ਸ੍ਰੀ ਮੁਕਤਸਰ ਸਾਹਿਬ, 19 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਭਾਰਤ ਅਮਰੀਕਾ ਟਰੇਡ ਸਮਝੌਤੇ ਤੇ ਹੋਰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ 22 ਫ਼ਰਵਰੀ ਨੂੰ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਘਰ ਮੂਹਰੇ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਵਜੋਂ ਅੱਜ ਪਿੰਡ ਬੂੜਾ ਗੁੱਜਰ ਤੇ ਲੁਬਾਣਿਆਂਵਾਲੀ ਵਿਖੇ ਤਿਆਰੀ ਮੀਟਿੰਗਾਂ ਕੀਤੀਆਂ ਗਈਆਂ | ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਅਤੇ ਜ਼ਿਲ੍ਹਾ ਆਗੂ ਦਵਿੰਦਰ ਸਿੰਘ ਲੁਬਾਣਿਆਂਵਾਲੀ ਨੇ ਕਿਹਾ ਖੇਤੀ ਖੇਤਰ ਨੂੰ ਸਾਮਰਾਜੀ ਦੇਸ਼ ਅਮਰੀਕਾ ਲਈ ਖੋਲ੍ਹ ਕੇ ਬਾਹਰੋਂ ਸਸਤੇ ਖੇਤੀ ਉਤਪਾਦ ਲਿਆ ਕੇ ਮੋਦੀ ਸਰਕਾਰ ਨੇ ਕਿਸਾਨਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ | ਪਹਿਲਾਂ ਹੀ ਕਰਜ਼ੇ ਹੇਠ ਦੱਬੀ ਹੋਈ ਕਿਸਾਨੀ ਆਰਥਿਕ ਤੌਰ 'ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ | ਆਗੂਆਂ ਨੇ ਕਿਹਾ ਕਿ ਬੀਜ ਬਿੱਲ ਵੀ ਖੇਤੀ ਖੇਤਰ ਕਾਰਪੋਰੇਟ ਦੇ ਹਵਾਲੇ ਕਰਨ ਦੇ ਮਨਸੂਬੇ ਤਹਿਤ ਹੀ ਲਿਆਂਦਾ ਗਿਆ ਹੈ | ਆਗੂਆਂ ਨੇ ਕਿਹਾ ਕਿ ਅਮਰੀਕਾ ਦੀ ਵੱਡੀ ਕਿਸਾਨੀ ਜਿਸ ਕੋਲ ਹਜ਼ਾਰਾਂ ਏਕੜਾਂ ਦੇ ਫਾਰਮ ਹਨ, ਉਸ ਦੇ ਮੁਕਾਬਲੇ ਸਾਡੇ ਛੋਟੇ ਦਰਮਿਆਨੇ ਕਿਸਾਨ ਜਿਨ੍ਹਾਂ ਨੂੰ ਔਸਤਨ 3 ਕਿੱਲੇ ਜ਼ਮੀਨ ਆਉਂਦੀ ਹੈ, ਮੁਕਾਬਲਾ ਨਹੀਂ ਕਰ ਸਕਦੇ | ਦੂਸਰੇ ਪਾਸੇ ਅਮਰੀਕੀ ਕਿਸਾਨਾਂ ਨੂੰ ਕਰੋੜਾਂ ਰੁਪਏ ਸਬਸਿਡੀਆਂ ਮਿਲਦੀਆਂ ਹਨ, ਜਦਕਿ ਭਾਰਤ ਦੇ ਕਿਸਾਨਾਂ ਨੂੰ ਚੰਦ ਰੁਪਏ ਸਬਸਿਡੀ ਮਿਲਦੀ ਹੈ | ਕਿਸਾਨ ਆਗੂ ਜਸਪਾਲ ਸਿੰਘ ਬੂੜਾ ਗੁੱਜਰ, ਸੁਖਮੰਦਰ ਸਿੰਘ ਬੂੜਾ ਗੁੱਜਰ ਨੇ ਕਿਹਾ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਕਿਸਾਨ ਅੰਦੋਲਨ ਲੜ ਕੇ ਖੇਤੀ ਕਾਨੂੰਨ ਰੱਦ ਕਰਵਾਏ ਸੀ, ਉਸੇ ਤਰ੍ਹਾਂ ਕਿਸਾਨਾਂ ਨੂੰ ਅਮਰੀਕੀ ਸਾਮਰਾਜ ਅਤੇ ਭਾਰਤੀ ਹਾਕਮਾਂ ਦੇ ਖ਼ਿਲਾਫ਼ ਵੱਡੀ ਲਾਮਬੰਦੀ ਕਰਕੇ ਸੰਘਰਸ਼ ਦੇ ਮੈਦਾਨ ਵਿਚ ਉਤਰਨਾ ਪਵੇਗਾ | ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਬਿਜਲੀ ਤੇ ਬੀਜ ਬਿੱਲ ਅਤੇ ਹੋਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ 22 ਫ਼ਰਵਰੀ ਨੂੰ 'ਆਪ' ਸਰਕਾਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਘਰ ਮੂਹਰੇ ਦਿੱਤੇ ਜਾ ਰਹੇ ਧਰਨੇ 'ਚ ਵੱਧ ਤੋਂ ਵੱਧ ਕਿਸਾਨਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਜੁਗਰਾਜ ਸਿੰਘ, ਹਰਮੀਤ ਸਿੰਘ, ਗੁਰਜੀਤ ਸਿੰਘ ਲੁਬਾਣਿਆਂਵਾਲੀ, ਬਲਜੀਤ ਸਿੰਘ ਝਬੇਲਵਾਲੀ ਆਦਿ ਹਾਜ਼ਰ ਸਨ |