ਸ੍ਰੀ ਮੁਕਤਸਰ ਸਾਹਿਬ, 17 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਇਲਾਕੇ ਵਿਚ ਟਰਾਂਸਫਾਰਮਰ ਚੋਰੀ ਹੋਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ | ਜਿਸ ਕਰਕੇ ਕਿਸਾਨ ਬਹੁਤ ਚਿੰਤਾ ਵਿਚ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਕਿਸਾਨ ਆਗੂ ਭਾਨਾ ਬਰਾੜ ਸੱਕਾਂਵਾਲੀ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਸੱਕਾਂਵਾਲੀ ਵਿਖੇ ਟਰਾਂਸਫ਼ਾਰਮਰਾਂ ਦੀ ਚੋਰੀ ਤੋਂ ਬਾਅਦ ਪਿੰਡ ਸੀਰਵਾਲੀ ਵਿਖੇ ਕਿਸਾਨਾਂ ਦੇ ਖੇਤਾਂ ਵਿਚੋਂ 10 ਟਰਾਂਸਫ਼ਾਰਮਰਾਂ ਦਾ ਤਾਂਬਾ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ | ਚੋਰ ਟਰਾਂਸਫ਼ਾਰਮਰਾਂ ਦੇ ਖਾਲੀ ਖੋਲ੍ਹ ਛੱਡ ਕੇ ਫ਼ਰਾਰ ਹੋ ਗਏ | ਕਿਸਾਨ ਆਗੂ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲਗਾਤਾਰ ਹੋ ਰਹੀਆਂ ਟਰਾਂਸਫ਼ਾਰਮਰਾਂ ਅਤੇ ਬਿਜਲੀ ਮੋਟਰਾਂ ਦੀਆਂ ਚੋਰੀਆਂ ਨੂੰ ਰੋਕਣ ਲਈ ਚੋਰ ਗਰੋਹ ਨੂੰ ਸਖਤੀ ਨਾਲ ਨੱਥ ਪਾਈ ਜਾਵੇ |