27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਅਧਿਆਪਕ 'ਤੇ ਵਿਦਿਆਰਥਣ ਨੂੰ ਕਥਿਤ ਬਲੈਕਮੇਲ ਕਰਨ ਤੇ ਤੋਹਫੇ ਦਿਵਾਉਣ ਦੇ ਦੋਸ਼

ਅਜੀਤ ਡੈਸਕ 18-02-2026
ਮੰਡੀ ਕਿੱਲਿਆਂਵਾਲੀ, 17 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-ਪੀ.ਐਮ ਸ੍ਰੀ ਜਵਾਹਰ ਨਵੋਦਿਆ ਵਿਦਿਆਲਾ ਵੜਿੰਗਖੇੜਾ ਵਿਖੇ ਇਕ ਪੀ.ਜੀ.ਟੀ. ਭੂਗੋਲ ਅਧਿਆਪਕ 'ਤੇ 11ਵੀਂ ਜਮਾਤ ਦੀ ਵਿਦਿਆਰਥਣ ਨੂੰ ਕਥਿਤ ਬਲੈਕਮੇਲ ਕਰਕੇ ਵਿਦਿਆਲਿਆ ਕੈਂਪਸ 'ਚ ਆਪਣੀ ਰਿਹਾਇਸ਼ 'ਤੇ ਬੁਲਾਉਣ ਦੇ ਗੰਭੀਰ ਦੋਸ਼ ਲੱਗੇ ਹਨ | ਇਸ ਸਬੰਧੀ ਇਕ ਗੁਪਤ ਸ਼ਿਕਾਇਤ ਜਵਾਹਰ ਨਵੋਦਿਆ ਸੰਮਤੀ ਦੇ ਖੇਤਰੀ ਦਫ਼ਤਰ ਚੰਡੀਗੜ੍ਹ ਨੂੰ ਪੁੱਜਣ ਮਗਰੋਂ ਮਾਮਲਾ ਗਰਮਾ ਗਿਆ ਹੈ | ਇਸ ਅਧਿਆਪਕ ਦੇ ਕੋਲ ਐਨ.ਸੀ.ਸੀ. ਦੇ ਪ੍ਰੋਗਰਾਮ ਅਫ਼ਸਰ ਦਾ ਚਾਰਜ ਵੀ ਹੈ | ਗੁਪਤ ਸ਼ਿਕਾਇਤ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਧਿਆਪਕ ਵਲੋਂ ਵਿਦਿਆਰਥਣ ਨੂੰ ਘਰ ਬੁਲਾਉਣ ਮਗਰੋਂ ਮਾਮਲਾ ਚੁੱਪ ਰੱਖਣ ਲਈ ਮਹਿੰਗੇ ਤੋਹਫ਼ੇ ਦਿੱਤੇ ਗਏ | ਇਸ ਦੇ ਨਾਲ ਹੀ ਪਿਛਲੇ ਵਿਦਿਅਕ ਸੈਸ਼ਨ ਦੌਰਾਨ ਵੀ ਉਕਤ ਅਧਿਆਪਕ ਦੇ ਇਕ ਹੋਰ ਵਿਦਿਆਰਥਣ ਨਾਲ ਕਥਿਤ ਨਜ਼ਦੀਕੀ ਸੰਬੰਧ ਹੋਣ ਦੇ ਦੋਸ਼ ਲਗਾਏ ਗਏ ਹਨ | ਸਕੂਲ ਪ੍ਰਬੰਧਨ ਨੇ ਖੇਤਰੀ ਦਫ਼ਤਰ ਦੀਆਂ ਹਦਾਇਤਾਂ ਅਨੁਸਾਰ ਤੁਰੰਤ ਤਿੰਨ ਮੈਂਬਰੀ ਜਾਂਚ ਕਮੇਟੀ ਗਠਿਤ ਕਰਕੇ 18 ਫ਼ਰਵਰੀ ਤੱਕ ਰਿਪੋਰਟ ਮੰਗੀ ਗਈ ਹੈ ਅਤੇ ਸੰਬੰਧਿਤ ਅਧਿਆਪਕ ਤੋਂ ਸਪੱਸ਼ਟੀਕਰਨ ਮੰਗ ਲਿਆ ਹੈ | ਸਕੂਲ ਪ੍ਰਬੰਧਨ ਨੇ ਸੰਬੰਧਿਤ ਵਿਦਿਆਰਥਣ ਅਤੇ ਉਸ ਦੇ ਮਾਪਿਆਂ ਨੂੰ ਸੱਦ ਕੇ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਹਨ | ਫਿਲਹਾਲ ਅਧਿਆਪਕ ਪਰਿਵਾਰਕ ਕਾਰਨਾਂ ਕਰਕੇ ਛੁੱਟੀ 'ਤੇ ਹੈ | ਵਿਦਿਆਲਿਆ ਵਿਚ 8ਵੀਂ ਤੋਂ 11ਵੀਂ ਜਮਾਤ ਤੱਕ ਲਗਪਗ 90 ਐਨ.ਸੀ.ਸੀ. ਕੈਡਿਟ ਹਨ | ਮਾਮਲੇ ਦਾ ਖੁਲਾਸਾ ਕੈਂਪ ਸਮਾਪਤ ਹੋਣ ਤੋਂ ਬਾਅਦ ਉਸ ਵੇਲੇ ਹੋਇਆ ਜਦੋਂ ਸੰਬੰਧਿਤ ਵਿਦਿਆਰਥਣ ਕੋਲੋਂ ਐਨ.ਸੀ.ਸੀ. ਕੈਡਿਟਾਂ ਵਲੋਂ ਪਹਿਨੇ ਜਾਣ ਵਾਲੇ ਬੂਟਾਂ ਦਾ ਜੋੜਾ ਹੋਣ ਦੀ ਗੱਲ ਸਾਹਮਣੇ ਆਈ | ਪੁੱਛਗਿੱਛ ਵਿਚ ਬੂਟਾਂ ਦਾ ਜੋੜਾ ਉਕਤ ਅਧਿਆਪਕ ਵਲੋਂ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ | ਸਕੂਲ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਸਖ਼ਤ ਹਦਾਇਤਾਂ ਕਰਕੇ ਮਰਿਆਦਾ ਨੂੰ ਬਰਕਰਾਰ ਤੇ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਜਾਣਕਾਰੀ ਦੇਣ ਲਈ ਕਿਹਾ ਹੈ | ਗੰਭੀਰ ਦੋਸ਼ ਸਾਹਮਣੇ ਆਉਣ 'ਤੇ ਪਿੰਡ ਵੜਿੰਗਖੇੜਾ ਦੇ ਵਫ਼ਦ ਪਿ੍ੰਸੀਪਲ ਨਾਲ ਮੁਲਾਕਾਤ ਕਰਕੇ ਸਖਤ ਕਾਰਵਾਈ ਅਤੇ ਸਕੂਲ ਦਾ ਮਾਹੌਲ ਬਿਹਤਰ ਅਤੇ ਮਰਿਆਦਾ ਭਰਪੂਰ ਬਣਾਉਣ ਦੀ ਮੰਗ ਕੀਤੀ | ਨਵੋਦਿਆ ਦੇ ਪਿ੍ੰਸੀਪਲ ਪਵਨ ਬੈਨੀਵਾਲ ਨੇ ਕਿਹਾ ਕਿ ਮੁੱਢਲੀ ਪੁੱਛਗਿੱਛ ਵਿਚ ਵਿਦਿਆਰਥਣ ਅਤੇ ਉਸਦੇ ਮਾਪਿਆਂ ਨੇ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਗਲਤ ਹਰਕਤ ਹੋਣ ਤੋਂ ਇਨਕਾਰ ਕੀਤਾ ਹੈ | ਨੇੜਲੇ ਜਾਣਕਾਰਾਂ ਅਨੁਸਾਰ ਅਧਿਆਪਕ ਨੇ ਸਮੂਹ ਦੋਸ਼ ਨਕਾਰੇ ਹਨ |
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਨੇ ਕੇਂਦਰ, ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਸਾੜੀ ਅਗਲੀ ਖ਼ਬਰ ਪਿੰਡ ਸੀਰਵਾਲੀ ਵਿਖੇ 10 ਟਰਾਂਸਫ਼ਾਰਮਰਾਂ ਦਾ ਤਾਂਬਾ ਤੇ ਹੋਰ ਸਾਮਾਨ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।