30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਮੁਫ਼ਤ ਮੈਡੀਕਲ ਜਾਂਚ ਕੈਂਪ ਵਿਚ 386 ਲੋਕਾਂ ਨੇ ਕਰਵਾਈ ਮੈਡੀਕਲ ਅਤੇ ਕੈਂਸਰ ਜਾਂਚ • ਗੁਰਚਰਨ ਸਿੰਘ ਸਿੱਧੂ ਦੀ ਯਾਦ 'ਚ ਲਗਾਇਆ ਕੈਂਪ

ਅਜੀਤ ਡੈਸਕ 20-02-2026
ਸ੍ਰੀ ਮੁਕਤਸਰ ਸਾਹਿਬ, 19 ਫ਼ਰਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਉਘੇ ਸੁਤੰਤਰਤਾ ਸੰਗਰਾਮੀ ਡਾਕਟਰ ਕੇਹਰ ਸਿੰਘ ਸਿੱਧੂ ਦੇ ਪਰਿਵਾਰ ਵਲੋਂ ਸਵ. ਗੁਰਚਰਨ ਸਿੰਘ ਸਿੱਧੂ ਦੀ ਯਾਦ ਵਿਚ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਡਾ. ਕੁਲਵੰਤ ਸਿੰਘ ਧਾਲੀਵਾਲ ਯੂ.ਕੇ. ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਇਹ ਕੈਂਸਰ ਚੈਕਅਪ ਕੈਂਪ ਜੀ.ਕੇ. ਰਿਜ਼ੋਰਟ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ | ਇਸ ਮੈਡੀਕਲ ਕੈਂਪ ਦੌਰਾਨ ਮਰਦਾਂ ਤੇ ਔਰਤਾਂ ਦਾ ਮੁਫ਼ਤ ਕੈਂਸਰ ਚੈੱਕਅਪ ਕੀਤਾ ਅਤੇ ਔਰਤਾਂ ਦਾ ਖ਼ਾਸ ਤੌਰ 'ਤੇ ਛਾਤੀਆਂ ਦੇ ਕੈਂਸਰ ਦਾ ਚੈੱਕਅਪ ਤੇ ਹੋਰ ਬਿਮਾਰੀਆਂ ਦਾ ਵੀ ਚੈੱਕਅਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੌਕੇ 'ਤੇ ਬਣਦੀਆਂ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਕੈਂਪ ਦੌਰਾਨ ਲਗਪਗ 386 ਲੋਕਾਂ ਨੇ ਆਪਣੀ ਸਿਹਤ ਦੀ ਪੜਤਾਲ ਕਰਵਾਈ ਅਤੇ ਤਜ਼ਰਬੇਕਾਰ ਡਾਕਟਰਾਂ ਦੀ ਟੀਮ ਤੋਂ ਸਲਾਹ ਪ੍ਰਾਪਤ ਕੀਤੀ | ਔਰਤਾਂ ਤੇ ਮਰਦਾਂ ਦੇ ਕੈਂਸਰ ਦੀ ਜਾਂਚ, ਅੱਖਾਂ ਦੀ ਰੌਸ਼ਨੀ ਤੇ ਆਮ ਰੋਗਾਂ ਦੀ ਜਾਂਚ ਕੀਤੀ ਗਈ | ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਵੀ ਵੰਡੀਆਂ ਗਈਆਂ | ਇਸ ਮੌਕੇ ਐੱਸ.ਐੱਸ.ਪੀ. ਅਭਿਮੰਨਿਊ ਰਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਦੇ ਨਾਲ ਐੱਸ.ਪੀ. ਹਰਪ੍ਰੀਤ ਕੌਰ ਵੀ ਹਾਜ਼ਰ ਸਨ | ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਲੋਕ ਸਿਹਤ ਨਾਲ ਸੰਬੰਧਿਤ ਅਜਿਹੇ ਉਪਰਾਲੇ ਸਮਾਜ ਲਈ ਵਰਦਾਨ ਸਾਬਤ ਹੁੰਦੇ ਹਨ ਅਤੇ ਸਮੇਂ ਸਿਰ ਰੋਗਾਂ ਦੀ ਪਛਾਣ ਜੀਵਨ ਬਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ | ਉਨ੍ਹਾਂ ਇਸ ਮੌਕੇ ਹਾਜ਼ਰ ਡਾਕਟਰ ਕੇਹਰ ਸਿੰਘ ਸਿੱਧੂ ਦੇ ਪੋਤਰੇ ਮਨਦੀਪ ਸਿੰਘ ਸਿੱਧੂ (ਸੇਵਾ ਮੁਕਤ ਡੀ.ਆਈ.ਜੀ.) ਵਲੋਂ ਡਾ. ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਵਰਲਡ ਕੈਂਸਰ ਕੇਅਰ ਸੁਸਾਇਟੀ ਦੁਆਰਾ ਕੈਂਸਰ ਦੀ ਰੋਕਥਾਮ ਤੇ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ | ਇਸ ਮੌਕੇ ਡਾ. ਕੇਹਰ ਸਿੰਘ ਸਿੱਧੂ ਦੇ ਪੋਤਰੇ ਸਰਬੀਰਇੰਦਰ ਸਿੰਘ ਸਿੱਧੂ, ਪਰਮਜੀਤ ਸਿੰਘ ਸਿੱਧੂ ਬਿੱਲੂ ਸਮੇਤ ਕਈ ਪ੍ਰਮੁੱਖ ਹਸਤੀਆਂ ਤੇ ਇਲਾਕਾ ਵਾਸੀ ਹਾਜ਼ਰ ਸਨ | ਲੋਕਾਂ ਨੇ ਸਮਾਜ ਸੇਵਾ ਦੇ ਇਸ ਯਤਨ ਦੀ ਪ੍ਰਸੰਸਾ ਕਰਦਿਆਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ | ਡਾ. ਕੇਹਰ ਸਿੰਘ ਪਰਿਵਾਰ ਦੇ ਪ੍ਰਤੀਨਿਧੀਆਂ ਨੇ ਸਾਰੇ ਮਹਿਮਾਨਾਂ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਜ਼ਿਲ੍ਹਾ ਸੰਕਟ ਸਮੂਹ ਦੀ ਮੀਟਿੰਗ 'ਚ ਸੁਰੱਖਿਆ ਪ੍ਰਬੰਧਾਂ 'ਤੇ ਗੰਭੀਰ ਚਰਚਾ • ਮੌਕ ਅਭਿਆਸਾਂ ਰਾਹੀਂ ਜਾਗਰੂਕਤਾ ਵਧਾਉਣ... ਅਗਲੀ ਖ਼ਬਰ ਮਹਿਲਾ ਹਾਟ ਤੇ ਟਰੇਡ ਮੇਲਾ 23 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।