08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਪੁੱਤ ਆ ਗਿਐਂ!

ਅਜੀਤ ਡੈਸਕ 15-02-2026

ਮਾਂ ਦੇ ਬੋਲ ਰੱਬੀ ਫ਼ੁਰਮਾਨ ਹੁੰਦੇ ਨੇ। ਮਾਂ ਵਲੋਂ ਪੁੱਤ ਦੀ ਉਡੀਕ ਕਦੇ ਵੀ ਖਤਮ ਨਹੀਂ ਹੁੰਦੀ। ਅਜਿਹੇ ਰੱਬੀ ਫ਼ੁਰਮਾਨ ਮੇਰੀਆਂ ਯਾਦਾਂ ਦੇ ਚਿੱਤਰਪੱਟ 'ਤੇ ਉੱਕਰੇ ਹੋਏ ਧੁੰਦਲੇ ਨਹੀਂ ਪੈਂਦੇ।
ਜਦੋਂ ਬਾਪ ਨੇ ਮੈਨੂੰ ਸਕੂਲੋਂ ਹਟਾ ਕੇ ਪੰਜ ਸੱਤ ਬੱਕਰੀਆਂ ਖ਼ਰੀਦ ਕੇ ਪਿੰਡ ਦੇ ਰੱਤੇ ਆਜੜੀ ਨਾਲ ਰਲਾ ਦਿੱਤਾ ਤਾਂ ਮੇਰੀ ਬੀਬੀ ਭਾਪੇ ਨਾਲ ਐਨਾ ਲੜੀ ਸੀ ਕਿ ਉਸ ਲੜਾਈ ਦਾ ਅੰਤ ਭਾਪੇ ਵਲੋਂ ਬੀਬੀ ਦੇ ਕੁਟਾਪੇ ਨਾਲ ਹੋਇਆ ਸੀ। ਉਸ ਵੇਲੇ ਅੱਖੜ ਪਿਓ ਵਲੋਂ ਮਾਂ ਨੂੰ ਮਾਰਦਿਆਂ ਵੇਖਦਾ ਹੀ ਰਿਹਾ ਸਾਂ, ਚਾਹ ਕੇ ਵੀ ਕੁਝ ਨਹੀਂ ਸੀ ਕਰ ਸਕਿਆ।
ਮੈਨੂੰ ਯਾਦ ਹੈ, ਬੀਬੀ ਮੈਨੂੰ ਵਰਦੀ ਪਾ ਕੇ ਸਕੂਲੇ ਤੋਰਦਿਆਂ ਅਕਸਰ ਆਖਦੀ ਹੁੰਦੀ ਸੀ, 'ਮੇਰਾ ਪੁੱਤ ਆਪਣੇ ਮਾਮੇ ਵਾਂਗ ਲਫਟੈਣ ਬਣੂ!' ਬੀਬੀ ਦੇ ਦੱਸਣ ਅਨੁਸਾਰ ਮੇਰਾ ਮਾਮਾ ਸਾਬਕਾ ਫੌਜੀ ਜ਼ਰੂਰ ਸੀ, ਪਰ ਉਸਦੇ ਸਹੀ ਰੁਤਬੇ ਦਾ ਅਨਪੜ੍ਹ ਬੀਬੀ ਨੂੰ ਵੀ ਸ਼ਾਇਦ ਪਤਾ ਨਹੀਂ ਸੀ।
ਬੱਕਰੀਆਂ ਮਗਰ ਸਾਰਾ ਦਿਨ ਖੁੱਚਾਂ ਕਢਾਉਣ ਤੋਂ ਬਾਅਦ ਤਿਰਕਾਲਾਂ ਨੂੰ ਜਦੋਂ ਮੈਂ ਘਰ ਆਉਂਦਾ ਤਾਂ ਬੀਬੀ ਬੁੱਕਲ਼ 'ਚ ਲੈ ਕੇ ਆਖਦੀ, 'ਪੁੱਤ ਆ ਗਿਆਂ! ਸਾਰਾ ਦਿਨ ਬੱਕਰੀਆਂ ਮਗਰ ਫਿਰ-ਫਿਰ ਕੇ ਥੱਕ ਜਾਂਦਾ ਹੋਣਾ ਆ ਮੇਰਾ ਪੁੱਤ। '
ਇਕ ਦੋ ਵਾਰ ਮੈਨੂੰ ਦੁਬਾਰਾ ਪੜ੍ਹਨੇ ਪਾਉਣ ਲਈ ਬੀਬੀ ਨੇ ਭਾਪੇ ਦਾ ਤਰਲਾ ਵੀ ਮਾਰਿਆ, ਪਰ ਉਲਟਾ ਜੁਆਬ ਏਹੀ ਮਿਲਿਆ, 'ਏਹਨੇ ਕਿਹੜਾ ਪੜ੍ਹ ਕੇ ਡੀ. ਸੀ. ਲੱਗਣਾ ਆ!'
ਸਾਢੇ ਸੋਲਾਂ ਸਾਲਾਂ ਦਾ ਹੋਵਾਂਗਾ ਜਦੋਂ ਆਪਣੇ ਵਾਂਗ ਸਕੂਲੋਂ ਹਟੇ ਆਪਣੇ ਜਮਾਤੀ ਤਰਖਾਣਾਂ ਦੇ ਮੁੰਡੇ ਦੀਪੇ ਨਾਲ ਘਰ ਵਿਚ ਬਿਨਾਂ ਕਿਸੇ ਨੂੰ ਦੱਸੇ ਗੁਰੂ ਕੀ ਨਗਰੀ ਵਿਚ ਇਕ ਲੋਹੇ ਦੇ ਕਾਰਖਾਨੇ 'ਚ ਮਾਮੂਲੀ ਜਿਹੀ ਉਜਰਤ ਬਦਲੇ ਜਾ ਲੱਗਾ। ਇਹ ਬਾਲ ਉਮਰ ਦੀ ਪਹਿਲੀ ਬਗ਼ਾਵਤ ਸੀ।
ਦੀਪਾ ਇਕ ਤਰ੍ਹਾਂ ਕਾਰਖਾਨੇ ਲੱਗਣ ਵਾਸਤੇ ਮੇਰਾ ਸਿਫਾਰਸ਼ੀ ਸੀ। ਦੀਪਾ ਤਾਂ ਛੇਵੀਂ ਵਿਚੋਂ ਹਟ ਕੇ ਹੀ ਆਪਣੇ ਫੋਰਮੈਨ ਚਾਚੇ ਕੋਲ ਸ਼ਹਿਰ ਚਲਾ ਗਿਆ ਸੀ, ਪਰ ਮੈਂ ਅੱਠਵੀਂ ਪਾਸ ਕਰ ਲਈ ਸੀ।
ਕਾਰਖਾਨੇ ਵਿਚ ਕੰਮ ਕਰਦੇ ਇਕ ਬਜ਼ੁਰਗ ਕਾਰੀਗਰ ਦੇ ਬੋਲ ਮੈਨੂੰ ਅੱਜ ਤੱਕ ਵੀ ਨਹੀਂ ਭੁੱਲਦੇ ਜਿਨ੍ਹਾਂ ਨੇ ਮੇਰੀ ਅਗਵਾਈ ਕੀਤੀ। ਲੋਹੇ ਦੀ ਲੱਠ ਸਿੱਧੀ ਕਰਨ ਲਈ ਭਾਰੇ ਵਦਾਣ ਦੀਆਂ ਸੱਟਾਂ ਮਾਰਦਿਆਂ ਬਜ਼ੁਰਗ ਨੇ ਮੈਨੂੰ ਪੁੱਛਿਆ, 'ਕਾਕਾ ਕਿੰਨਾ ਪੜ੍ਹਿਆ ਏਂ ?
'ਅੱਠ ਪਾਸ ਹਾਂ ਬਾਪੂ ਜੀ। ' ਮੇਰਾ ਸੰਖੇਪ ਜੁਆਬ ਸੀ।
'ਸਾਰੀ ਉਮਰ ਕਾਰਖਾਨਿਆਂ ਵਿਚ ਈ ਰੁਲ਼ਜੇਂਗਾ, ਜਾਂ ਤਾਂ ਅੱਗੇ ਪੜ੍ਹ ਲੈ ਜਾਂ ਫ਼ੌਜ ਵਗੈਰਾ ਵਿਚ ਭਰਤੀ ਹੋ ਜਾ, ਕਾਰਖਾਨਾ ਕਿਧਰੇ ਨਹੀਂ ਭੱਜਾ ਜਾਂਦਾ। ਲੋਹੇ ਦੇ ਕਾਰਖਾਨਿਆਂ ਦੇ ਮਾਲਕਾਂ ਦੇ ਦਿਲ ਵੀ ਲੋਹੇ ਵਰਗੇ ਈ ਹੁੰਦੇ ਨੇ। ' ਬਜ਼ੁਰਗ ਦੀ ਵਜ਼ਨਦਾਰ ਸਲਾਹ ਮੈਨੂੰ ਜਚ ਗਈ।
ਮੈਂ ਪਿੰਡ ਜਾਣ ਲੱਗੇ ਦੀਪੇ ਨੂੰ ਕਿਹਾ, 'ਬੀਬੀ ਨੂੰ ਆਖੀਂ, ਫਿਕਰ ਨਾ ਕਰੇ ਤੇ ਭਾਪੇ ਨੂੰ ਦੱਸੇ ਵੀ ਨਾ, ਤੇਰਾ ਪੁੱਤ ਹੁਣ ਕੁਝ ਬਣ ਕੇ ਹੀ ਪਿੰਡ ਆਊ। ਬੀਬੀ ਨੂੰ ਆਖੀਂ, ਮੇਰੇ ਸਰਟੀਫਿਕੇਟ ਵਾਲੀ ਫੋਟੋ ਦੇ ਦੇਵੇ ਜਿਹੜੀ ਉਹਨੇ ਬੜੀ ਰੀਝ ਨਾਲ ਮੜ੍ਹਾ ਕੇ ਅੰਗੀਠੀ 'ਤੇ ਰੱਖੀ ਆ।'
ਦੀਪਾ ਮੇਰੀ ਅੱਠਵੀਂ ਬੋਰਡ ਦੀ ਮਾਰਕਸ਼ੀਟ ਵਾਲੀ ਫੋਟੋ ਪਿੰਡੋਂ ਲੈ ਆਇਆ। ਓਹਨਾਂ ਵੇਲਿਆਂ ਵਿਚ ਫ਼ੌਜੀ ਭਰਤੀ ਹਫਤੇ ਵਿਚ ਦੋ ਵਾਰ ਹੋਇਆ ਕਰਦੀ ਸੀ। ਬਜ਼ੁਰਗ ਕਾਰੀਗਰ ਦੇ ਕਹੇ ਅਨੁਸਾਰ ਮੈਂ ਭਰਤੀ ਵਾਲੇ ਦਿਨ ਛੁੱਟੀ ਲੈ ਕੇ ਭਰਤੀ ਦਫ਼ਤਰ ਚਲਾ ਗਿਆ। ਭਰਤੀ ਕਰਨ ਵਾਲੇ ਨੇ ਸਰਟੀਫਿਕੇਟ ਵੇਖਣ ਤੋਂ ਬਿਨਾਂ ਹੀ ਛਾਤੀ ਘੱਟ ਹੈ, ਕਹਿ ਕੇ ਹੋਰ ਕਈਆਂ ਨਾਲ ਮੈਨੂੰ ਵੀ ਮੋੜ ਦਿੱਤਾ।
ਦੋ ਤਿੰਨ ਮਹੀਨੇ ਬਾਅਦ ਮੈਂ ਫਿਰ ਭਰਤੀ ਲਾਈਨ ਵਿਚ ਜਾ ਖਲੋਤਾ। ਜਦੋਂ ਭਰਤੀ ਕਰਨ ਵਾਲੇ ਸਰਟੀਫਿਕੇਟਾਂ ਦੀ ਛਾਣਬੀਣ ਕਰ ਰਹੇ ਸਨ ਤਾਂ, 'ਮੇਰਾ ਪੁੱਤ ਆਪਣੇ ਮਾਮੇ ਵਾਂਗ ਲਫਟੈਣ ਬਣੂ' ਬੀਬੀ ਦਾ ਆਖਿਆ ਯਾਦ ਆ ਗਿਆ। ਜਦੋਂ ਮੇਰਾ ਨਾਂਅ ਲੈ ਕੇ ਭਰਤੀ ਕਰਨ ਵਾਲੇ ਨੇ ਬੁਲਾਇਆ ਤਾਂ ਮੈਨੂੰ ਲੱਗਿਆ ਕਿ ਮੈਂ ਲਫਟੈਣ ਬਣ ਗਿਆ ਹਾਂ। 'ਕਾਕਾ, ਉਂਝ ਤਾਂ ਤੂੰ ਫਿੱਟ ਏਂ ਪਰ ਪੰਜ ਮਹੀਨੇ ਤੇਰੀ ਉਮਰ ਘੱਟ ਹੈ, ਸਾਢੇ ਸਤਾਰਾਂ ਸਾਲਾਂ ਤੋਂ ਬਾਅਦ ਜਦੋਂ ਮਰਜ਼ੀ ਆ ਜਾਵੀਂ। ' ਇਕ ਗੋਲ ਮੋਹਰ ਲਾ ਕੇ ਸਰਟੀਫਿਕੇਟ ਵਾਪਸ ਕਰ ਦਿੱਤਾ। ਜਿਸ ਦਾ ਮਤਲਬ ਸੀ ਕਿ ਮੈਂ ਦੁਬਾਰਾ ਭਰਤੀ ਵੇਖ ਸਕਦਾ ਹਾਂ।
ਪੰਜ ਮਹੀਨੇ ਮੈਨੂੰ ਪੰਜਾਂ ਸਾਲਾਂ ਦੇ ਬਰਾਬਰ ਲੱਗ ਰਹੇ ਸਨ।
ਖੈਰ! ਬੀਬੀ ਦੀਆਂ ਦੁਆਵਾਂ ਸਦਕਾ ਮੈਂ ਸਾਢੇ ਸਤਾਰਾਂ ਸਾਲਾਂ ਦਾ ਭਰਤੀ ਹੋ ਗਿਆ। ਭਰਤੀ ਦਫਤਰ ਵਾਲਿਆਂ ਉਸ ਦਿਨ ਭਰਤੀ ਕੀਤੇ ਮੁੰਡਿਆਂ ਨੂੰ ਇਕ-ਇਕ ਸਲਿੱਪ ਜਿਹੀ ਦਿੱਤੀ ਸੀ ਜਿਸ ਉੱਪਰ ਪਿੰਡ ਦੇ ਸਰਪੰਚ ਦੇ ਦਸਤਖਤਾਂ ਨਾਲ ਮੋਹਰ ਲਵਾ ਕੇ ਅਗਲੇ ਦਿਨ ਦਸ ਵਜੇ ਆਉਣ ਨੂੰ ਕਿਹਾ।
ਜਦੋਂ ਮੈਂ ਸ਼ਾਮ ਨੂੰ ਘਰ ਗਿਆ ਤਾਂ ਸਾਲ ਮਗਰੋਂ ਘਰ ਪਰਤੇ ਨੂੰ ਬੀਬੀ ਮੈਨੂੰ ਬੁੱਕਲ਼ ਵਿਚ ਲੈ ਕੇ, 'ਆ ਗਿਆਂ ਮੇਰਾ ਪੁੱਤ! ਆਖਦੀ ਹੁਬਕੀਂ ਰੋਈ ਸੀ। ਉਸ ਦਿਨ ਸਬੱਬੀਂ ਭਾਪਾ ਆਪਣੇ ਜੋਟੀਦਾਰਾਂ ਨਾਲ ਕਿਧਰੇ ਗਿਆ ਹੋਇਆ ਸੀ, ਉਹ ਮੈਨੂੰ ਨਹੀਂ ਮਿਲਿਆ। ਸਰਪੰਚ ਦੀ ਮੋਹਰ ਲੱਗੀ ਪਰਚੀ ਲੈ ਕੇ ਅਗਲੇ ਦਿਨ ਜਦੋਂ ਮੈਂ ਟਾਂਗੇ ਵਿਚ ਬੈਠਣ ਲੱਗਾ ਤਾਂ ਬੀਬੀ ਅੱਖਾਂ ਭਰਦੀ ਬੋਲੀ, 'ਚਿੱਠੀ ਛੇਤੀ ਪਾਵੀਂ ਮੇਰਾ ਪੁੱਤ। '
'ਓ ਬੀਬੀ! ਅਜੇ ਮੈਂ ਪੂਰੀ ਤਰ੍ਹਾਂ ਭਰਤੀ ਨਹੀਂ ਹੋਇਆ, ਡਾਕਟਰੀ ਹੋਣੀ ਆ ਹਾਲੇ। ' ਮੈਨੂੰ ਬੀਬੀ ਦੇ ਕਮਲ਼ ਘੋਟਣ 'ਤੇ ਥੋੜ੍ਹੀ ਖਿਝ ਵੀ ਹੋਈ।
'ਤੂੰ ਹੋ ਜਾਣਾ ਆ। ' ਬੀਬੀ ਨੇ ਸਿਰ ਦੇ ਘਸੇ ਲੀੜੇ ਨਾਲ ਅੱਖਾਂ ਪੂੰਝਦਿਆਂ ਫਿਰ ਕਿਹਾ।
ਬੀਬੀ ਦੇ ਪੈਰ ਛੂਹ ਕੇ ਮੈਂ ਟਾਂਗੇ 'ਤੇ ਬੈਠ ਗਿਆ। ਮੈਂ ਵੇਖਿਆ ਟਾਂਗਾ ਤੁਰਦਾ ਵੇਖ ਮੂੰਹ ਅੱਗੇ ਲੀੜਾ ਲੈ ਕੇ ਬੀਬੀ ਫਿਰ ਫਫਕ ਪਈ ਸੀ। ਉਸ ਵੇਲੇ ਮੇਰਾ ਵੀ ਗੱਚ ਭਰ ਆਇਆ।
ਓਦੋਂ ਭਰਤੀ ਹੋਣ ਵਾਲਿਆਂ ਨੂੰ ਭਰਤੀ ਹੋਣ ਤੋਂ ਬਾਅਦ ਘਰ ਨਹੀਂ ਸਨ ਜਾਣ ਦੇਂਦੇ। ਉਸ ਦਿਨ ਡਾਕਟਰੀ ਤੋਂ ਮਗਰੋਂ ਭਰਤੀ ਦਫ਼ਤਰ ਵਾਲਿਆਂ ਸਾਰੀ ਕਾਰਵਾਈ ਕਰਕੇ ਪੰਦਰਾਂ ਰੁਪਏ ਨਕਦ ਤੇ ਇਕ-ਇਕ ਨਵਾਂ ਨਕੋਰ ਫ਼ੌਜੀ ਕੰਬਲ ਦਿੱਤਾ। ਇਕ ਫ਼ੌਜੀ ਨੁਮਾਇੰਦੇ ਨੇ ਆਪ ਸਟੇਸ਼ਨ ਤੋਂ ਰੇਲਵੇ ਵਰੰਟ ਤੁੜਵਾ ਕੇ ਹੋਰ ਸਾਥੀਆਂ ਨਾਲ ਰਾਖਵੇਂ ਫ਼ੌਜੀ ਡੱਬੇ ਵਿਚ ਬਿਠਾ ਕੇ ਸਿਖਲਾਈ ਕੇਂਦਰ ਨੂੰ ਰਵਾਨਾ ਕਰ ਦਿੱਤਾ। ਬੀਬੀ ਦੇ ਕਹੇ ਅਨੁਸਾਰ ਮੈਂ ਪਹਿਲਾ ਕੰਮ ਸਿਖਲਾਈ ਕੇਂਦਰ ਦਾ ਆਪਣਾ ਪਤਾ ਲਿਖ ਕੇ ਘਰ ਚਿੱਠੀ ਪਾਉਣ ਦਾ ਕੀਤਾ। ਪੰਜ ਛੇ ਦਿਨਾਂ ਬਾਅਦ ਹੀ ਬੀਬੀ ਵਲੋਂ ਪਿੰਡ ਵਾਲੇ ਲੱਖੇ ਡਾਕੀਏ ਕੋਲੋਂ ਲਿਖਵਾਈ ਚਿੱਠੀ ਪ੍ਰਾਪਤ ਹੋਈ। ਮਾਂ ਦੀਆਂ ਦੁਆਵਾਂ ਹਮੇਸ਼ਾ ਮੇਰੇ ਅੰਗ-ਸੰਗ ਰਹੀਆਂ। ਉਸਦੀਆਂ ਦੁਆਵਾਂ ਦਾ ਹੀ ਪ੍ਰਤਾਪ ਸੀ ਕਿ ਮੈਂ ਤਰੱਕੀਆਂ ਹਾਸਲ ਕਰਦਾ ਜੂਨੀਅਰ ਕਮਿਸ਼ਨ ਅਫਸਰ (ਬੀਬੀ ਦਾ ਲਫਟੈਣ) ਬਣ ਕੇ ਸੇਵਾ ਮੁਕਤੀ ਲਈ। ਨੌਕਰੀ ਦੌਰਾਨ ਛੁੱਟੀ ਆਉਣ ਮੌਕੇ ਬੱਕਰੀਆਂ ਲੈ ਕੇ ਦੇਣ ਵਾਲਾ ਬਾਪੂ ਬੜੇ ਮਾਣ ਨਾਲ ਮੇਰੇ ਸਾਮਾਨ ਵਾਲੇ ਕਾਲੇ ਬਕਸੇ ਨੂੰ ਪਿੰਡ ਦੇ ਬੱਸ ਅੱਡੇ ਤੋਂ ਸਿਰ 'ਤੇ ਚੁੱਕ ਕੇ ਲਿਆਉਂਦਾ ਰਿਹਾ। ਘਰ ਪਹੁੰਚੇ ਨੂੰ ਬੀਬੀ ਗਲ਼ ਨਾਲ ਲਾਉਦਿਆਂ ਹਮੇਸ਼ਾ ਆਖਦੀ, 'ਆ ਗਿਆ ਮੇਰਾ ਲਫਟੈਣ ਪੁੱਤ। '
ਵਿਆਹ ਤੋਂ ਬਾਅਦ ਬੱਚੇ ਪੈਦਾ ਹੋ ਕੇ ਸਿਆਣੇ ਹੋ ਗਏ ਸਨ।
ਸੇਵਾ ਮੁਕਤੀ ਤੋਂ ਬਾਅਦ ਸੂਬਾ ਸਰਕਾਰ ਦੀ ਨੌਕਰੀ ਵੀ ਰਾਖਵਾਂਕਰਨ ਕਰਕੇ ਜਲਦੀ ਹੀ ਮਿਲ ਗਈ। ਇਸ ਅਰਸੇ ਦੌਰਾਨ ਬਾਪੂ ਆਪਣੀ ਆਉਧ ਭੋਗ ਕੇ ਤੁਰ ਗਿਆ। ਬੀਬੀ ਘਰ ਦੇ ਕੰਮਕਾਜ ਕਰਦਿਆਂ ਡਿੱਗ ਕੇ ਚੂਲ਼ਾ ਤੁੜਵਾ ਕੇ ਮੰਜੀ 'ਤੇ ਪੱਕੇ ਤੌਰ 'ਤੇ ਪੈ ਗਈ। ਉਮਰ ਵਡੇਰੀ ਹੋਣ ਕਰਕੇ ਡਾਕਟਰਾਂ ਨੇ ਚੂਲ਼ਾ ਬਦਲਣ ਤੋਂ ਇਨਕਾਰ ਕਰ ਦਿੱਤਾ। ਬੀਬੀ ਮੰਜੀ ਉੱਤੇ ਵੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੀ। ਹਫਤੇ ਬਾਅਦ ਘਰ ਆ ਕੇ ਮੈਂ ਸਭ ਤੋਂ ਪਹਿਲਾਂ ਬੀਬੀ ਦਾ ਹਾਲ ਪੁੱਛਦਾ। ਉਹ ਬੈਠੀ ਮੋਢਾ ਪਲੋਸਦਿਆਂ ਹਮੇਸ਼ਾ ਏਹੀ ਆਖਦੀ, 'ਪੁੱਤ ਆ ਗਿਆਂ! ਜੁਗ-ਜੁਗ ਜੀਣ ਦੀ ਅਸੀਸ ਦੇਣਾ ਕਦੇ ਨਾ ਭੁੱਲਦੀ।
ਮਾਂ ਪ੍ਰਤੀ ਮੈਂ ਆਪਣੀ ਪਤਨੀ ਦੀ ਸਮਰਪਣ ਭਾਵਨਾ ਤੋਂ ਭਲੀ ਭਾਂਤ ਜਾਣੂ ਹੋਣ ਦੇ ਬਾਵਜੂਦ ਜਦੋਂ ਕਦੇ ਬੀਬੀ ਨੂੰ ਕਿਸੇ ਤਕਲੀਫ਼ ਬਾਰੇ ਪੁੱਛਦਾ ਤਾਂ ਬੀਬੀ ਆਖਦੀ, 'ਮੈਂ ਕੁੱਛੜ ਚੜ੍ਹੀ ਵੀ ਡਿਗ-ਡਿਗ ਪਵਾਂ ਤਾਂ ਮੇਰੇ ਵਾਸਤੇ ਮਾੜੀ ਗੱਲ ਈ ਆ! ਬੜੀ ਕਰਮਾਂ ਵਾਲੀ ਆ ਮੇਰੀ ਨੂੰਹ। '
ਮੇਰੀ ਨੌਕਰੀ ਦੌਰਾਨ ਹੀ ਵੱਡਾ ਪੁੱਤਰ ਫ਼ੌਜੀ ਬਣਨ ਵਾਸਤੇ ਹੱਥ ਪੈਰ ਮਾਰਨ ਲੱਗ ਪਿਆ। ਇਕ ਦੋ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਗੱਲ ਨਹੀਂ ਬਣੀ। ਹੁਣ ਫ਼ੌਜੀ ਭਰਤੀ ਦੇ ਨਿਯਮ ਵੀ ਬਹੁਤ ਸਖਤ ਹੋ ਗਏ ਸਨ। ਮੈਂ ਅਕਸਰ ਪ੍ਰੇਸ਼ਾਨ ਹੋ ਜਾਂਦਾ।
ਮਾਂ ਪੁੱਤਰ ਦਾ ਚਿਹਰਾ ਵੇਖ ਕੇ ਹੀ ਉਸ ਦੇ ਦਿਲ ਦੀ ਬੁੱਝ ਲੈਂਦੀ ਹੈ। ਮੈਨੂੰ ਪ੍ਰੇਸ਼ਾਨ ਹੋਏ ਨੂੰ ਵੇਖ ਬੀਬੀ ਹਮੇਸ਼ਾ ਆਖਦੀ, 'ਫਿਕਰ ਨਾ ਕਰਿਆ ਕਰ, ਹੋ ਜਾਣਾ ਮੇਰੇ ਪੋਤਰੇ ਨੇ ਵੀ ਨੌਕਰ!' ਇਹ ਵੀ ਮਾਂ ਦਾ ਜਿਵੇਂ ਰੱਬੀ ਫ਼ੁਰਮਾਨ ਸੀ। ਵੱਡਾ ਪੁੱਤਰ ਤੇ ਛੋਟਾ ਵੀ ਸੈਨਿਕ ਬਣ ਗਏ ਸਨ।
ਮੈਂ ਡਿਊਟੀ ਗਿਆ ਹੋਇਆ ਸਾਂ। ਨੌਂ ਵਜੇ ਰਾਤ ਨੂੰ ਪਤਨੀ ਦਾ ਫੋਨ ਆਇਆ, 'ਜੀ, ਬੀਬੀ ਤੁਰ ਗਈ ਜੇ। ਵਾਰ-ਵਾਰ 'ਸੇਮਾ ਨਈਂ ਆਇਆ ? ਆਖਦੀ ਨੇ ਹੀ ਆਖਰੀ ਸਾਹ ਲਿਆ ਸੀ।
ਮੈਨੂੰ ਇੰਝ ਲੱਗਾ ਜਿਵੇਂ ਮੌਤ ਦੇ ਤੁਫ਼ਾਨ ਵਿਚ ਮੇਰੇ ਸਿਰ ਦੀ ਛੱਤ 'ਤੇ ਅਸਮਾਨੀ ਬਿਜਲੀ ਡਿੱਗ ਪਈ ਹੋਵੇ। ਕੋਲ ਕੋਈ ਨਿੱਜੀ ਸਾਧਨ ਵੀ ਨਹੀਂ ਸੀ। ਤੜਕੇ ਪਹਿਲੀ ਬੱਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਸਾਰੀ ਰਾਤ ਖਿਆਲਾਂ ਵਿਚ ਬੀਬੀ ਨਾਲ ਗੱਲਾਂ ਕਰਦਿਆਂ ਬੀਤੀ। ਮੈਂ ਸਵੇਰੇ ਅੱਠ ਵਜੇ ਘਰ ਪਹੁੰਚ ਗਿਆ ਸਾਂ। ਆਂਢ-ਗੁਆਂਢ ਦੀਆਂ ਔਰਤਾਂ ਪਤਨੀ ਨੂੰ ਦਿਲਾਸਾ ਦੇਂਦਿਆਂ ਸੱਸ ਦੀ ਕੀਤੀ ਸੇਵਾ ਦੀਆਂ ਸਿਫਤਾਂ ਕਰ ਰਹੀਆਂ ਸਨ। ਕੁਝ ਵਹਿਮੀਆਂ ਦੇ ਆਖਣ 'ਤੇ ਵੀ ਪਤਨੀ ਨੇ ਬੀਬੀ ਨੂੰ ਮੰਜੀ ਤੋਂ ਭੁੰਜੇ ਨਹੀਂ ਲਾਹਿਆ। ਨੇੜੇ ਕਾਨ੍ਹਾ ਨਹੀਂ ਰੱਖਿਆ। ਮੈਂ ਮੰਜੀ ਦੀ ਬਾਹੀ 'ਤੇ ਬੈਠ ਕੇ ਬੀਬੀ ਦੇ ਚਿਹਰੇ ਤੋਂ ਲੀੜਾ ਲਾਹ ਕੇ ਸ਼ਾਂਤ ਚਿੱਤ ਪਈ ਬੀਬੀ ਨੂੰ ਬੋਲਿਆ, 'ਬੀਬੀ, ਮੈਂ ਆ ਗਿਆਂ। ਅੱਜ ਨਹੀਂ ਆਖੇਂਗੀ! 'ਪੁੱਤ ਆ ਗਿਆਂ?'
'ਨਹੀਂ, ਹੁਣ ਨਈਂ ਬੀਬੀ ਨੇ ਬੋਲਣਾ। ' ਆਖਦੀ ਪਤਨੀ ਫਫਕ ਕੇ ਮੇਰੇ ਨਾਲ ਚਿੰਬੜ ਕੇ ਭੁੱਬਾਂ ਮਾਰਨ ਲੱਗ ਪਈ। ਸਾਨੂੰ ਦੋਵਾਂ ਜੀਆਂ ਨੂੰ ਬੜੀ ਮੁਸ਼ਕਿਲ ਨਾਲ ਪਿੱਛੇ ਹਟਾ ਕੇ ਬੀਬੀ ਦਾ ਚਿਹਰਾ ਢਕ ਦਿੱਤਾ ਗਿਆ। 'ਮੇਰਾ ਪੁੱਤ ਲਫਟੈਣ ਬਣੂ' ਆਖਣ ਵਾਲੀ ਮਾਂ ਦੀਆਂ ਯਾਦਾਂ ਦੇ ਸਰਮਾਏ ਨਾਲ ਮੈਂ ਅੱਜ ਵੀ ਅਮੀਰ ਹਾਂ।

-ਮੋਬਾਈਲ : 94656-56214

 

ਪਿਛਲੀ ਖ਼ਬਰ ਕਿੱਸੇ ਨਾਰਾਜ਼ਗੀ ਦੇ ਅਗਲੀ ਖ਼ਬਰ ਦੋ ਗ਼ਜ਼ਲਾਂ * ਤ੍ਰੈਲੋਚਨ ਲੋਚੀ *

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।