ਨਾਰਾਜ਼ ਲਫ਼ਜ਼ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਬਹੁਤ ਵਾਰੀ ਵਰਤਿਆ ਜਾਂਦਾ ਹੈ। ਮੈਂ ਫਲਾਣੇ ਬੰਦੇ ਨਾਲ ਨਾਰਾਜ਼ ਹਾਂ। ਉਸ ਨਾਲ ਗੱਲ ਕਰਨੀ ਤਾਂ ਇਕ ਪਾਸੇ ਰਹੀ, ਮੈਂ ਤਾਂ ਉਸ ਦੀ ਸ਼ਕਲ ਵੀ ਨਹੀਂ ਵੇਖਣੀ ਚਾਹੁੰਦਾ। ਖੁਸ਼ ਰਹਿਣਾ, ਪਿਆਰ ਕਰਨਾ ਜਾਂ ਨਾਰਾਜ਼ ਹੋਣਾ, ਜ਼ਿੰਦਗੀ ਦਾ ਇਕ ਅਨਿੱਖੜਵਾਂ ਹਿੱਸਾ ਹੈ। ਖ਼ੁਸ਼ੀ ਤੇ ਪਿਆਰ ਦੀ ਗੱਲ ਫਿਰ ਕਦੀ ਕਰਾਂਗੇ। ਅੱਜ ਤਾਂ ਸਿਰਫ਼ ਨਾਰਾਜ਼ਗੀ ਬਾਰੇ ਹੀ ਗੱਲਬਾਤ ਕਰਦੇ ਹਾਂ।
ਇਹ ਨਾਰਾਜ਼ਗੀ ਜਾਂ ਗੁੱਸਾ ਹੈ ਕੀ?
ਪਹਿਲਾਂ ਤਾਂ ਇਹ ਸਮਝੀਏ ਕਿ ਅਸੀਂ ਹਮੇਸ਼ਾ ਆਪਣਿਆਂ ਨਾਲ ਹੀ ਨਾਰਾਜ਼ ਹੁੰਦੇ ਹਾਂ ਕਿਉਂਕਿ ਆਪਣਿਆਂ ਤੋਂ ਹੀ ਸਾਨੂੰ ਉਮੀਦਾਂ ਹੁੰਦੀਆਂ ਹਨ। ਜਦੋਂ ਉਹ ਸਾਡੀਆਂ ਉਮੀਦਾਂ 'ਤੇ ਪੂਰੇ ਨਹੀਂ ਉਤਰਦੇ ਤਾਂ ਅਸੀਂ ਨਾਰਾਜ਼ ਹੋ ਜਾਂਦੇ ਹਾਂ। ਦੂਜਾ ਜਦੋਂ ਸਾਡੇ ਆਪਣੇ ਸਾਡੇ ਤੋਂ ਅੱਗੇ ਨਿਕਲ ਜਾਂਦੇ ਹਨ ਤਾਂ ਈਰਖਾ ਦੇ ਮਾਰੇ ਅਸੀਂ ਉਨ੍ਹਾਂ ਨਾਲ ਨਾਰਾਜ਼ ਹੋ ਜਾਂਦੇ ਹਾਂ। ਇਸੇ ਵਿਸ਼ੇ 'ਤੇ ਮੈਨੂੰ ਆਮਿਰ ਖਾਨ ਦੀ ਇਕ ਬੜੀ ਪੁਰਾਣੀ ਫਿਲਮ ਦਾ ਡਾਇਲਾਗ ਯਾਦ ਆ ਜਾਂਦਾ ਹੈ। 'ਜਬ ਪਰਾਏ ਆਗੇ ਨਿਕਲ ਜਾਤੇ ਹੈਂ ਤੋ ਤਕਲੀਫ਼ ਹੋਤੀ ਹੈ ਪਰ ਜਬ ਅਪਨੇ ਆਗੇ ਨਿਕਲ ਜਾਤੇ ਹੈ ਤੋਂ ਔਰ ਭੀ ਜ਼ਿਆਦਾ ਤਕਲੀਫ਼ ਹੋਤੀ ਹੈ।' ਤੀਜਾ ਜੇ ਤੁਹਾਨੂੰ ਕੋਈ ਇਨਸਾਨ ਪਸੰਦ ਨਹੀਂ ਹੁੰਦਾ ਤਾਂ ਤੁਸੀਂ ਕੋਈ ਨਾ ਕੋਈ ਬਹਾਨਾ ਕਰਕੇ ਉਸ ਨਾਲ ਨਾਰਾਜ਼ ਹੀ ਰਹਿੰਦੇ ਹੋ। ਜੇਕਰ ਬੰਦਾ ਪਸੰਦ ਹੋਵੇ ਤਾਂ ਉਸ ਦੇ ਸੱਤ ਖ਼ੂਨ ਵੀ ਮੁਆਫ਼ ਕਰ ਦਿੰਦੇ ਹੋ।
ਕਈ ਲੋਕ ਸਿਰਫ਼ ਆਪਣਾ ਰੋਹਬ ਦਿਖਾਉਣ ਲਈ ਨਾਰਾਜ਼ ਹੋਣ ਤੋਂ ਬਾਜ਼ ਨਹੀਂ ਆਉਂਦੇ। ਇਸੇ ਲਈ ਆਮ ਹੀ ਕਿਹਾ ਜਾਂਦਾ ਹੈ ਕਿ ਜੇ ਕਿਸੇ ਵਿਆਹ ਵਿਚ ਜੀਜਾ, ਫੁੱਫੜ ਜਾਂ ਜਵਾਈ ਨਾਰਾਜ਼ ਨਾ ਹੋਵੇ ਤਾਂ ਵਿਆਹ ਪੂਰਾ ਨਹੀਂ ਹੁੰਦਾ। ਕਈ ਵਾਰੀ ਵੱਡੀਆਂ-ਵੱਡੀਆਂ ਨਹੀਂ ਸਗੋਂ ਛੋਟੀਆਂ-ਛੋਟੀਆਂ ਗੱਲਾਂ ਵੀ ਨਾਰਾਜ਼ਗੀ ਦਾ ਕਾਰਨ ਬਣ ਜਾਂਦੀਆਂ ਹਨ। ਕਿਸੇ ਨੇ ਪਾਣੀ ਨਹੀਂ ਪੁੱਛਿਆ, ਕੁਰਸੀ ਨਹੀਂ ਦਿੱਤੀ, ਰਸਤਾ ਨਹੀਂ ਦਿੱਤਾ, ਬਸ ਹੋ ਜਾਓ ਨਾਰਾਜ਼।
ਇਕ ਹੋਰ ਤਰ੍ਹਾਂ ਦੀ ਨਾਰਾਜ਼ਗੀ ਵੀ ਹੁੰਦੀ ਹੈ ਜਿਸ ਨੂੰ ਅਸੀਂ ਆਮ ਤੌਰ 'ਤੇ ਅਣਦੇਖਿਆ ਕਰ ਦਿੰਦੇ ਹਾਂ। ਉਹ ਹੈ ਆਪਣੇ-ਆਪ ਨਾਲ ਨਾਰਾਜ਼ਗੀ। ਅਸੀਂ ਕਈ ਵਾਰੀ ਆਪਣੇ-ਆਪ ਨਾਲ ਇਸ ਕਰਕੇ ਨਾਰਾਜ਼ ਹੋ ਜਾਂਦੇ ਹਾਂ ਕਿਉਂਕਿ ਅਸੀਂ ਜ਼ਿੰਦਗੀ ਵਿਚ ਉਹ ਕੰਮ ਨਹੀਂ ਕਰ ਸਕੇ ਜੋ ਅਸੀਂ ਕਰਨਾ ਚਾਹੁੰਦੇ ਸੀ। ਐਵੇਂ ਹੀ ਐਧਰ-ਉਧਰ ਧੱਕੇ ਖਾਂਦੇ ਰਹੇ ਤੇ ਭਟਕਦੇ ਰਹੇ। ਬਹੁਤ ਵਾਰੀ ਆਪਣੇ-ਆਪ ਨਾਲ ਇਹ ਨਾਰਾਜ਼ਗੀ 'ਹੀਣਭਾਵਨਾ' ਨੂੰ ਜਨਮ ਦੇ ਸਕਦੀ ਹੈ ਤੇ ਸਾਡੀ ਸ਼ਖ਼ਸੀਅਤ 'ਤੇ ਬਹੁਤ ਮਾੜਾ ਅਸਰ ਪਾ ਸਕਦੀ ਹੈ। ਅਸੀਂ ਖੁਸ਼ ਨਹੀਂ ਰਹਿ ਸਕਦੇ ਤੇ ਸ਼ਾਇਦ ਸਕੂਨ ਭਰੀ ਜ਼ਿੰਦਗੀ ਵੀ ਨਹੀਂ ਜੀਅ ਸਕਦੇ। ਦੂਜੇ ਪਾਸੇ ਇਕ ਗੱਲ ਹੋਰ ਵੀ ਵੇਖਣ ਵਿਚ ਆਈ ਹੈ। ਜਿਸ ਇਨਸਾਨ ਨਾਲ ਸਾਨੂੰ ਕੋਈ ਮਤਲਬ ਹੋਵੇ ਜਾਂ ਉਹ ਸਾਨੂੰ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੋਵੇ ਤਾਂ ਅਸੀਂ ਉਸ ਨਾਲ ਨਾਰਾਜ਼ ਨਹੀਂ ਹੁੰਦੇ, ਜੇ ਹੁੰਦੇ ਵੀ ਤਾਂ ਆਪਣੀ ਨਾਰਾਜ਼ਗੀ ਜ਼ਾਹਿਰ ਨਹੀਂ ਕਰਦੇ। ਭਾਵੇਂ ਉਹ ਦਫਤਰ ਵਿਚ ਸਾਡਾ ਬੌਸ ਹੋਵੇ ਜਾਂ ਫਿਰ ਕੋਈ ਅਮੀਰ ਦੋਸਤ ਹੋਵੇ ਜਾਂ ਅਮੀਰ ਘਰੋਂ ਆਈ ਪਤਨੀ ਹੋਵੇ। ਅਸੀਂ ਉਨ੍ਹਾਂ ਦੀਆਂ ਸਾਰੀਆਂ ਜ਼ਿਆਦਤੀਆਂ ਤੇ ਗੱਲਾਂ ਚੁੱਪ-ਚਾਪ ਸਹਿ ਲੈਂਦੇ ਹਾਂ।
ਚਲੋ, ਇਹ ਤਾਂ ਹੋਏ ਨਾਰਾਜ਼ਗੀ ਦੇ ਵੱਖ-ਵੱਖ ਕਾਰਨ। ਹੁਣ ਗੱਲ ਕਰੀਏ ਨਾਰਾਜ਼ਗੀ ਦੀ ਪ੍ਰਤੀਕਿਰਿਆ ਦੀ। ਆਮ ਤੌਰ 'ਤੇ ਨਾਰਾਜ਼ਗੀ ਹੋਣ ਕਰਕੇ ਅਸੀਂ ਉਸ ਇਨਸਾਨ ਨਾਲ ਗੱਲ ਕਰਨੀ ਬੰਦ ਕਰ ਦਿੰਦੇ ਹਾਂ ਜਾਂ ਉਸ ਵਲੋਂ ਪਾਸਾ ਵੱਟ ਲੈਂਦੇ ਹਾਂ। ਉਸ ਤੋਂ ਦੂਰ ਹੁੰਦੇ ਜਾਂਦੇ ਹਾਂ। ਇਹ ਕੋਈ ਵੀ ਤਰੀਕਾ ਠੀਕ ਨਹੀਂ। ਸਗੋਂ ਹਿੰਮਤ ਕਰੋ ਤੇ ਉਸ ਇਨਸਾਨ ਨਾਲ ਗੱਲਬਾਤ ਕਰੋ ਤੇ ਆਪਣੀ ਨਾਰਾਜ਼ਗੀ ਬਾਰੇ ਦੱਸੋ। ਹੋ ਸਕਦਾ ਹੈ ਕਿ ਦੂਜੇ ਇਨਸਾਨ ਦੀ ਨੀਅਤ ਸਾਫ਼ ਹੋਵੇ ਤੇ ਉਸ ਨੇ ਜਾਣ-ਬੁੱਝ ਕੇ ਜਾਂ ਅਨਜਾਣੇ ਵਿਚ ਤੁਹਾਨੂੰ ਨਾਰਾਜ਼ ਕਰਨ ਦੀ ਕੋਸ਼ਿਸ਼ ਨਾ ਕੀਤੀ ਹੋਵੇ। ਗੱਲਬਾਤ ਕਰਨ ਨਾਲ ਕਈ ਵਾਰੀ ਰਿਸ਼ਤਿਆਂ ਤੇ ਦੋਸਤੀ ਵਿਚ ਪਈਆਂ ਤਰੇੜਾਂ ਤੇ ਦਰਾਰਾਂ ਖ਼ਤਮ ਹੋ ਸਕਦੀਆਂ ਹਨ।
ਹਾਂ ਕਈ ਵਾਰੀ ਅਸੀਂ ਨਾਰਾਜ਼ਗੀ ਨੂੰ ਹਾਸੇ ਤੇ ਮਜ਼ਾਕ ਵਿਚ ਵੀ ਬਦਲ ਸਕਦੇ ਹਾਂ। ਇਕ ਬੜੀ ਪੁਰਾਣੀ ਗੱਲ ਮੈਨੂੰ ਇਹ ਲੇਖ ਲਿਖਦੇ ਹੋਏ ਯਾਦ ਆ ਗਈ, ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੀ। ਜਦੋਂ ਮੈਂ ਕਾਲਜ ਵਿਚ ਪੜ੍ਹਦੀ ਸੀ, ਸਾਡੀ ਇਕ ਸਾਥਣ ਬੜੀ ਹੀ ਪਤਲੀ ਪਤੰਗ ਤੇ ਕੱਦ ਦੀ ਛੋਟੀ ਸੀ। ਇਕ ਦਿਨ ਉਹ ਲੰਬਾ ਗਰਮ ਕੋਟ ਪਾ ਕੇ ਆਈ। ਸਾਡੀ ਇਕ ਕੁਲੀਗ ਬੋਲੀ, 'ਮੈਂ ਸਮਝਿਆ ਹੈਂਗਰ 'ਤੇ ਕੋਟ ਟੰਗਿਆ ਆ ਰਿਹਾ ਹੈ। ਉਸ ਪਤਲੀ ਪਤੰਗ ਨੇ ਗੁੱਸਾ ਕਰਨ ਦੀ ਬਜਾਏ ਜਵਾਬ ਦਿੱਤਾ, 'ਬਈ, ਵਧੀਆ ਕੋਟ ਲਈ ਹੈਂਗਰ ਵੀ ਤਾਂ ਨਾਜ਼ੁਕ ਤੇ ਸੋਹਣਾ ਚਾਹੀਦਾ ਹੈ।' ਅਸੀਂ ਸਾਰੀਆਂ ਹੱਸ ਪਈਆਂ। ਸੋ, ਗੱਲਬਾਤ ਨਾਰਾਜ਼ਗੀ ਦੀ ਥਾਂ 'ਤੇ ਹਾਸੇ ਵਿਚ ਬਦਲ ਗਈ।
ਮੁੱਕਦੀ ਗੱਲ ਇਹ ਹੈ ਕਿ ਕਿਸੇ ਨਾਲ ਨਾਰਾਜ਼ ਰਹਿਣਾ ਤਾਂ ਠੀਕ ਨਹੀਂ। ਬੀਤ ਚੁੱਕਿਆ ਕੱਲ੍ਹ ਅਸੀਂ ਬਦਲ ਨਹੀਂ ਸਕਦੇ ਤੇ ਆਉਣ ਵਾਲੇ ਕੱਲ੍ਹ ਦਾ ਕੁਝ ਪਤਾ ਹੀ ਨਹੀਂ। ਸੋ, ਵਰਤਮਾਨ ਵਿਚ ਜੀਓ। ਜੇ ਹੋ ਸਕੇ ਤਾਂ ਆਪਣੇ ਬੱਚਿਆਂ, ਦੋਸਤਾਂ, ਮਿੱਤਰਾਂ ਨੂੰ ਉਨ੍ਹਾਂ ਗ਼ਲਤੀਆਂ ਤੋਂ ਬਚਾਉਣ ਦੀ ਕੋਸ਼ਿਸ਼ ਕਰੋ ਜੋ ਤੁਹਾਡੇ ਕੋਲੋਂ ਹੋ ਗਈਆਂ ਸਨ। ਨਾਰਾਜ਼ਗੀ ਪਾਲਣ ਦਾ ਤੇ ਵਧਾਉਣ ਦਾ ਕਿਸੇ ਨੂੰ ਕਦੀ ਕੋਈ ਫਾਇਦਾ ਹੁੰਦਾ ਨਹੀਂ ਨਜ਼ਰ ਆਇਆ।
ਇਸ ਵਿਸ਼ੇ 'ਤੇ ਮੈਨੂੰ ਬਾਬਾ ਫਰੀਦ ਜੀ ਦਾ ਸ਼ਬਦ ਬਹੁਤ ਹੀ ਚੰਗਾ ਲਗਦਾ ਹੈ ਜੋ ਸਾਨੂੰ ਸਭ ਨੂੰ ਜ਼ਿੰਦਗੀ ਜਿਊਣ ਦਾ ਵਧੀਆ ਰਸਤਾ ਵਿਖਾਉਂਦਾ ਹੈ:
ਫਰੀਦਾ ਬੁਰੇ ਦਾ ਭਲਾ ਕਰਿ
ਗੁਸਾ ਮਨਿ ਨਾ ਹਢਾਏ॥
ਦੇਹੀ ਰੋਗੁ ਨਾ ਲਗਈ
ਪਲੈ ਸਭੁ ਕਿਛੁ ਪਾਇ॥
-ਗੁਰੂ ਦਿਆਲ ਨਿਵਾਸ, ਕਰਤਾਰਪੁਰ, ਰਵਾਸ ਬ੍ਰਾਹਮਣਾਂ, ਡਾ: ਸੂਲਰ, ਪਟਿਆਲਾ।
ਮੋਬਾਈਲ : 95015-31277