![]()
ਅਚਾਨਕ ਬੈਠੇ-ਬੈਠੇ ਉਸ ਨੂੰ ਦਿਲ ਦਾ ਦੌਰਾ ਪਿਆ, ਵੇਖਦੇ-ਵੇਖਦੇ ਉਸ ਦੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ | ਕੁਝ ਸਮੇਂ ਬਾਅਦ ਉਸ ਨੂੰ ਹੋਸ਼ ਤਾਂ ਆ ਗਈ ਪਰ ਇਉਂ ਅਹਿਸਾਸ ਹੋਇਆ ਜਿਵੇਂ ਉਹ ਕਿਸੇ ਹੋਰ ਦੇਸ਼ ਪਹੁੰਚ ਗਿਆ ਹੋਵੇ | ਘਬਰਾਹਟ ਮਾਰੇ ਉਹ ਇਧਰ-ਉਧਰ ਘੁੰਮਿਆ, ਆਵਾਜ਼ਾਂ ਮਾਰੀਆਂ, ਪਰ ਅਫਸੋਸ ਕਿ ਸੁਣਨ ਵਾਲਾ ਕੋਈ ਨਹੀਂ ਸੀ | ਥੱਕ-ਹਾਰ ਕੇ ਜਦ ਉਹ ਬੈਠ ਗਿਆ ਤਾਂ ਇਕ ਭਿਆਨਕ ਸ਼ਕਲ ਵਾਲਾ ਇਨਸਾਨ ਉਸ ਨੇ ਆਪਣੇ ਵੱਲ ਆਉਂਦਾ ਵੇਖਿਆ | ਜਦ ਉਹ ਇਨਸਾਨ ਉਸ ਦੇ ਕੋਲ ਪਹੁੰਚ ਗਿਆ ਤਾਂ ਉਸ ਨੂੰ ਬਾਖੂਬੀ ਸਮਝ ਲੱਗ ਚੁੱਕੀ ਸੀ ਕਿ ਉਹ ਮਰ ਚੁੱਕਾ ਹੈ | ਇਸ ਲਈ ਉਸ ਨੂੰ ਲੈ ਜਾਣ ਵਾਸਤੇ ਜਮਦੂਤ ਆ ਗਿਆ ਹੈ | ਇਹ ਦੇਖ ਕੇ ਉਸ ਨੇ ਰੌਣਾ-ਗਿਰਗੜਾਉਣਾ ਸ਼ੁਰੂ ਕਰ ਦਿੱਤਾ | ਪਰ ਜਮਦੂਤ ਉਲਟਾ ਇਸ 'ਤੇ ਹੱਸਿਆ | ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪਰ ਜਮਦੂਤ ਨੇ ਉਸ ਨੂੰ ਲੱਤ ਤੋਂ ਫੜ ਲਿਆ ਅਤੇ ਧੂਹ-ਘਸੀਟ ਕੇ ਖੜਨਾ ਸ਼ੁਰੂ ਕਰ ਦਿੱਤਾ | ਉਸ ਦੇ ਪੁੱਛਣ 'ਤੇ ਜਮਦੂਤ ਬੋਲਿਆ ਕਿ ਉਹ ਉਸ ਨੂੰ ਯਮਰਾਜ ਕੋਲ ਲੈ ਕੇ ਜਾ ਰਿਹਾ ਹੈ | ਜਦ ਉਸ ਨੇ ਆਪਣੀ ਗ਼ਲਤੀ ਪੁੱਛੀ ਤਾਂ ਜਮਦੂਤ ਨੇ ਇਕ-ਇਕ ਕਰ ਕੇ ਉਸ ਦੇ ਜੀਵਨ ਦੇ ਪਾਪ ਦੱਸਣੇ ਸ਼ੁਰੂ ਕਰ ਦਿੱਤੇ | ਜਿਸ ਦੇ ਫਲਸਰੂਪ ਉਸ ਦੇ ਦੋਵੇਂ ਹੱਥ ਜੁੜ ਗਏ ਅਤੇ ਉਸ ਨੇ ਮੁਆਫ਼ੀ ਮੰਗਣੀ ਸ਼ੁਰੂ ਕਰ ਦਿੱਤੀ |
ਮੁਆਫੀ ਮੰਗਦੇ-ਮੰਗਦੇ ਜਦ ਉਸ ਦੀ ਅੱਖ ਖੁੱਲ੍ਹੀ ਤਾਂ ਉਹ ਦੇਖਦਾ ਹੈ ਕਿ ਉਸ ਦੇ ਸਾਹਮਣੇ ਡਾਕਟਰ ਸਮੇਤ ਉਸ ਦੀ ਧੀ ਅਤੇ ਪੁੱਤ ਖੜ੍ਹੇ ਸਨ | ਦੋਵੇਂ ਬੱਚਿਆਂ ਨੇ ਝੱਟ-ਘੁੱਟ ਕੇ ਗਲਵਕੜੀ ਵਿਚ ਲੈ ਲਿਆ ਅਤੇ ਪਰਮਾਤਮਾ ਦਾ ਸ਼ੁਕਰ ਕੀਤਾ | ਹੁਣ ਦੋਵੇਂ ਬੱਚੇ ਖੁਸ਼ੀ-ਖੁਸ਼ੀ ਉਸ ਨੂੰ ਹਸਪਤਾਲ ਤੋਂ ਘਰ ਲੈ ਕੇ ਜਾ ਰਹੇ ਸਨ | ਬੱਚਿਆਂ ਨਾਲ ਘਰ ਜਾਂਦੇ ਹੋਏ ਉਸ ਨੂੰ ਆਪਣੇ 'ਅਸਲੀ ਘਰ' ਦਾ ਬਾਖੂਬੀ ਪਤਾ ਲੱਗ ਚੁੱਕਾ ਸੀ, ਜਿਸ ਕਰਕੇ ਉਹ ਆਪਣੇ ਪਾਪਾਂ ਤੋਂ ਤੌਬਾ ਕਰ ਚੁੱਕਾ ਸੀ |
-ਪਿੰਡ ਥਰੀਏਵਾਲਾ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ |
ਮੋਬਾਈਲ : 82890-51214