ਸ੍ਰੀ ਮੁਕਤਸਰ ਸਾਹਿਬ, 29 ਅਪ੍ਰੈਲ (ਹਰਮਹਿੰਦਰਪਾਲ)-ਗੁਰੂ ਗੋਬਿੰਦ ਸਿੰਘ ਅਤੇ ਚਾਲ੍ਹੀ ਮੁਕਤਿਆਂ ਦੀ ਪਵਿੱਤਰ ਧਰਤੀ ਉਪਰ ਬਣੇ ਗੁਰੂ ਗੋਬਿੰਦ ਸਿੰਘ ਪਾਰਕ ਅਤੇ ਮਾਤਾ ਭਾਗ ਕੌਰ ਪਾਰਕ ਦੀ ਹਾਲਤ ਅੱਜ ਕੱਲ੍ਹ ਬਦ ਤੋਂ ਬਦਤਰ ਹੋ ਚੁੱਕੀ ਹੈ | ਕਦੇ ਸੈਰਗਾਹ ਵਜੋਂ ਜਾਣੇ ਜਾਣ ਵਾਲੇ ਇੰਨ੍ਹਾਂਾਂ ਪਾਰਕਾਂ ਨੂੰ ਹੁਣ ਕੂੜਾ ਡੰਪ ਕਰਨ ਲਈ ਵਰਤਿਆ ਜਾ ਰਿਹਾ ਹੈ | ਇੰਨ੍ਹਾਂ ਤੋਂ ਬਿਨ੍ਹਾਂ ਸ਼ਹਿਰ ਵਿਚ ਹੋਰ ਕੋਈ ਪਾਰਕ ਨਹੀਂ ਹੈ | ਇਲਾਕਾ ਨਿਵਾਸੀਆਂ ਦਾ ਦੋਸ਼ ਹੈ ਕਿ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀ ਅਤੇ ਕੁਝ ਸ਼ਹਿਰ ਵਾਸੀ ਪਿਛਲੇ ਲੰਮੇ ਸਮੇਂ ਤੋਂ ਇੱਥੇ ਗੰਦਗੀ ਸੁੱਟ ਰਹੇ ਹਨ, ਜਿਸ ਕਾਰਨ ਪੂਰੇ ਇਲਾਕੇ ਵਿਚ ਭਿਆਨਕ ਬਦਬੂ ਫ਼ੈਲੀ ਹੋਈ ਹੈ | ਸਭ ਤੋਂ ਵੱਡੀ ਸਮੱਸਿਆ ਉਦੋਂ ਖੜ੍ਹੀ ਹੁੰਦੀ ਹੈ ਜਦੋਂ ਇਸ ਕੂੜੇ ਦੇ ਢੇਰ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ | ਅੱਗ ਕਾਰਨ ਪੈਦਾ ਹੋਣ ਵਾਲਾ ਜ਼ਹਿਰੀਲਾ ਧੂੰਆਂ ਨੇੜਲੇ ਘਰਾਂ ਅਤੇ ਪਾਰਕ ਵਿਚ ਸੈਰ ਕਰਨ ਆਉਣ ਵਾਲੇ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ | ਛੋਟੇ ਬੱਚੇ, ਜੋ ਪਾਰਕ ਵਿਚ ਖੇਡਣ ਆਉਂਦੇ ਹਨ, ਇਸ ਪ੍ਰਦੂਸ਼ਣ ਦਾ ਸਭ ਤੋਂ ਵੱਧ ਸ਼ਿਕਾਰ ਹੋ ਰਹੇ ਹਨ | ਗੰਦਗੀ ਅਤੇ ਧੂੰਏਾ ਨਾਲ ਅਸਥਮਾ, ਬ੍ਰੌਨਕਾਈਟਿਸ ਅਤੇ ਫੇਫੜਿਆਂ ਦੀ ਇਨਫੈਕਸ਼ਨ, ਚਮੜੀ ਦੇ ਰੋਗ, ਐਲਰਜੀ ਅਤੇ ਖ਼ਾਰਸ਼, ਪੇਟ ਦੀਆਂ ਬਿਮਾਰੀਆਂ ਫ਼ੈਲਣ ਦਾ ਖਤਰਾ ਹੈ | ਖਤਰਨਾਕ ਪੱਖ ਇਹ ਹੈ ਕਿ ਕੂੜੇ 'ਤੇ ਪਲਣ ਵਾਲੀਆਂ ਮੱਖੀਆਂ ਅਤੇ ਮੱਛਰਾਂ ਕਾਰਨ ਹੈਜ਼ਾ, ਟਾਈਫਾਈਡ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ | ਵਕੀਲ ਨਵਜੋਤ ਸਿੰਘ ਨੇ ਦੱਸਿਆ ਕਿ ਨੈਸ਼ਨਲ ਗ੍ਰੀਨ ਟਿ੍ਬਿਊਨਲ, ਕੂੜੇ ਨੂੰ ਜਨਤਕ ਥਾਂ 'ਤੇ ਸੁੱਟਣਾ ਅਤੇ ਅੱਗ ਲਗਾਉਣਾ ਕਾਨੂੰਨੀ ਅਪਰਾਧ ਹੈ | ਨੈਸ਼ਨਲ ਗ੍ਰੀਨ ਟਿ੍ਬਿਊਨਲ, ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ ਅਤੇ ਭਾਰਤੀ ਨਿਆਂ ਸੰਹਿਤਾ ਅਨੁਸਾਰ ਖੁੱਲ੍ਹੇ ਵਿੱਚ ਕੂੜਾ ਸਾੜਨਾ ਸਖ਼ਤ ਮਨ੍ਹਾ ਹੈ | ਇਹ ਨਿਯਮ ਸਥਾਨਕ ਸਰਕਾਰਾਂ ਨੂੰ ਕੂੜੇ ਦੇ ਸਹੀ ਨਿਪਟਾਰੇ ਲਈ ਜਵਾਬਦੇਹ ਬਣਾਉਂਦੇ ਹਨ | ਜਨਤਕ ਸਿਹਤ ਅਤੇ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਲਈ ਸਬੰਧਿਤ ਅਧਿਕਾਰੀਆਂ ਅਤੇ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ | ਇਸ ਮੌਕੇ ਰਜਿੰਦਰ ਸਿੰਘ, ਮਨਜੀਤ ਸਿੰਘ, ਪਿ੍ੰਸ ਕੁਮਾਰ, ਗਿੱਲ, ਜਸਵੀਰ ਸਿੰਘ, ਮਹਿੰਦਰ ਸਿੰਘ ਅਤੇ ਵਿਨੋਦ ਕੁਮਾਰ ਨੇ ਪ੍ਰਸ਼ਾਸਨ 'ਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਨਗਰ ਕੌਂਸਲ ਨੇ ਜਲਦ ਹੀ ਇਸ ਕੂੜੇ ਦੇ ਡੰਪ ਨੂੰ ਇੱਥੋਂ ਨਾ ਹਟਾਇਆ ਅਤੇ ਅੱਗ ਲਗਾਉਣ ਦੀ ਪ੍ਰਕਿਰਿਆ ਨਾ ਰੋਕੀ, ਤਾਂ ਉਹ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ | ਇਸ ਦੌਰਾਨ ਕੌਂਸਲ ਅਧਿਕਾਰੀਆਂ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਇਥੇ ਆਰਜ਼ੀ ਤੌਰ 'ਤੇ ਕੂੜਾ ਇਕੱਠਾ ਕੀਤਾ ਜਾਂਦਾ ਹੈ ਜਿਥੋਂ ਰੋਜ਼ਾਨਾ ਕੂੜਾ ਚੁੱਕ ਕੇ ਨਿਰਧਾਰਤ ਥਾਂ 'ਤੇ ਸੁੱਟਿਆ ਜਾਂਦਾ ਹੈ ਪਰ ਪਾਰਕ 'ਚ ਲੱਗੇ ਕਈ ਦਿਨਾਂ ਦੇ ਢੇਰ ਬਾਰੇ ਉਨ੍ਹਾਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ |