ਸ੍ਰੀ ਮੁਕਤਸਰ ਸਾਹਿਬ, 19 ਫ਼ਰਵਰੀ (ਹਰਮਹਿੰਦਰ ਪਾਲ)-ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਅੱਜ ਜ਼ਿਲ੍ਹਾ ਸੰਕਟ ਸਮੂਹ (ਡੀ.ਸੀ.ਜੀ.) ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਜ਼ਿਲ੍ਹੇ ਵਿਚ ਆਫ਼ਤ ਪ੍ਰਬੰਧਨ ਅਤੇ ਉਦਯੋਗਿਕ ਸੁਰੱਖਿਆ ਸੰਬੰਧੀ ਵਿਸ਼ਿਆਂ 'ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਸੰਕਟ ਸਮੂਹ ਦੇ ਮੈਂਬਰ ਸਕੱਤਰ ਵਿਸ਼ਾਲ ਸਿੰਗਲਾ ਨੇ ਸਮੂਹ ਦੀ ਰਚਨਾ, ਉਸ ਦੇ ਉਦੇਸ਼ ਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਕਟ ਸਮੂਹ ਪਹਿਲਾਂ ਤੋਂ ਹੀ ਸ੍ਰੀ ਮੁਕਤਸਰ ਸਾਹਿਬ ਵਿਚ ਕਾਰਗਰ ਹੈ ਅਤੇ ਸਾਲ 2025 ਦੌਰਾਨ ਵੱਖ-ਵੱਖ ਸੰਵੇਦਨਸ਼ੀਲ ਤੇ ਖ਼ਤਰਨਾਕ ਉਦਯੋਗਿਕ ਇਕਾਈਆਂ ਵਿਚ ਸਥਲ-ਅਧਾਰਿਤ ਮੌਕ ਅਭਿਆਸ ਸਫ਼ਲਤਾਪੂਰਵਕ ਕਰਵਾਏ ਗਏ ਸਨ | ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਹੁਣ ਨਵੇਂ ਮੌਕ ਅਭਿਆਸਾਂ ਦੀ ਸਮਾਂ-ਸੂਚੀ ਤਿਆਰ ਕੀਤੀ ਜਾ ਰਹੀ ਹੈ, ਜੋ ਜਲਦ ਹੀ ਸਾਰੇ ਵਿਭਾਗਾਂ ਤੇ ਉਦਯੋਗਿਕ ਇਕਾਈਆਂ ਨਾਲ ਸਾਂਝੀ ਕੀਤੀ ਜਾਵੇਗੀ, ਤਾਂ ਜੋ ਨਿਰਧਾਰਿਤ ਕਾਰਜਕ੍ਰਮ ਅਨੁਸਾਰ ਅਭਿਆਸ ਕੀਤੇ ਜਾ ਸਕਣ | ਐੱਸ.ਡੀ.ਐੱਮ. ਸ੍ਰੀ ਮੁਕਤਸਰ ਸਾਹਿਬ ਬਲਜੀਤ ਕੌਰ ਨੇ ਸਾਰੇ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਨਿਰਧਾਰਿਤ ਸਮਾਂ-ਸੂਚੀ ਅਨੁਸਾਰ ਇਨ੍ਹਾਂ ਗਤੀਵਿਧੀਆਂ ਵਿਚ ਸਰਗਰਮ ਭਾਗੀਦਾਰੀ ਯਕੀਨੀ ਬਣਾਈ ਜਾਵੇ, ਕਿਉਂਕਿ ਮੌਕ ਅਭਿਆਸ ਵੱਖ-ਵੱਖ ਹਿੱਸੇਦਾਰਾਂ ਵਿਚ ਜਾਗਰੂਕਤਾ ਪੈਦਾ ਕਰਦੇ ਹਨ ਅਤੇ ਅਚਾਨਕ ਆਫ਼ਤ ਦੀ ਸਥਿਤੀ ਨਾਲ ਨਿਪਟਣ ਲਈ ਤਿਆਰੀ ਮਜ਼ਬੂਤ ਕਰਦੇ ਹਨ | ਮੀਟਿੰਗ ਦੌਰਾਨ ਉਪ-ਨਿਰਦੇਸ਼ਕ ਫ਼ੈਕਟਰੀਆਂ ਵਲੋਂ ਆਫ਼ਤ ਪ੍ਰਬੰਧਨ ਸੰਬੰਧੀ ਸੁਝਾਅ ਪੇਸ਼ ਕੀਤੇ ਗਏ | ਇਸ ਸੰਦਰਭ ਵਿਚ ਐੱਸ.ਡੀ.ਐੱਮ. ਨੇ ਡੀ.ਐੱਮ.ਆਈ. ਭੋਪਾਲ ਦੇ ਸਹਿਯੋਗ ਨਾਲ ਜ਼ਿਲ੍ਹੇ ਲਈ ਬਾਹਰੀ ਐਮਰਜੈਂਸੀ ਯੋਜਨਾ (ਆਫ਼-ਸਾਈਟ ਐਮਰਜੈਂਸੀ ਪਲਾਨ) ਤਿਆਰ ਕਰਨ ਦੀ ਕਾਰਵਾਈ ਅੱਗੇ ਵਧਾਉਣ ਲਈ ਸਹਿਮਤੀ ਪ੍ਰਦਾਨ ਕੀਤੀ | ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |