ਸ੍ਰੀ ਮੁਕਤਸਰ ਸਾਹਿਬ, 19 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਮੈਂਬਰਾਂ ਵਲੋਂ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਕਸਬੇ ਵਿਖੇ ਪੈਨ ਇਡੀਆ ਰੈਕਕਿਊ ਐਂਡ ਰਿਹੈਬਿਲੀਟੇਸ਼ਨ ਕੈਪੈਨ ਫਾਰ ਇਰੈਡੀਕੇਸ਼ਨ ਆਫ਼ ਚਾਈਲਡ ਐਂਡ ਐਡੋਲਸੈਂਟ ਲੇਬਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਵੱਖ-ਵੱਖ ਥਾਵਾਂ 'ਤੇ ਅਚਾਨਕ ਛਾਪੇਮਾਰੀ ਕਰਕੇ 18 ਸਾਲਾਂ ਤੋਂ ਘੱਟ ਬਾਲ ਤੇ ਕਿਸ਼ੋਰ ਕਿਰਤੀਆਂ ਦੀ ਜਾਂਚ ਕੀਤੀ ਗਈ | ਰੇਡ ਦੌਰਾਨ ਮੇਨ ਬਾਜ਼ਾਰ, ਕੋਟਕਪੂਰਾ ਰੋਡ ਅਤੇ ਬਠਿੰਡਾ ਰੋਡ ਸਥਿਤ ਦੁਕਾਨਾਂ ਤੇ ਹੋਰ ਵਪਾਰਕ ਅਦਾਰਿਆਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ | ਇਹ ਕਾਰਵਾਈ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਕਿਰਤ ਤੇ ਸੁਲਾਹ ਅਫ਼ਸਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ | ਇਸ ਦੌਰਾਨ ਸੰਬੰਧਿਤ ਦੁਕਾਨਦਾਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਭਵਿੱਖ ਵਿਚ ਬਾਲ ਜਾਂ ਕਿਸ਼ੋਰਾਂ ਨੂੰ ਖ਼ਤਰਨਾਕ ਅਦਾਰਿਆਂ ਵਿਚ ਕਿਰਤੀ ਨਾ ਰੱਖਣ ਦੀ ਚਿਤਾਵਨੀ ਦਿੱਤੀ ਗਈ | ਜਿਨ੍ਹਾਂ ਅਦਾਰਿਆਂ ਨੇ ਇਸ ਤਹਿਤ ਉਲੰਘਣਾ ਕੀਤੀ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਗਈ | ਕਿਰਤ ਇੰਸਪੈਕਟਰ ਟਿੰਕੂ ਜੈਨ ਵਲੋਂ ਚਾਈਲਡ ਲੇਬਰ ਐਕਟ ਅਧੀਨ ਸਜ਼ਾ ਤੇ ਜੁਰਮਾਨਿਆਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਹੋਰ ਦੁਕਾਨਾਂ ਤੇ ਵਪਾਰਕ ਅਦਾਰਿਆਂ ਦੇ ਮਾਲਕਾਂ ਨੂੰ ਵੀ ਚਾਈਲਡ ਲੇਬਰ ਕਾਨੂੰਨ ਸੰਬੰਧੀ ਜਾਗੂਰਕ ਕੀਤਾ ਗਿਆ | ਇਸ ਮੌਕੇ ਕਿਰਤ ਇੰਸਪੈਕਟਰ ਟਿੰਕੂ ਜੈਨ ਅਤੇ ਉਨ੍ਹਾਂ ਨਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸੋਹਲਪ੍ਰੀਤ ਕੌਰ ਸੀ.ਪੀ.ਓ., ਜਸਪਾਲ ਸਿੰਘ ਕਾਂਸਟੇਬਲ, ਸਿੱਖਿਆ ਵਿਭਾਗ ਤੋਂ ਜਸਕਰਨ ਸਿੰਘ, ਕਿਰਤ ਵਿਭਾਗ ਤੋਂ ਸਵਰਨਜੀਤ ਸਿੰਘ, ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਜੀਵਨ ਸਿੰਗਲਾ ਹਾਜ਼ਰ ਸਨ |