08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਦੋ ਗ਼ਜ਼ਲਾਂ * ਤ੍ਰੈਲੋਚਨ ਲੋਚੀ *

ਅਜੀਤ ਡੈਸਕ 15-02-2026

ਤੁਰਦਾ ਫਿਰਦਾ ਸਭ ਤੋਂ ਇੰਜ ਦੁਆ ਲੈਨਾਂ!
ਮੈਂ ਤਾਂ ਦੁਸ਼ਮਣ ਦਾ ਵੀ ਦੁੱਖ ਵੰਡਾ ਲੈਨਾਂ!

ਏਸ ਬਹਾਨੇ ਮਨ ਵੀ ਥਾਂ ਸਿਰ ਹੋ ਜਾਂਦੈ,
ਸ਼ੌਕ ਦੇ ਜਦੋਂ ਕਬੂਤਰ ਕਦੇ ਉਡਾ ਲੈਨਾਂ!

ਆਪਣੇ ਆਪ ਨੂੰ ਪਰਖਣ ਦਾ ਵੀ ਢੰਗ ਮੇਰਾ,
ਕਿਸੇ ਦੇ ਕੌੜੇ ਬੋਲ ਵੀ ਸੀਨੇ ਲਾ ਲੈਨਾਂ!

ਬੇਸਮਝਾਂ ਵਿਚ ਕਦੇ ਤਮਾਸ਼ਾ ਬਣਿਆ ਨਹੀਂ,
ਬੋਲਣ ਨਾਲੋਂ, ਮੂੰਹ 'ਤੇ ਜਿੰਦਰਾ ਲਾ ਲੈਨਾਂ!

ਕਿਸੇ ਉਦਾਸੀ ਸ਼ਾਮ ਨੂੰ ਵੀ ਮੈਂ ਇੰਜ ਮਾਣਾਂ,
ਆਪਣੇ ਆਪ ਨੂੰ ਆਪਣੀ ਗ਼ਜ਼ਲ ਸੁਣਾ ਲੈਨਾਂ!

ਘਰ ਤੋਂ ਹੋਰ ਮੁਕੱਦਸ ਕਿਹੜੀ ਥਾਂ ਲੋਚੀ,
ਰੁੱਖਾ-ਮਿੱਸਾ ਜੋ ਵੀ ਮਿਲਦਾ ਖਾ ਲੈਨਾਂ!
-0-

ਸੁੱਕ ਨਾ ਕਿਧਰੇ ਜਾਣ ਇਹ ਸਰਵਰ ਸਾਂਭ ਲਵੋ!
ਸੋਹਣੇ ਮੋਹਣੇ ਦਿਲਕਸ਼ ਮੰਜ਼ਰ ਸਾਂਭ ਲਵੋ!

ਆਉਣ ਵਾਲੀਆਂ ਨਸਲਾਂ 'ਤੇ ਕੁਝ ਤਰਸ ਕਰੋ,
ਬਿਰਖ, ਬੂਟੜੇ, ਸਾਵੇ ਪੱਤਰ ਸਾਂਭ ਲਵੋ!

ਚੰਨ ਤਾਰਿਆਂ ਨੂੰ ਵੀ ਇਕ ਦਿਨ ਤਰਸੋਗੇ,
ਅਜੇ ਵਕਤ ਹੈ ਨੀਲਾ ਅੰਬਰ ਸਾਂਭ ਲਵੋ!

ਇਨ੍ਹਾਂ ਵਿਚ ਤਾਂ ਰਾਜ਼ ਰੌਸ਼ਨੀ ਦਾ ਛੁਪਿਐ,
ਜਿਉਣ ਜੋਗਿਓ ਪੈਂਤੀ ਅੱਖਰ ਸਾਂਭ ਲਵੋ!

ਬਿਨੰ ਲਗਾਮੋਂ ਭੱਜਿਆ ਇਹ ਬਾਜ਼ਾਰ ਫਿਰੇ,
ਸੱਜਨੋਂ, ਆਪੋ ਅਪਣੀ ਚਾਦਰ ਸਾਂਭ ਲਵੋ!

ਉਹ ਵੀ ਜਿਊਂਦੇ ਜਾਗਦਿਆਂ ਵਿਚ ਹੋ ਜਾਊ,
ਲੋਚੀ ਦੇ ਬਸ ਚੰਦ ਕੁ ਅੱਖਰ ਸਾਂਭ ਲਵੋ!
-0-

ਪਿਛਲੀ ਖ਼ਬਰ ਪੁੱਤ ਆ ਗਿਐਂ! ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।