ-ਸੰਤਾਂ ਦੇ ਡੇਰਿਆਂ ਤੇ ਜਾ ਕੇ ਮੱਥੇ ਰਗੜੇ, ਸੁੱਖਣਾਂ ਸੁੱਖੀਆਂ ਪਰ ਕਿਤੋਂ ਵੀ ਉਨ੍ਹਾਂ ਦੀ ਝੋਲੀ ਖੈਰ ਨਾ ਪਈ। 'ਬਲਵੰਤ ਸਿੰਘ ਨੇ ਤਾਂ ਡਾਕਟਰਾਂ ਦੇ ਘਰ ਭਰਨ ਲੱਗੇ ਨੇ ਵੀ ਕਦੇ ਸੀ ਨਹੀਂ ਸੀ ਕੀਤੀ ਪਰ ਡਾਢੀ ਕਿਸਮਤ ਨੇ ਡਾਹ ਨਾ ਦਿੱਤੀ 'ਕੀ ਮੇਰੀ ਜ਼ਮੀਨ ਜਾਇਦਾਦ ਹੁਣ ਸ਼ਰੀਕ ਸਾਂਭਣਗੇ? ਔਤ ਗਿਆਂ ਦੇ ਘਰ ਤੇ ਜ਼ਮੀਨਾਂ ਤਾਂ ਸ਼ਰੀਕ ਰੱਸੀਆਂ ਧਰ-ਧਰ ਕੇ ਮਿਣਦੇ ਹੁੰਦੇ ਨੇ।' ਬਲਵੰਤ ਸਿੰਘ ਦੇ ਦਿਲ-ਦਿਮਾਗ ਵਿਚ ਹਰ ਵਕਤ ਇਹੀ ਇਕੋ ਗੱਲ ਵਾਵਰੋਲੇ ਦੀ ਖੱਖ ਵਾਂਗ ਚੜ੍ਹੀ ਰਹਿੰਦੀ।
ਉਹ ਜੰਗੀਰੋ ਤੋਂ ਚੋਰੀਓਂ ਜਣੇ-ਖਣੇ ਨੂੰ ਆਪਣੇ ਵਾਸਤੇ ਰਿਸ਼ਤੇ ਦੀ ਦੱਸ ਪਾਉਣ ਦੀਆਂ ਮਿੰਨਤਾਂ ਕਰਦਾ ਰਹਿੰਦਾ। ਹੁਣ ਇਹੋ ਜਿਹੀ ਗੱਲ ਗੁੱਝੀ ਕਿਥੇ ਰਹਿਣੀ ਸੀ! ਨਾਲੇ ਜੰਗੀਰੋ ਕਿਹੜਾ ਹੁਣ ਨਿਆਣੀ ਸੀ, ਉਹ ਸਭ ਕੁਝ ਸਮਝਦੀ ਸੀ। ਉੱਡਦੀ-ਉੱਡਦੀ ਇਸ ਗੱਲ ਦੀ ਬਿੜਕ ਉਸ ਦੇ ਕੰਨੀਂ ਵੀ ਪੈ ਗਈ ਸੀ। ਦੰਪਤੀ ਜੀਵਨ ਵਿਚ ਕਿਸੇ ਤੀਜੇ ਬੰਦੇ ਨੂੰ ਬਰਦਾਸ਼ਤ ਕਰਨਾ ਕਿਤੇ ਸੌਖਾ ਕੰਮ ਨਹੀਂ ਹੁੰਦਾ। ਇਕ ਵਾਰ ਤਾਂ ਉਸ ਦੇ ਦਿਲ ਨੂੰ ਡੋਬੂ ਜਿਹੇ ਪਏ। ਫਿਰ ਉਹ ਘਰ ਦੀ ਜੜ੍ਹ ਮੇਖ ਲੱਗਣ ਦੀ ਖਾਹਿਸ਼ ਨਾਲ ਪਤੀ ਦਾ ਦੂਜਾ ਵਿਆਹ ਆਪਣੇ ਹੱਥੀਂ ਕਰਨ ਵਾਸਤੇ ਖੁਦ ਹੀ ਸਹਿਮਤ ਹੋ ਗਈ। ਵੱਡੀ ਉਮਰ ਦੇ ਬਲਵੰਤ ਸਿੰਘ ਨੂੰ ਇਸ ਉਮਰੇ ਕੋਈ ਚੱਜ ਦੀ ਕੁੜੀ ਤਾਂ ਕਿਥੋਂ ਮਿਲਣੀ ਸੀ!
ਉਸ ਨੂੰ ਤਾਂ ਕੋਈ ਬੱਜੋਰੱਤੀ, ਵੱਡੀ ਉਮਰ ਦੀ ਰਹੀ, ਰਵਿੰਨੀ ਕੁੜੀ ਹੀ ਜੁੜਨੀ ਸੀ। ਕਿਸੇ ਨੇ ਇਕ ਕੁੜੀ ਦੀ ਦੱਸ ਪਾਈ, ਜਿਹੜੀ ਦਿਮਾਗੀ ਪੱਖੋਂ ਸਹੀ ਨਹੀਂ ਸੀ। ਉਸ ਨੂੰ ਕੋਈ ਵੀ ਕੰਮ ਕਰਨਾ ਨਹੀਂ ਸੀ ਆਉਂਦਾ। ਘਰੇਲੂ ਕੰਮਾਂ ਦਾ ਤਾਂ ਉਨ੍ਹਾਂ ਦੋਹਾਂ ਜੀਆਂ ਨੂੰ ਭੋਰਾ ਜਿੰਨਾ ਵੀ ਫਿਕਰ ਨਹੀਂ ਸੀ। ਘਰ ਦਾ ਕੋਈ ਕੰਮ ਨਾ ਵੀ ਕਰੂ ਤਾਂ ਵੀ ਸਰ ਹੀ ਜਾਣਾ ਸੀ। ਜੰਗੀਰੋ ਬਥੇਰੀ ਤਕੜੀ ਸੀ ਕੰਮ-ਧੰਦੇ ਨੂੰ। ਜਦੋਂ ਪ੍ਰੀਤੋ ਵਿਆਹੀ ਆਈ ਤਾਂ ਉਹ ਦੋਵੇਂ ਜੀਅ ਹੈਰਾਨ ਰਹਿ ਗਏ। ਉਸ ਨੂੰ ਘਰ ਦਾ ਕੰਮ ਤਾਂ ਇਕ ਪਾਸੇ, ਆਪਣਾ-ਆਪ ਵੀ ਸੰਭਾਲਣਾ ਨਹੀਂ ਸੀ ਆਉਂਦਾ। ਕਈ ਕਈ ਦਿਨ ਉਹ ਨਹਾਉਂਦੀ ਹੀ ਨਾ, ਹਫ਼ਤਾ-ਹਫ਼ਤਾ ਸਿਰ ਹੀ ਨਾ ਵਾਹੁੰਦੀ। ਕੇਸੀ ਮਹੀਨੇ ਬਾਅਦ ਵਾਰ-ਵਾਰ ਕਹਿਣ ਤੇ ਮਸਾਂ ਨਹਾਉਂਦੀ। ਬਲਵੰਤ ਸਿੰਘ ਉਸ ਨੂੰ ਬਿੱਜੜੇ ਦੇ ਆਲਣੇ ਵਾਂਗ ਉਲਝੇ ਤੇ ਖਿਲਰੇ ਵਾਲ ਲੈ ਕੇ ਤੁਰੀ-ਫਿਰਦੀ ਨੂੰ ਦੇਖ ਕੇ ਖਿਝਦਾ ਖਪਦਾ ਰਹਿੰਦਾ। ਉਸ ਦੇ ਵਾਲਾਂ ਦੀ ਲਿਟ ਹੱਥ ਵਿਚ ਫੜ ਕੇ ਉਸ ਨੂੰ ਇਸ਼ਾਰੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਇਨ੍ਹਾਂ ਨੂੰ ਕਦੇ ਕੰਘੀ ਵੀ ਕਰ ਲਿਆ ਕਰ'। ਵਿਚਾਰੀ ਜੰਗੀਰੋ ਪਿਆਰ ਨਾਲ ਅਹਿਸਤਾ-ਅਹਿਸਤਾ ਉਸ ਨੂੰ ਘਰ ਦਾ ਸਾਰਾ ਕੰਮ ਅਤੇ ਬਣ ਫੱਬ ਕੇ ਰਹਿਣ ਦੇ ਢੰਗ ਤਰੀਕੇ ਸਿਖਾ ਰਹੀ ਸੀ। ਸਮਾਂ ਆਪਣੀ ਚਾਲੇ ਚਲਦਾ ਗਿਆ। ਹੁਣ ਤੱਕ ਪ੍ਰੀਤੋ ਇਕ ਧੀ ਤੇ ਇਕ ਪੁੱਤ ਦੀ ਮਾਂ ਬਣ ਗਈ ਸੀ। ਬੱਚੇ ਵੱਡੇ ਹੋ ਗਏ ਸਨ। ਹੌਲੀ-ਹੌਲੀ ਪ੍ਰੀਤੋ ਨੂੰ ਜੰਗੀਰੋ ਨੇ ਘਰ ਦਾ ਸਾਰਾ ਕੰਮ ਸਿਖ ਦਿੱਤਾ ਸੀ। ਪ੍ਰੀਤੋ ਜਿੰਨੀ ਸਿਧਰੀ ਸੀ ਉਸ ਦੇ ਜਵਾਕ ਉਨੇ ਹੀ ਤੇਜ਼ ਤਰਾਰ ਸਨ। ਮਤਰੇਈ ਮਾਂ ਜੇ ਕਿਸੇ ਕੋਲ ਕੋਈ ਦੁੱਖ-ਸੁੱਖ ਦੀ ਗੱਲ ਕਰਕੇ ਮਨ ਦਾ ਬੋਝ ਹਲਕਾ ਕਰ ਲੈਂਦੀ ਤਾਂ ਉਹ ਝੱਟ ਆਪਣੀ ਮਾਂ ਨੂੰ ਲੂਤੀਆਂ ਲਾ ਕੇ ਲੜਾਈ ਪਵਾ ਦਿੰਦੇ। ਜਸੂਸਾਂ ਵਾਂਗ ਉਹ ਦੋਵੇਂ ਭੈਣ ਭਰਾ ਜੰਗੀਰੋ ਦੇ ਪਿੱਛੇ-ਪਿੱਛੇ ਰਹਿੰਦੇ। ਔਲਾਦ ਮੁਰਾਦ ਵਾਲੀ ਹੋ ਜਾਣ ਕਾਰਨ ਪ੍ਰੀਤੋ ਦੇ ਘਰ ਵਿਚ ਪੈਰ ਜੰਮ ਗਏ ਸਨ। ਹੁਣ ਉਹ ਜੰਗੀਰੋ ਨਾਲ ਪੂਰਾ ਸੌਂਕਣਪੁਣਾ ਵਿਹਾਜ ਕੇ ਰੱਖਦੀ। ਦਿਨ-ਰਾਤ ਜੰਗੀਰੋ ਨਾਲ ਆਢਾ ਲਾਈ ਰੱਖਦੀ। ਬਲਵੰਤ ਸਿੰਘ ਨੂੰ ਇਕ ਦੀਆਂ ਦਸ ਲਾ ਕੇ ਉਹ ਉਸ ਦੇ ਕੁੱਟ ਪਵਾ ਦਿੰਦੀ। ਉਹਦੀ ਚੁੱਕ ਵਿਚ ਆ ਕੇ ਬਲਵੰਤ ਸਿੰਘ ਉਸ ਨੂੰ ਗੰਦੀਆਂ ਗਾਲ੍ਹਾਂ ਕੱਢਦਾ, ਸੋਟੀ ਫੜ ਕੇ ਉਸ ਦੀ ਹੱਡੀ-ਪਸਲੀ ਇਕ ਕਰ ਦਿੰਦਾ। ਘਰ ਵਿਚ ਹੁਣ ਉਹ ਇਕ ਬੇਕਾਰ ਵਸਤੂ ਬਣ ਕੇ ਰਹਿ ਗਈ ਸੀ। ਅੰਦਰ ਵੜ ਕੇ ਬਥੇਰਾ ਚਿਰ ਕੁੱਟ ਖਾਂਦੀ ਰਹੀ, ਸਾਰੇ ਟੱਬਰ ਦੀਆਂ ਤੱਤੀਆਂ-ਠੰਢੀਆਂ ਸੁਣਦੀ ਝੱਲਦੀ ਰਹੀ। ਜਦੋਂ ਉਸ ਦੀ ਬਿਲਕੁਲ ਹੀ ਨਿਹਾਇਤ ਹੋ ਗਈ ਤਾਂ ਉਹ ਪਿਛਲੀ ਉਮਰੇ ਪਤੀ ਤੇ ਸੌਕਣ ਦੀਆਂ ਵਧੀਕੀਆਂ ਤੋਂ ਤੰਗ ਆ ਕੇ ਪੇਕਿਆਂ ਦੇ ਬੂਹੇ ਜਾ ਬੈਠੀ। ਵਰ੍ਹਿਆਂ ਦੇ ਵਰ੍ਹੇ ਲੰਘ ਗਏ ਕੋਈ ਵੀ ਉਸ ਨੂੰ ਲੈਣ ਨਾ ਆਇਆ। ਉਸ ਦੇ ਭਰਾ ਭਣੌਈਏ ਨੂੰ ਉਡੀਕਦੇ ਰਹੇ ਅੱਜ ਵੀ ਆਇਆ ਕੱਲ੍ਹ ਵੀ ਆਇਆ ਪਰ ਉਸ ਨੇ ਕਦੇ ਵੀ ਘਰੋਂ ਕੱਢੀ ਹੋਈ ਪਤਨੀ ਨੂੰ ਮਨਾਉਣ ਦੀ ਕੋਸ਼ਿਸ਼ ਨਾ ਕੀਤੀ। ਸ਼ਰਮ ਦੇ ਮਾਰੇ ਉਸ ਦੇ ਭਰਾ ਉਸ ਨੂੰ ਸਹੁਰੇ ਘਰ ਛੱਡਣ ਨਾ ਗਏ ਬਈ ਲੋਕ ਕੀ ਕਹਿਣਗੇ ਇਨ੍ਹਾਂ ਵੱਡਿਆਂ ਸਰਦਾਰਾਂ ਤੋਂ ਭੈਣ ਨੂੰ ਦੋ ਵੇਲੇ ਦੀ ਰੋਟੀ ਨਾ ਦੇ ਹੋਈ? ਇਉਂ ਉਸ ਨੂੰ ਪੇਕੀਂ ਬੈਠੀ ਨੂੰ ਮੁੱਦਤਾਂ ਬੀਤ ਗਈਆਂ ਸਨ। ਹੁਣ ਉਸ ਦੇ ਜੀਵਨ ਦਾ ਅੰਤਿਮ ਪੜਾਅ ਨੇੜੇ ਆ ਰਿਹਾ ਸੀ।
ਜਦੋਂ ਕਿਤੇ ਇਕੱਲੀ ਬੈਠੀ ਹੁੰਦੀ ਤਾਂ ਉਸ ਨੂੰ ਆਪਣਾ ਘਰ ਬੜਾ ਯਾਦ ਆਉਂਦਾ। ਇਹ ਹੇਰਵਾ ਤਾਂ ਸਾਰੀ ਉਮਰ ਉਸ ਦੇ ਢਿੱਡ ਵਿਚੋਂ ਨਹੀਂ ਸੀ ਨਿਕਲਿਆ। ਆਪਣੇ ਘਰ ਨੂੰ ਯਾਦ ਕਰਕੇ ਇਕ ਵਾਰੀ ਤਾਂ ਉਸ ਦੇ ਸਰੀਰ ਵਿਚ ਸੀਤ ਫਿਰ ਜਾਂਦਾ, ਨਾਲ ਹੀ, ਸਰੀਕੇ ਵਿਚੋਂ ਚਾਚੀ ਲਗਦੀ ਬੁੜੀ ਸ਼ਾਮ ਕੁਰ ਦੀ ਆਖੀ ਉਹ ਗੱਲ ਵੀ ਮੂਹਰੇ ਆ ਖਲੋਂਦੀ 'ਜਦੋਂ ਵਿਆਹੀਆਂ ਵਰੀਆਂ ਧੀਆਂ ਪੇਕੇ ਘਰ ਮਰਦੀਆਂ ਨੇ ਨਾ, ਤਾਂ ਉਨ੍ਹਾਂ ਨੂੰ ਅਗਲੇ ਜਹਾਨ ਵਿਚ ਢੋਈ ਨ੍ਹੀਂ ਮਿਲਦੀ ਹੁੰਦੀ।' ਉਸ ਦਾ ਦਿਲ ਕਰਦਾ ਭਾਈਆਂ-ਭਤੀਜਿਆਂ ਨੂੰ ਕਹੇ ਕਿ ਮੈਨੂੰ ਮਰੀ ਨੂੰ ਚੁੱਕ ਕੇ ਮੇਰੇ ਸਹੁਰੇ ਘਰ ਲੈ ਜਾਇਓ, ਮੇਰਾ ਸਸਕਾਰ ਉਥੇ ਹੀ ਕਰਿਓ, ਫਿਰ ਠੰਢਾ ਹਾਉਕਾ ਭਰ ਕੇ ਖੁਦ ਹੀ ਇਸ ਖਾਹਿਸ਼ ਨੂੰ ਆਪਣੇ ਸੀਨੇ ਵਿਚ ਅੰਦਰੇ ਹੀ ਦਫ਼ਨ ਕਰ ਲੈਂਦੀ, 'ਉਥੋਂ ਤਾਂ ਅਗਲਿਆਂ ਨੇ ਧੱਕੇ ਮਾਰ ਕੇ ਉਦੋਂ ਘਰੋਂ ਬਾਹਰ ਕੱਢ ਦਿੱਤਾ ਸੀ, ਜਦੋਂ ਮੈਂ ਕਾਲੇ ਬਲਦ ਵਾਂਗੂੰ ਕਮੱਤਦੀ ਸੀ, ਮੇਰੇ ਮੁਰਦਾ ਸਰੀਰ ਨੂੰ ਉਥੇ ਕੀਹਨੇ ਮੋਢਾ ਦੇਣਾ ਹੈ? ਕੌਣ ਏਂ ਉਥੇ ਮੇਰਾ ਆਪਣਾ?' ਓ ਕਮਲਿਆ ਮਨਾ! ਦੱਸ ਤਾਂ ਸਹੀ ਉਥੇ ਹੈ ਕੋਈ ਮੇਰਾ ਹਮਦਰਦ? ਚਲ ਉਹ ਜਾਣੇ! ਇਥੇ ਹੀ ਮੇਰੇ ਟੱਬਰ ਦੇ ਜੀਅ ਮੇਰੀ ਮਿੱਟੀ ਕਿਉਟ ਦੇਣਗੇ, ਨਾ ਹੋਵੇ ਮੇਰੀ ਗਤੀ ਜੇ ਨਹੀਂ ਹੁੰਦੀ ਤਾਂ, ਨਾਲੇ ਗਤੀ ਹੁੰਦੀ ਦੱਸਣ ਮੁੜ ਕੇ ਕੌਣ ਆਇਐ ਇੱਥੇ?'

-ਪਿੰਡ ਤੇ ਡਾਕਘਰ ਚੌਕੀਮਾਨ ( ਲੁਧਿਆਣਾ)
ਮੋਬਾਈਲ : 78146-98117

ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ ਅਗਲੀ ਖ਼ਬਰ ਸਪੋਰਟਸ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਗਿੱਲ ਵਲੋਂ ਰਾਜਪਾਲ ਤੇ ਵਿੱਤ ਮੰਤਰੀ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।