* ਗੁਰਦਿਆਲ ਰੌਸ਼ਨ *
ਬਲਦੇਵ ਸੀਹਰਾ ਭਾਵੇਂ ਪਛੜ ਕੇ ਗ਼ਜ਼ਲ ਵੱਲ ਆਇਆ ਸੀ, ਪਰ ਅਜੋਕੇ ਵਕਤ ਵਿਚ ਉਹ ਤੇਜ਼ ਰਫ਼ਤਾਰੀ ਨਾਲ ਗ਼ਜ਼ਲ ਲਿਖਣ ਵਾਲੇ ਗ਼ਜ਼ਲਕਾਰਾਂ ਵਿਚ ਸ਼ਾਮਿਲ ਹੈ। ਉਸ ਦੇ ਸ਼ਿਅਰਾਂ ਦੇ ਵਿਸ਼ੇ ਜਿੰਨੇ ਖ਼ੂਬਸੂਰਤ ਹੁੰਦੇ ਹਨ, ਉਹ ਅੰਦਰ ਤੋਂ ਵੀ ਓਨਾ ਹੀ ਖ਼ੂਬਸੂਰਤ ਹੈ। ਮੱਧਵਰਗੀ ਪਰਿਵਾਰ ਵਿਚ ਪੈਦਾ ਹੋਏ ਸੀਹਰਾ ਨੇ ਐੱਮ. ਐੈੱਸ. ਸੀ. ਤਕ ਦੀ ਤਾਲੀਮ ਹਾਸਲ ਕੀਤੀ ਹੋਈ ਹੈ ਤੇ ਕੁਝ ਸਮਾਂ ਉਸ ਨੇ ਕਾਲਿਜ ਵਿਚ ਪੜ੍ਹਾਇਆ ਵੀ ਹੈ। ਦਰਅਸਲ ਉਸ ਦੀ ਗ਼ਜ਼ਲ ਕੈਨੇਡਾ ਜਾ ਕੇ ਹੀ ਜਵਾਨ ਹੋਈ ਹੈ। ਏਥੇ ਆ ਕੇ ਉਸ ਨੂੰ ਕਈ ਪਰਪੱਕ ਗ਼ਜ਼ਲਕਾਰਾਂ ਦਾ ਸਾਥ ਮਿਲਿਆ ਤੇ ਉਸ ਦੀ ਗ਼ਜ਼ਲਕਾਰੀ ਨਿਖਰਦੀ ਚਲੀ ਗਈ। ਉਹ ਗ਼ਜ਼ਲ ਦੀ ਰੂਹ ਤੇ ਇਸ ਦੀਆਂ ਜ਼ਰੂਰਤਾਂ ਨੂੰ ਸਮਝਦਾ ਹੈ। ਭਾਵੇਂ ਉਸ ਦੀ ਰਿਹਾਇਸ਼ ਕਾਫ਼ੀ ਫ਼ਾਸਲੇ 'ਤੇ ਹੇ ਫਿਰ ਵੀ ਸਰੀ ਦੀਆਂ ਗ਼ਜ਼ਲ ਸਬੰਧੀ ਸਰਗਰਮੀਆਂ ਵਿਚ ਉਹ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ। ਉਸ ਦੇ ਛੇ ਦੇ ਕਰੀਬ ਕਾਵਿ ਤੇ ਗ਼ਜ਼ਲ ਸੰਗ੍ਰਹਿ ਛਪ ਚੁੱਕੇ ਹਨ। ਰੁਝੇਵਿਆਂ ਦੇ ਬਾਵਜੂਦ ਉਹ ਗ਼ਜ਼ਲ ਲੇਖਣ ਲਈ ਵਕਤ ਬਚਾਅ ਕੇ ਰੱਖਦਾ ਹੈ। ਪੇਸ਼ ਹਨ ਬਲਦੇਵ ਸੀਹਰਾ ਦੀਆਂ ਦੋ ਗ਼ਜ਼ਲਾਂ- -ਮੋਬਾਈਲ : 99884-44002
ਇਹ ਅੱਖਾਂ ਵਿਚ ਨਹੀਂ ਰੁਕਦੇ, ਬੜੇ ਨੇ ਸਿਰ ਫਿਰੇ ਹੰਝੂ।
ਕਿ ਗ਼ਮ ਵਿਚ ਵੀ ਵਗੇ ਹੰਝੂ, ਖ਼ੁਸ਼ੀ ਵਿਚ ਵੀ ਵਗੇ ਹੰਝੂ।
ਮੈਂ ਉਸ ਨੂੰ ਰੋਂਦਿਆਂ ਤੱਕਿਆ ਤਾਂ ਮੇਰੇ ਵਹਿ ਤੁਰੇ ਹੰਝੂ।
ਪਲਕ ਤੀਕਰ ਜੋ ਆਏ ਫਿਰ ਨਹੀਂ ਵਾਪਿਸ ਮੁੜੇ ਹੰਝੂ।
ਲਹੂ ਦਾ ਰੰਗ ਗੂੜ੍ਹਾ ਵੀ ਤੇ ਫਿੱਕਾ ਵੀ ਹੋ ਸਕਦਾ ਹੈ,
ਮਗਰ ਸਨ ਰੰਗ ਇਕੋ ਦੇ ਉਹ ਤੇਰੇ ਤੇ ਮੇਰੇ ਹੰਝੂ।
ਤੇਰੇ ਤਾਂ ਆਉਣ ਦੀ ਕੁਝ ਵੱਖਰੀ ਜੇਹੀ ਅਦਾ ਸੀ ਬਸ,
ਕਿ ਤੇਰੇ ਜਾਣ ਮਗਰੋਂ ਤਾਂ ਮਿਰੇ ਛਮ ਛਮ ਵਗੇ ਹੰਝੂ।
ਭਰੀ ਬੈਠਾ ਸੀ ਮੁੱਦਤ ਤੋਂ ਖ਼ਰੇ ਕਿੰਨੇ ਗਿਲੇ ਸ਼ਿਕਵੇ,
ਜਦੋਂ ਮਿਲਿਆ, ਤਾਂ ਮੀਂਹ ਵਾਂਗੂੰ ਸੀ ਨੈਣਾਂ 'ਚੋਂ ਕਿਰੇ ਹੰਝੂ।
ਮੈਂ ਰੋਂਦੇ ਵੇਖਿਆ ਸੀ ਫ਼ਸਲ ਨੂੰ ਐ 'ਦੇਵ' ਜਿਸ ਵੇਲੇ,
ਸੀ ਫਿਰ ਲੱਗੀ ਝੜੀ ਬਰਸਾਤ ਦੇ ਵਾਂਗੂੰ ਵਰ੍ਹੇ ਹੰਝੂ।
*
*
ਅਜੇ ਰਸਤੇ 'ਚ ਆਉਣੇ ਪੀੜ ਦੇ ਕਿੰਨੇ ਨਗਰ ਬਾਕੀ।
ਮੇਰੀ ਮੰਜ਼ਿਲ ਦੁਰਾਡੇ ਹੈ, ਬੜਾ ਰਹਿੰਦੈ ਸਫ਼ਰ ਬਾਕੀ।
ਜ਼ਿਬਾਹ ਕੀਤਾ ਤੂੰ, ਹਰ ਆਸ਼ਿਕ, ਅਨੋਖੀ ਹੈ ਅਦਾ ਤੇਰੀ,
ਮੁਕਾਉਣਾ ਪਰ ਅਜੇ ਇਕ ਹੋਰ ਰਹਿੰਦਾ ਹੈ ਬਸ਼ਰ ਬਾਕੀ।
ਤੇਰੇ ਨਾ ਚਾਹੁੰਦਿਆਂ ਹੋਇਆਂ ਵੀ ਹਾਲੇ ਜੀਅ ਰਿਹਾ ਹਾਂ ਮੈਂ,
ਉਵੇਂ ਮਰਨੇ 'ਚ ਦੱਸ ਮੇਰੇ ਅਜੇ ਕਿਹੜੀ ਕਸਰ ਬਾਕੀ।
ਤੇਰੇ ਦਰ 'ਤੇ ਜੋ ਫਿਰਦੀ ਹੈ ਇਹ ਮੇਰੀ ਲਾਸ਼ ਹੀ ਤਾਂ ਹੈ,
ਕਿ ਮੇਰੇ ਮਰਨ ਦੀ ਹਾਲੇ ਤਾਂ ਆਉਣੀ ਹੈ ਖ਼ਬਰ ਬਾਕੀ।
ਮੇਰੇ ਤੁਰ ਜਾਣ ਦਾ ਐਵੇਂ ਨਾ ਝੋਰਾ ਲਾ ਲਿਓ ਕਿਧਰੇ,
ਮੈਂ ਪੱਤਾ ਕਿਰ ਗਿਆ ਤਾਂ ਕੀ, ਅਜੇ ਰਹਿੰਦੈ ਸ਼ਜਰ ਬਾਕੀ।
ਢਲੀ ਹੈ ਸ਼ਾਮ ਭਾਵੇਂ 'ਦੇਵ' ਦੀ ਇਸ ਜ਼ਿੰਦਗੀ ਅੰਦਰ,
ਅਜੇ ਤਾਂ ਉਸ ਦਿਆਂ ਸ਼ਿਅਰਾਂ 'ਚ ਰਹਿੰਦੀ ਹੈ ਫ਼ਜਰ ਬਾਕੀ।