ਸ੍ਰੀ ਮੁਕਤਸਰ ਸਾਹਿਬ, 11 ਮਈ (ਹਰਮਹਿੰਦਰ ਪਾਲ)-ਸਥਾਨਕ ਬਠਿੰਡਾ ਰੋਡ 'ਤੇ ਤਨੇਜਾ ਪੈਟਰੋਲ ਪੰਪ ਨੇੜੇ ਇਕ ਸੀ.ਐੱਨ.ਜੀ. ਕੈਂਟਰ ਨੂੰ ਅਚਾਨਕ ਅੱਗ ਲੱਗਣ ਕਾਰਨ ਹੜਕੰਪ ਮਚ ਗਿਆ | ਜਾਣਕਾਰੀ ਅਨੁਸਾਰ ਕੈਂਟਰ ਚਾਲਕ ਰਾਕੇਸ਼ ਸਿੰਘ ਬਠਿੰਡਾ ਤੋਂ ਟਰਾਂਸਫ਼ਾਰਮਰ ਲੈ ਕੇ ਸ੍ਰੀ ਮੁਕਤਸਰ ਸਾਹਿਬ ਆ ਰਿਹਾ ਸੀ | ਇਹ ਟਰਾਂਸਫ਼ਾਰਮਰ ਸ੍ਰੀ ਮੁਕਤਸਰ ਸਾਹਿਬ ਦੇ ਬਿਜਲੀ ਘਰ ਵਿਚ ਉਤਾਰੇ ਜਾਣੇ ਸਨ | ਇਸ ਦੌਰਾਨ ਚੱਲਦੇ ਕੈਂਟਰ ਵਿਚ ਅਚਾਨਕ ਸ਼ਾਰਟ ਸਰਕਟ ਹੋ ਗਿਆ, ਜਿਸ ਕਾਰਨ ਗੱਡੀ ਨੂੰ ਅੱਗ ਲੱਗ ਗਈ | ਚਾਲਕ ਨੇ ਦੱਸਿਆ ਕਿ ਅੱਗ ਲੱਗਦੇ ਹੀ ਉਹ ਤੁਰੰਤ ਗੱਡੀ ਤੋਂ ਬਾਹਰ ਨਿਕਲ ਆਇਆ ਅਤੇ ਆਸਪਾਸ ਦੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ | ਦੇਖਦੇ ਹੀ ਦੇਖਦੇ ਅੱਗ ਨੇ ਪੂਰੇ ਕੈਂਟਰ ਨੂੰ ਆਪਣੀ ਚਪੇਟ ਵਿਚ ਲੈ ਲਿਆ | ਇਸ ਤੋਂ ਬਾਅਦ ਤੁਰੰਤ ਫਾਇਰ ਬਿ੍ਗੇਡ ਨੂੰ ਸੂਚਨਾ ਦਿੱਤੀ ਗਈ | ਫਾਇਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ 12:09 ਵਜੇ 'ਤੇ ਸੂਚਨਾ ਮਿਲੀ ਸੀ ਕਿ ਤਨੇਜਾ ਪੈਟਰੋਲ ਪੰਪ ਨੇੜੇ ਇਕ ਸੀ.ਐੱਨ.ਜੀ. ਕੈਂਟਰ ਨੂੰ ਅੱਗ ਲੱਗੀ ਹੋਈ ਹੈ | ਸੂਚਨਾ ਮਿਲਦੇ ਹੀ ਫਾਇਰ ਬਿ੍ਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਕਰੀਬ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਅੱਗ ਬੁਝਾਉਣ ਲਈ ਵਿਸ਼ੇਸ਼ ਫੋਮ ਦਾ ਇਸਤੇਮਾਲ ਕੀਤਾ ਗਿਆ ਤਾਂ ਜੋ ਸੀ.ਐੱਨ.ਜੀ. ਕਾਰਨ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ | ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕੈਂਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਦੱਸਿਆ ਜਾ ਰਿਹਾ ਹੈ ਕਿ ਗੱਡੀ ਨਵੇਂ ਮਾਡਲ ਦੀ ਸੀ ਅਤੇ ਇਸ ਦੇ ਮਾਲਕ ਬਠਿੰਡਾ ਦੇ ਰਹਿਣ ਵਾਲੇ ਹਨ | ਮੌਕੇ 'ਤੇ ਬਾਬਾ ਮੇਜਰ ਸਿੰਘ ਸੋਢੀ ਦਸਮੇਸ਼ ਸੇਵਾ ਦਲ ਦੇ ਸੇਵਾਦਾਰਾਂ ਨੇ ਵੀ ਅੱਗ ਬੁਝਾਉਣ ਅਤੇ ਲੋਕਾਂ ਦੀ ਮਦਦ ਕਰਨ ਵਿਚ ਸਹਿਯੋਗ ਦਿੱਤਾ | ਸਮੇਂ ਸਿਰ ਅੱਗ 'ਤੇ ਕਾਬੂ ਪਾ ਲੈਣ ਕਾਰਨ ਵੱਡਾ ਹਾਦਸਾ ਟਲ ਗਿਆ |