ਗਿੱਦੜਬਾਹਾ, 19 ਫ਼ਰਵਰੀ (ਸ਼ਿਵਰਾਜ ਸਿੰਘ ਬਰਾੜ)-ਬ੍ਰਹਮਾਕੁਮਾਰੀ ਆਸ਼ਰਮ ਕੋਟਭਾਈ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਮੁਕੇਸ਼ ਕੁਮਾਰ ਪਿੰਟੂ, ਗੁਰਦਿਆਲ ਕੌਰ ਮੱਲਣ ਤੇ ਬਿੱਟੂ ਗਾਂਧੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਦੌਰਾਨ ਬ੍ਰਹਮਾਕੁਮਾਰੀ ਭੈਣ ਰਜਨੀ ਨੇ ਕਿਹਾ ਕਿ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਲਈ ਹਲਕੇ ਦੀ ਸੰਗਤ ਵਿਚ ਬੜਾ ਹੀ ਉਤਸ਼ਾਹ ਹੈ | ਉਨ੍ਹਾਂ ਦੱਸਿਆ ਕਿ ਮਹਾਂ ਸ਼ਿਵਰਾਤਰੀ 'ਤੇ ਨਗਰ ਕੋਟਭਾਈ ਵਿਖੇ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਨਗਰ ਨਿਵਾਸੀਆਂ ਨੇ ਹਿੱਸਾ ਲਿਆ | ਇਸ ਦੌਰਾਨ ਉਨ੍ਹਾਂ ਵਲੋਂ ਆਮ ਸੰਗਤ ਨੂੰ ਬੁਰਾਈਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਗਿਆ | ਗੋਨਿਆਣਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਭੈਣ ਸ਼ੀਲਾ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਲੋਕ ਦੁਨਿਆਵੀ ਨਸ਼ੇ ਨੂੰ ਜ਼ਿਆਦਾ ਵਰਤ ਰਹੇ ਹਨ, ਜਿਸ ਨਾਲ ਸਾਡੀ ਸਿਹਤ, ਪੈਸਾ ਤੇ ਆਚਰਨ ਖ਼ਰਾਬ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਪ੍ਰਮਾਤਮਾ ਦੇ ਨਾਂਅ ਦਾ ਨਸ਼ਾ ਕਰਨਾ ਚਾਹੀਦਾ ਹੈ, ਜਿਸ ਨਾਲ ਸਾਡੀ ਆਤਮਾ ਤੇ ਸਾਡਾ ਸਮਾਜ ਸੁਧਰੇਗਾ | ਸਮਾਗਮ ਦੇ ਅੰਤ ਵਿਚ ਝੰਡੇ ਦੀ ਰਸਮ ਵੀ ਨਿਭਾਈ ਗਈ | ਇਸ ਮੌਕੇ ਸੰਗਤ ਨੇ ਭਜਨ ਤੇ ਗੀਤ ਪੇਸ਼ ਕੀਤੇ ਗਏ | ਇਸ ਮੌਕੇ ਅਤੁੱਟ ਲੰਗਰ ਵੀ ਵਰਤਾਇਆ ਗਿਆ | ਇਸ ਮੌਕੇ ਭਾਈ ਮਹਿੰਦਰ ਸਿੰਘ, ਸ਼ਕਤੀ ਜਿੰਦਲ, ਪਵਨ ਕੁਮਾਰ, ਰਮੇਸ਼ ਕੁਮਾਰ, ਸੁਰਿੰਦਰ ਕੁਮਾਰ, ਸ਼ਸ਼ੀ ਮੁੰਜਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ |