10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਗਿੱਦੜਬਾਹਾ 'ਚ ਕੂੜੇ ਦੇ ਢੇਰ ਲੱਗੇ

ਅਜੀਤ ਡੈਸਕ 12-05-2026
ਗਿੱਦੜਬਾਹਾ, 11 ਮਈ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਵਿਖੇ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਦੇ ਸੰਬੰਧ ਵਿਚ ਅੱਜ ਹੜਤਾਲ 6ਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ, ਜਿਸ ਕਰਕੇ ਸ਼ਹਿਰ ਤੇ ਪਿੰਡ ਵਿਚ ਕੂੜੇ ਦੇ ਢੇਰ ਲੱਗ ਗਏ ਹਨ | ਸਫ਼ਾਈ ਦਾ ਮੰਦਾ ਹਾਲ ਹੋਣ ਕਰਕੇ ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਜ਼ਿਕਰਯੋਗ ਹੈ ਕਿ ਗਿੱਦੜਬਾਹਾ ਵਿਖੇ ਲੰਮੇ ਸਮੇਂ ਤੋਂ ਕੂੜੇ ਨੂੰ ਸੰਭਾਲਣ ਲਈ ਕੋਈ ਸਥਾਈ ਪ੍ਰਬੰਧ ਨਹੀਂ ਹਨ ਅਤੇ ਸ਼ਹਿਰ ਤੇ ਪਿੰਡ ਦਾ ਕੂੜਾ ਗਲੀਆਂ ਵਿਚ ਇਕੱਠਾ ਕੀਤਾ ਜਾਂਦਾ ਹੈ ਅਤੇ ਦਿਨ ਵੇਲੇ ਸਫ਼ਾਈ ਕਰਮਚਾਰੀਆਂ ਵਲੋਂ ਆਪਣੇ ਸਾਧਨਾਂ ਰਾਹੀ ਚੁੱਕ ਕੇ ਦੂਰ ਦੇ ਸ਼ਹਿਰਾਂ ਵਿਚ ਭੇਜਿਆ ਜਾਂਦਾ ਹੈ, ਜਿਸ ਕਰਕੇ ਸ਼ਹਿਰ ਵਿਚ ਵਧੀਆ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਲੰਮੇ ਸਮੇਂ ਤੋਂ ਹੀ ਠੰਡੇ ਬਸਤੇ ਵਿਚ ਪਏ ਹਨ | ਤਾਜ਼ਾ ਸਥਿਤੀ ਇਹ ਹੈ ਕਿ ਹੁਣ ਸਫ਼ਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਚੱਲ ਰਹੇ ਹਨ, ਜਿਸ ਕਰਕੇ ਕੂੜਾ ਤੇ ਗੰਦਗੀ ਦੇ ਢੇਰ ਸੜਕਾਂ 'ਤੇ ਲੱਗ ਗਏ ਹਨ | ਕਈ ਮੁਹੱਲਿਆਂ ਵਿਚ ਤਾਂ ਸੀਵਰੇਜ ਦਾ ਪ੍ਰਬੰਧ ਮਾੜਾ ਹੋਣ ਕਰਕੇ ਗੰਦਾ ਪਾਣੀ ਓਵਰਫ਼ਲੋ ਹੋ ਜਾਂਦਾ ਹੈ | ਸਫ਼ਾਈ ਕਰਮਚਾਰੀ ਹੜਤਾਲ 'ਤੇ ਹੋਣ ਕਰਕੇ ਉਕਤ ਸਮੱਸਿਆ ਦਾ ਹੱਲ ਮੌਕੇ 'ਤੇ ਨਾ ਹੋਣ ਕਰਕੇ ਸ਼ਹਿਰ ਵਾਸੀਆਂ ਨੂੰ ਦੂਸ਼ਿਤ ਹਵਾ ਮਿਲ ਰਹੀ ਹੈ ਅਤੇ ਕੋਈ ਭਿਆਨਕ ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਬੌਬੀ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਸੰਬੰਧੀ ਸੰਘਰਸ਼ ਕਰਦੇ ਆ ਰਹੇ ਹਨ, ਪ੍ਰੰਤੂ ਸਮੇਂ ਦੀਆਂ ਸਰਕਾਰਾਂ ਵਲੋਂ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀ ਆਪਣੀਆਂ ਜਾਨਾਂ ਜ਼ੋਖ਼ਮ ਵਿਚ ਪਾ ਕੇ ਗੰਦਗੀ ਚੁੱਕਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ | ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਸਮੇਂ ਦੀਆਂ ਸਰਕਾਰਾਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ | ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਗਾਂ ਨਹੀ ਮੰਨੀਆਂ ਜਾਂਦੀਆਂ, ਉਨ੍ਹਾਂ ਦਾ ਸੰਘਰਸ਼ ਚੱਲਦਾ ਰਹੇਗਾ |
ਪਿਛਲੀ ਖ਼ਬਰ ਮਲੋਟ ਵਿਖੇ ਘਰ ਵਿਚੋਂ ਸੋਨਾ ਅਤੇ ਨਕਦੀ ਚੋਰੀ ਅਗਲੀ ਖ਼ਬਰ ਭਾਜਪਾ ਵਲੋਂ ਜ਼ਮੀਨੀ ਪੱਧਰ 'ਤੇ ਪਾਰਟੀ ਮਜ਼ਬੂਤੀ ਲਈ ਮੁਹਿੰਮ ਵਿੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।