ਗਿੱਦੜਬਾਹਾ, 19 ਫ਼ਰਵਰੀ (ਪਰਮਜੀਤ ਸਿੰਘ ਥੇੜ੍ਹੀ)-ਪਤਨੀ ਵਲੋਂ ਤਲਾਕ ਨਾ ਦਿੱਤੇ ਜਾਣ ਦੇ ਰੋਸ ਵਜੋਂ ਸਹੁਰਾ ਪਰਿਵਾਰ ਵਲੋਂ ਆਪਣੀ ਪਤਨੀ ਤੇ ਉਸ ਦੀ ਮਾਤਾ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿਚ ਥਾਣਾ ਕੋਟਭਾਈ ਪੁਲਿਸ ਨੇ ਇਕ ਔਰਤ ਸਮੇਤ 7 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਜੋਗਿੰਦਰ ਕੌਰ ਪਤਨੀ ਬਲਦੇਵ ਸਿੰਘ ਵਾਸੀ ਪੰਜਗਰਾਈ ਕਲਾਂ ਜ਼ਿਲ੍ਹਾ ਫ਼ਰੀਦਕੋਟ ਨੇ ਦੱਸਿਆ ਕਿ ਉਸ ਦੀ ਲੜਕੀ ਕੁਲਦੀਪ ਕੌਰ (38) ਦੀ ਸ਼ਾਦੀ ਕਰੀਬ 13 ਸਾਲ ਪਹਿਲਾਂ ਮਨਪ੍ਰੀਤ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਕੋਠੇ ਢਾਬਾਂ ਵਾਲੇ ਕੋਟਲੀ ਅਬਲੂ ਨਾਲ ਹੋਈ ਸੀ ਅਤੇ ਇਨ੍ਹਾਂ ਦਾ ਇਕ ਲੜਕਾ ਨਿਸ਼ਾਨ ਸਿੰਘ ਪੈਦਾ ਹੋਇਆ ਸੀ | ਮਨਪ੍ਰੀਤ ਸਿੰਘ ਵੈਟਰਨਰੀ ਡਾਕਟਰ ਵਜੋਂ ਪ੍ਰਾਈਵੇਟ ਕੰਮ ਕਰਦਾ ਸੀ ਅਤੇ ਅਕਸਰ ਹੀ ਪਿੰਡਾਂ ਵਿਚ ਘੋੜੀਆਂ ਦਾ ਇਲਾਜ ਕਰਨ ਲਈ ਜਾਂਦਾ ਸੀ | ਉਸ ਨੇ ਦੱਸਿਆ ਕਿ ਲੜਕੀ ਕੁਲਦੀਪ ਕੌਰ ਨੂੰ ਸ਼ੱਕ ਹੋਇਆ ਕਿ ਉਸ ਦੇ ਪਤੀ ਮਨਪ੍ਰੀਤ ਸਿੰਘ ਦੇ ਕਿਸੇ ਹੋਰ ਔਰਤ ਨਾਲ ਸੰਬੰਧ ਹਨ ਅਤੇ ਇਸ ਬਾਰੇ ਮਨਪ੍ਰੀਤ ਸਿੰਘ ਨੂੰ ਪੁੱਛਣ 'ਤੇ ਉਸ ਨੇ ਕੁਲਦੀਪ ਕੌਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਉਨ੍ਹਾਂ ਵਲੋਂ ਮਨਪ੍ਰੀਤ ਸਿੰਘ ਨੂੰ ਅਜਿਹਾ ਨਾ ਕਰਨ ਲਈ ਸਮਝਾਇਆ ਗਿਆ, ਪ੍ਰੰਤੂ ਬਜਾਏ ਸਮਝਣ ਦੇ ਲੜਕੀ ਕੁਲਦੀਪ ਕੌਰ ਦੀ ਹੋਰ ਕੁੱਟਮਾਰ ਕਰਨ ਲੱਗਾ ਅਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗਾ | ਇਸੇ ਦੌਰਾਨ ਮਨਪ੍ਰੀਤ ਸਿੰਘ, ਮਾਤਾ ਹਰਜੀਤ ਕੌਰ, ਪਿਤਾ ਅੰਗਰੇਜ਼ ਸਿੰਘ ਤੇ ਲੜਕੇ ਨਿਸ਼ਾਨ ਸਿੰਘ ਨਾਲ ਪਿੰਡ ਦੋਦਾ ਵਿਖੇ ਰਹਿਣ ਲੱਗ ਪਿਆ ਅਤੇ ਕੁਲਦੀਪ ਕੌਰ ਪਾਸੋਂ ਤਲਾਕ ਲੈਣ ਲਈ ਗਿੱਦੜਬਾਹਾ ਅਦਾਲਤ ਵਿਖੇ ਇਕ ਕੇਸ ਦਾਇਰ ਕਰ ਦਿੱਤਾ, ਜਦਕਿ ਉਨ੍ਹਾਂ ਨੇ ਘਰ ਵਸਾਉਣ ਸੰਬੰਧੀ ਕੇਸ ਫ਼ਰੀਦਕੋਟ ਅਦਾਲਤ ਵਿਚ ਦਾਇਰ ਕੀਤਾ | ਬੀਤੀ 13 ਫ਼ਰਵਰੀ ਨੂੰ ਕੁਲਦੀਪ ਕੌਰ ਦੀ ਗਿੱਦੜਬਾਹਾ ਅਦਾਲਤ ਵਿਖੇ ਤਾਰੀਕ ਸੀ ਅਤੇ ਉਹ ਪਹਿਲਾਂ ਹੀ ਆਪਣੀ ਲੜਕੀ ਪਾਸ ਰਹਿ ਰਹੀ ਸੀ, ਜਦੋਂਕਿ ਉਸ ਦਾ ਲੜਕਾ ਬੂਟਾ ਸਿੰਘ ਤੇ ਜੇਠ ਅਜੈਬ ਸਿੰਘ ਤਾਰੀਕ 'ਤੇ ਜਾਣ ਲਈ ਆਏ ਸਨ ਅਤੇ ਆਪਣੇ ਨਾਲ ਘਰ ਦਾ ਸਾਮਾਨ ਵੀ ਲੈ ਕੇ ਆਏ ਸਨ | ਜਦੋਂ ਉਹ ਸਾਰੇ ਤਾਰੀਕ 'ਤੇ ਜਾਣ ਲਈ ਤਿਆਰ ਹੋ ਰਹੇ ਸਨ ਤਾਂ ਲੜਕੀ ਕੁਲਦੀਪ ਕੌਰ ਦਾ ਸਹੁਰਾ ਅੰਗਰੇਜ਼ ਸਿੰਘ, ਸੱਸ ਹਰਜੀਤ ਕੌਰ, ਤਾਇਆ ਸਹੁਰਾ ਸੁਖਮੰਦਰ ਸਿੰਘ, ਜਵਾਈ ਮਨਪ੍ਰੀਤ ਸਿੰਘ, ਤਾਇਆ ਸਹੁਰੇ ਦਾ ਲੜਕਾ ਗੁਰਪ੍ਰੀਤ ਸਿੰਘ ਵਾਸੀਆਨ ਕੋਠੇ ਢਾਬਾਂ ਵਾਲੇ, ਅੰਮਿ੍ਤਪਾਲ ਸਿੰਘ ਤੇ ਧਰਮਿੰਦਰ ਸਿੰਘ ਘਰ ਪਹੁੰਚੇ ਅਤੇ ਕੁਲਦੀਪ ਕੌਰ ਨੂੰ ਤਲਾਕ ਦੇਣ ਲਈ ਧਮਕਾਉਣ ਲੱਗੇ | ਇਸ 'ਤੇ ਮਨ੍ਹਾ ਕਰਨ 'ਤੇ ਉਕਤ ਵਿਅਕਤੀਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਤੇ ਉਸ ਦੀ ਲੜਕੀ ਦੇ ਗਲ ਤੇ ਕੰਨਾਂ ਵਿਚ ਪਾਏ ਗਹਿਣੇ ਪੁੱਟ ਲਏ ਅਤੇ ਲੜਕੀ ਕੁਲਦੀਪ ਕੌਰ ਤੇ ਲੜਕੇ ਬੂਟਾ ਸਿੰਘ ਦਾ ਮੋਬਾਇਲ ਵੀ ਖੋਹ ਲਏ | ਸਾਡੇ ਵਲੋਂ ਰੌਲਾ ਪਾਉਣ 'ਤੇ ਉਕਤ ਮੌਕੇ ਤੋਂ ਫਰਾਰ ਹੋ ਗਏ | ਉਨ੍ਹਾਂ ਨੂੰ ਬੂਟਾ ਸਿੰਘ ਨੇ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖ਼ਲ ਕਰਵਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਵਜ੍ਹਾ ਰੰਜਿਸ਼ ਇਹ ਹੈ ਕਿ ਉਕਤਾਨ ਚਾਹੁੰਦੇ ਹਨ ਕਿ ਉਸ ਦੀ ਲੜਕੀ ਕੁਲਦੀਪ ਕੌਰ ਮਨਪ੍ਰੀਤ ਸਿੰਘ ਨੂੰ ਤਲਾਕ ਦੇ ਦੇਵੇ | ਪੁਲਿਸ ਨੇ ਉਕਤ ਮਾਮਲੇ ਵਿਚ ਅੰਗਰੇਜ਼ ਸਿੰਘ, ਹਰਜੀਤ ਕੌਰ, ਸੁਖਮੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਅੰਮਿ੍ਤਪਾਲ ਸਿੰਘ ਤੇ ਧਰਮਿੰਦਰ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |