ਗਿੱਦੜਬਾਹਾ, 11 ਮਈ (ਸ਼ਿਵਰਾਜ ਸਿੰਘ ਬਰਾੜ)-ਭਾਜਪਾ ਵਲੋਂ ਜ਼ਮੀਨੀ ਪੱਧਰ 'ਤੇ ਪਾਰਟੀ ਮਜ਼ਬੂਤੀ ਲਈ ਆਪਣੀਆਂ ਸਰਗਰਮੀਆਂ ਵਿੱਢ ਦਿੱਤੀਆਂ ਗਈਆਂ ਹਨ | ਇਸ ਕੜੀ ਤਹਿਤ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਚੇਅਰਮੇਨ ਮਾਰਕੀਟ ਕਮੇਟੀ ਦੇ ਗਿੱਦੜਬਾਹਾ ਪਿ੍ਤਪਾਲ ਸ਼ਰਮਾ ਦੀ ਅਗਵਾਈ ਵਿਚ ਗਿੱਦੜਬਾਹਾ ਵਿਖੇ ਭਾਜਪਾ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਸ਼ਾਮਿਲ ਹੋਏ | ਇਸ ਮੌਕੇ ਆਗੂਆਂ ਨੇ ਬੰਗਾਲ ਵਿਚ ਤਾਜ਼ਾ ਹੋਈਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਸ਼ਾਨਦਾਰ ਜਿੱਤ 'ਤੇ ਸਭ ਨੂੰ ਵਧਾਈ ਦਿੱਤੀ ਗਈ | ਉਨ੍ਹਾਂ ਕਿਹਾ ਕਿ ਦੇਸ਼ ਵਿਚ ਜਿਸ ਵੀ ਸੂਬੇ ਵਿਚ ਭਾਜਪਾ ਦੀ ਸਰਕਾਰ ਹੈ, ਉਸ ਸੂਬੇ ਦੀ ਵਿਕਾਸ ਦਰ ਵਧ ਰਹੀ ਹੈ | ਗੁਆਂਢੀ ਹਰਿਆਣਾ ਸੂਬਾ ਪੰਜਾਬ ਨਾਲੋਂ ਜ਼ਿਆਦਾ ਤਰੱਕੀ ਕਰ ਗਿਆ ਹੈ ਅਤੇ ਪੰਜਾਬ ਵਿਕਾਸ ਪੱਖੋਂ ਪੱਛੜ ਗਿਆ ਹੈ | ਹੁਣ ਬੰਗਾਲ ਤੋਂ ਬਾਅਦ ਪੰਜਾਬ ਵਿਚ ਭਾਜਪਾ ਦੀ ਸਰਕਾਰ ਜ਼ਰੂਰ ਬਣੇਗੀ ਅਤੇ ਪੰਜਾਬ ਨੂੰ ਮੁੜ ਤੋਂ ਸੋਨੇ ਦੀ ਚਿੜੀ ਬਣਾ ਦਿੱਤਾ ਜਾਵੇਗਾ | ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਨਗਰ ਕੌਂਸਲ ਦੀਆਂ ਹੋਣ ਵਾਲੀਆਂ ਚੋਣਾਂ 'ਚ ਹਰ ਜਗ੍ਹਾ 'ਤੇ ਪਾਰਟੀ ਆਪਣੇ ਉਮੀਦਵਾਰ ਖੜੇ੍ਹ ਕਰੇਗੀ ਅਤੇ ਵਰਕਰਾਂ ਨੂੰ ਚਾਹੀਦਾ ਹੈ ਕਿ ਉਹ ਹੁਣ ਤੋਂ ਹੀ ਕਮਰਕਸੇ ਕਸ ਲੈਣ | 2027 ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇ | ਇਸ ਮੌਕੇ ਬੌਬੀ ਸਿੰਗਲਾ, ਹਰਦੀਪ ਸਿੰਘ ਦੇਦ ਸੇਵਾਦਾਰ ਬੇਸਹਾਰਾ ਨੰਦੀ ਗਊਸ਼ਾਲਾ, ਸੇਠ ਨੰਦ ਲਾਲ ਬਾਬਾ, ਵਿੱਕੀ ਬੰਬੇ ਡਾਇੰਗ, ਸਵਰਨ ਸਿੰਘ ਢੱਲਾ, ਸੰਦੀਪ ਵਰਮਾ, ਚਿਮਨ ਲਾਲ, ਮਨਪ੍ਰੀਤ ਮੰਨਾ, ਸੇਠੀ, ਲਖਵੀਰ ਸਿੰਘ ਲੱਖੀ ਆਗੂ ਹਾਜ਼ਰ ਸਨ |