ਸ੍ਰੀ ਮੁਕਤਸਰ ਸਾਹਿਬ, 19 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਵਪਾਰੀਆਂ ਸੰਬੰਧੀ ਮੁੱਦਿਆਂ ਨੂੰ ਤਰਜ਼ੀਹੀ ਤੌਰ 'ਤੇ ਸੁਲਝਾਉਣ ਲਈ ਜ਼ਿਲ੍ਹਾ ਪੱਧਰੀ ਵਪਾਰੀ ਮੀਟਿੰਗ ਸਥਾਨਕ ਘਾਹ ਮੰਡੀ ਚੌਂਕ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਗਈ | ਇਸ ਮੀਟਿੰਗ ਵਿਚ ਵੱਖ-ਵੱਖ ਵਪਾਰੀਆਂ ਤੇ ਉਨ੍ਹਾਂ ਸੰਬੰਧੀ ਸੰਗਠਨਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਵਪਾਰੀਆਂ ਤੇ ਦੁਕਾਨਦਾਰਾਂ ਦੇ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਤੇ ਦੁਕਾਨਦਾਰਾਂ ਦੇ ਮੁੱਦਿਆਂ ਨੂੰ ਤਰਜ਼ੀਹੀ ਤੌਰ 'ਤੇ ਸੁਲਝਾਉਣ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਇਹ ਮੀਟਿੰਗ ਨਿਵੇਕਲੀ ਪਹਿਲ ਹੈ, ਜਿਸ ਵਿਚ ਸਰਕਾਰ ਖ਼ੁਦ ਲੋਕਾਂ ਦੇ ਵਿਚਕਾਰ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ 'ਤੇ ਹੀ ਹੱਲ ਕਰ ਰਹੀ ਹੈ | ਵਿਧਾਇਕ ਕਾਕਾ ਬਰਾੜ ਨੇ ਕਿਹਾ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਸਮੇਂ-ਸਮੇਂ 'ਤੇ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਪਾਰੀ ਵਰਗ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਪਲ ਖੜ੍ਹੀ ਹੈ | ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ ਵਲੋਂ ਵਪਾਰੀਆਂ ਤੇ ਦੁਕਾਨਦਾਰਾਂ ਦੀਆਂ ਵੱਖ-ਵੱਖ ਸਮੱਸਿਆਵਾਂ ਜਿਵੇਂ ਬਾਜ਼ਾਰਾਂ 'ਚ ਆਉਣ ਵਾਲੀ ਟ੍ਰੈਫ਼ਿਕ ਦੀ ਸਮੱਸਿਆ, ਪਾਰਕਿੰਗ ਦੀ ਸਮੱਸਿਆ, ਬਾਜ਼ਾਰਾਂ 'ਚ ਦੁਕਾਨਦਾਰਾਂ ਤੇ ਗ੍ਰਾਹਕਾਂ ਲਈ ਵਾਸ਼ਰੂਮ ਬਣਾਉਣ, ਜੀ.ਐੱਸ.ਟੀ. ਸੰਬੰਧੀ ਸਮੱਸਿਆਵਾਂ ਤੇ ਹੋਰ ਵੱਖ-ਵੱਖ ਸਮੱਸਿਆਵਾਂ ਬਾਰੇ ਦੱਸਿਆ ਗਿਆ | ਉਨ੍ਹਾਂ ਪੰਜਾਬ ਸਰਕਾਰ ਦਾ ਇਸ ਗੱਲ ਦਾ ਧੰਨਵਾਦ ਵੀ ਕੀਤਾ ਕਿ ਇਹ ਪਹਿਲੀ ਸਰਕਾਰ ਹੈ, ਜੋ ਵਪਾਰੀ ਵਰਗ ਨਾਲ ਜ਼ਿਲ੍ਹਾ ਪੱਧਰੀ ਮੀਟਿੰਗਾਂ ਸੁਚੱਜੇ ਢੰਗ ਨਾਲ ਕਰ ਰਹੀ ਹੈ | ਵਿਧਾਇਕ ਕਾਕਾ ਬਰਾੜ ਨੇ ਭਰੋਸਾ ਦਿਵਾਇਆ ਕਿ ਵਪਾਰੀਆਂ ਸੰਬੰਧੀ ਸਾਰੀਆਂ ਮੁਸ਼ਕਿਲਾਂ ਨੂੰ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹੱਲ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਵਪਾਰੀਆਂ ਨਾਲ ਸੰਬੰਧਿਤ ਸਾਰੇ ਵਿਭਾਗਾਂ ਦੇ ਮੁਖੀ ਮੀਟਿੰਗ 'ਚ ਹਾਜ਼ਰ ਨੇ ਜਿਨ੍ਹਾਂ ਨੂੰ ਸੰਬੰਧਿਤ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ ਹੈ | ਇਸ ਮੌਕੇ ਵਨੀਤ ਜਿੰਦਲ ਚੇਅਰਮੈਨ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਸ੍ਰੀ ਮੁਕਤਸਰ ਸਾਹਿਬ, ਅਸ਼ੋਕ ਬੁੱਟਰ ਚੇਅਰਮੈਨ ਟਰੇਡਰਜ਼ ਕਮਿਸ਼ਨ ਵਿਧਾਨ ਸਭਾ ਹਲਕਾ ਗਿੱਦੜਬਾਹਾ, ਤੇਜਿੰਦਰ ਸਿੰਘ ਧੂੜੀਆ ਚੇਅਰਮੈਨ ਟਰੇਡਰਜ਼ ਕਮਿਸ਼ਨ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ, ਐੱਸ.ਡੀ.ਐੱਮ. ਬਲਜੀਤ ਕੌਰ ਸ੍ਰੀ ਮੁਕਤਸਰ ਸਾਹਿਬ, ਅਮਿਤ ਗੋਇਲ ਸਹਾਇਕ ਕਮਿਸ਼ਨਰ ਜੀ.ਐੱਸ.ਟੀ., ਮਨਜਿੰਦਰ ਸਿੰਘ ਰਾਜ ਕਰ ਅਫ਼ਸਰ, ਅਮਿਤ ਕੁਮਾਰ ਚਰਾਇਆ ਰਾਜ ਕਰ ਅਫ਼ਸਰ, ਗੁਰਿੰਦਰਜੀਤ ਸਿੰਘ ਰਾਜ ਕਰ ਅਫ਼ਸਰ, ਇੰਦਰਜੀਤ ਬਾਂਸਲ ਪ੍ਰਧਾਨ ਵਪਾਰ ਮੰਡਲ, ਇਕਬਾਲ ਸਿੰਘ ਪ੍ਰਧਾਨ ਆੜ੍ਹਤੀਆ ਯੂਨੀਅਨ, ਅਸ਼ੋਕ ਚੁੱਘ ਪ੍ਰਧਾਨ ਪ੍ਰਾਪਰਟੀ ਡੀਲਰ, ਸਮੂਹ ਵਪਾਰੀ ਵਰਗ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |