09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਖੇਤੀਬਾੜੀ ਮੰਤਰੀ ਦੇ ਹਲਕੇ 'ਚ ਨਹੀਂ ਖੇਤੀਬਾੜੀ ਅਫ਼ਸਰ, ਪੰਜਾਬ 'ਚ 223 'ਚੋਂ 95 ਅਸਾਮੀਆਂ ਖਾਲੀ <br/>

ਅਜੀਤ ਡੈਸਕ 15-05-2026
ਮੰਡੀ ਕਿੱਲਿਆਂਵਾਲੀ, 14 ਮਈ (ਇਕਬਾਲ ਸਿੰਘ ਸ਼ਾਂਤ)-ਪੰਜਾਬ ਦੀ ਕਿਸਾਨੀ ਨੂੰ ਆਧੁਨਿਕ ਤੇ ਲਾਭਕਾਰੀ ਬਣਾਉਣ ਦੇ ਸਰਕਾਰੀ ਦਾਅਵਿਆਂ ਦਰਮਿਆਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਖੁਦ ਹੀ ਅਮਲੇ ਦੀ ਭਾਰੀ ਘਾਟ ਨਾਲ ਜੂਝ ਰਿਹਾ ਹੈ | ਸੂਬੇ ਵਿਚ ਖੇਤੀਬਾੜੀ ਅਫ਼ਸਰਾਂ ਦੀਆਂ ਕੁੱਲ 223 ਅਸਾਮੀਆਂ ਵਿਚੋਂ 95 ਖਾਲੀ ਪਈਆਂ ਹਨ, ਜਦਕਿ ਖੇਤੀਬਾੜੀ ਵਿਕਾਸ ਅਫ਼ਸਰਾਂ (ਏ.ਡੀ.ਓ) ਦੀਆਂ 934 ਵਿਚੋਂ ਕਰੀਬ 350 ਅਸਾਮੀਆਂ ਵੀ ਖਾਲੀ ਹਨ | ਇਸਦੇ ਖੇਤੀਬਾੜੀ ਸਬ ਇੰਸਪੇਕਟਰ ਦੀਆਂ ਕਰੀਬ 725 ਆਸਾਮੀਆਂ ਵਿਚੋਂ 370 ਖਾਲੀ ਹਨ | ਜਦਕਿ ਚੋਣ ਮੌਕੇ ਸੱਤਾਪੱਖ ਵਲੋਂ ਖੇਤਾਂ ਦੇ ਮਾਸਟਰ ਰੱਖਣ ਤੱਕ ਵਾਅਦਾ ਕੀਤਾ ਗਿਆ ਸੀ | ਅਜਿਹੇ ਹਾਲਾਤ ਵਿਚ ਵਿਭਾਗੀ ਕਾਰਗੁਜ਼ਾਰੀ, ਖੇਤੀ ਪਸਾਰ ਸੇਵਾਵਾਂ ਅਤੇ ਕੁਆਲਿਟੀ ਕੰਟਰੋਲ ਦੇ ਕੰਮ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਰਹੇ ਹਨ | ਜਿਸ ਬਾਰੇ ਸੂਬਾ ਸਰਕਾਰ ਅਤੇ ਵਿਭਾਗ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ | ਖੇਤੀ ਪ੍ਰਧਾਨ ਸੂਬੇ ਪਿਛਲੇ 14 ਸਾਲਾਂ ਤੋਂ ਖੇਤੀਬਾੜੀ ਵਿਕਾਸ ਅਫ਼ਸਰਾਂ ਨੂੰ ਤਰੱਕੀ ਹੀ ਨਹੀਂ ਦਿੱਤੀ ਗਈ, ਜਦਕਿ ਵਿਭਾਗੀ ਨਿਯਮਾਂ ਮੁਤਾਬਿਕ ਛੇ ਸਾਲਾਂ ਬਾਅਦ ਤਰੱਕੀ ਹੋਣੀ ਲਾਜ਼ਮੀ ਹੈ | ਹਾਲਾਤ ਇੰਨੇ ਗੰਭੀਰ ਹਨ ਹੈ ਕਿ ਖੁਦ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਹਲਕੇ ਲੰਬੀ ਵਿਚ ਹੀ ਬਲਾਕ ਖੇਤੀਬਾੜੀ ਅਫ਼ਸਰ ਦੀ ਅਸਾਮੀ ਲੰਮੇ ਸਮੇਂ ਤੋਂ ਖਾਲੀ ਪਈ ਹੈ | ਹੈਰਾਨੀਜਨਕ ਹੈ ਕਿ ਇਸਦਾ ਚਾਰਜ ਵੀ ਕਿਸੇ ਅਧਿਕਾਰੀ ਨੂੰ ਨਹੀਂ ਦਿੱਤਾ ਗਿਆ | ਗੁਆਂਢੀ ਹਲਕੇ ਮਲੋਟ ਅਤੇ ਗਿੱਦੜਬਾਹਾ ਵੀ ਬਲਾਕ ਖੇਤੀਬਾੜੀ ਅਫ਼ਸਰਾਂ ਤੋਂ ਸੱਖਣੇ ਚੱਲ ਰਹੇ ਹਨ | ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੁੱਲ ਸੱਤ ਵਿਚੋਂ ਛੇ ਅਸਾਮੀਆਂ ਖਾਲੀ ਹਨ, ਜਦਕਿ ਜ਼ਿਲ੍ਹਾ ਹੈੱਡਕੁਆਰਟਰ 'ਤੇ ਖੇਤੀਬਾੜੀ ਅਫ਼ਸਰ ਕਾਡਰ ਦੀਆਂ ਦੋਵੇਂ ਪੋਸਟਾਂ ਖਾਲੀ ਪਈਆਂ ਹਨ | ਅੰਕੜਿਆਂ ਮੁਤਾਬਿਕ ਜ਼ਿਲ੍ਹਾ ਮਾਨਸਾ ਵਿਚ ਖੇਤੀਬਾੜੀ ਅਫ਼ਸਰ ਦੀਆਂ ਸਾਰੀਆਂ ਛੇ ਅਸਾਮੀਆਂ ਖਾਲੀ ਹਨ, ਇਨ੍ਹਾਂ ਵਿਚ ਮਾਨਸਾ, ਬੁਢਲਾਡਾ, ਝੁਨੀਰ ਅਤੇ ਭੀਖੀ ਬਲਾਕਾਂ ਤੋਂ ਇਲਾਵਾ ਸਹਾਇਕ ਕਪਾਹ ਵਿਕਾਸ ਅਫ਼ਸਰ ਅਤੇ ਭੂਮੀ ਪਰਖ ਅਫ਼ਸਰ ਦੀਆਂ ਅਸਾਮੀਆਂ ਸ਼ਾਮਿਲ ਹਨ | ਇਸੇ ਤਰ੍ਹਾਂ ਜ਼ਿਲ੍ਹਾ ਬਰਨਾਲਾ ਵਿਚ ਵੀ ਬਲਾਕ ਬਰਨਾਲਾ, ਸਹਿਣਾ ਅਤੇ ਮਹਿਲ ਕਲਾਂ ਸਮੇਤ ਭੂਮੀ ਪਰਖ ਅਫ਼ਸਰ ਦੀਆਂ ਸਾਰੀਆਂ ਅਸਾਮੀਆਂ ਕਾਫੀ ਸਮੇਂ ਤੋਂ ਖਾਲੀ ਪਈਆਂ ਹਨ | ਰੂਪਨਗਰ ਜ਼ਿਲ੍ਹੇ ਵਿਚ 12 ਵਿਚੋਂ ਇਕ ਵੀ ਅਸਾਮੀ ਭਰੀ ਨਹੀਂ, ਜਦਕਿ ਪਠਾਨਕੋਟ ਦੀਆਂ ਤਿੰਨ ਅਸਾਮੀਆਂ ਵੀ ਪੂਰੀ ਤਰ੍ਹਾਂ ਖਾਲੀ ਹਨ | ਜਲੰਧਰ ਵਿਚ 18 ਵਿਚੋਂ 12, ਫਿਰੋਜ਼ਪੁਰ ਵਿਚ 11 ਵਿਚੋਂ 7, ਗੁਰਦਾਸਪੁਰ ਵਿਚ 19 ਵਿਚੋਂ 9 ਅਤੇ ਬਠਿੰਡਾ ਵਿਚ 13 ਵਿਚੋਂ 6 ਅਸਾਮੀਆਂ ਖਾਲੀ ਹਨ | ਗੁਰਦਾਸਪੁਰ ਜ਼ਿਲ੍ਹੇ ਵਿਚ ਸ੍ਰੀ ਹਰਗੋਬਿੰਦਪੁਰ, ਬਟਾਲਾ, ਧਾਰੀਵਾਲ, ਕਲਾਨੌਰ, ਗੁਰਦਾਸਪੁਰ ਅਤੇ ਕਾਦੀਆਂ ਬਲਾਕਾਂ ਤੋਂ ਇਲਾਵਾ ਬੀਜ, ਸਿਖਲਾਈ ਅਤੇ ਗੰਨਾ ਵਿਕਾਸ ਨਾਲ ਸਬੰਧਿਤ ਅਸਾਮੀਆਂ ਖਾਲੀ ਹਨ | ਬਠਿੰਡਾ ਜ਼ਿਲ੍ਹੇ ਵਿਚ ਮੌੜ, ਫੂਲ, ਨਥਾਣਾ ਅਤੇ ਤਲਵੰਡੀ ਸਾਬੋ ਬਲਾਕਾਂ ਸਮੇਤ ਖੇਤੀਬਾੜੀ ਸਿਖਲਾਈ, ਖੇਤੀਬਾੜੀ ਸੂਚਨਾ ਅਤੇ ਸਹਾਇਕ ਮੰਡੀਕਰਨ ਅਫ਼ਸਰ ਦੀਆਂ ਪੋਸਟਾਂ ਖਾਲੀ ਹਨ | ਜਥੇਬੰਦਕ ਸੂਤਰਾਂ ਮੁਤਾਬਕ ਬਠਿੰਡਾ ਵਿਖੇ ਸਹਾਇਕ ਮੰਡੀਕਰਨ ਅਫ਼ਸਰ ਦੀ ਅਸਾਮੀ ਡੇਢ ਸਾਲ ਤੋਂ ਖਾਲੀ ਹੈ ਅਤੇ ਇਸ ਦਾ ਅਧਿਕਾਰਕ ਚਾਰਜ ਹੀ ਨਹੀਂ ਦਿੱਤਾ ਗਿਆ |
ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ ਪੰਜਾਬ ਦੇ ਆਗੂਆਂ ਡਾ. ਹਰਮਨਦੀਪ ਸਿੰਘ ਘੁੰਮਣ, ਮਨਜਿੰਦਰ ਸਿੰਘ, ਸੁਖਚੈਨ ਸਿੰਘ, ਜਸਪਾਲ ਧੰਜੂ, ਵਿਕਰਾਂਤ ਅਤੇ ਸਤਵਿੰਦਰਬੀਰ ਸਿੰਘ ਨੇ ਦੋਸ਼ ਲਗਾਇਆ ਕਿ ਸਰਕਾਰ ਤਰੱਕੀਆਂ, ਪੇ-ਪੈਰਿਟੀ ਅਤੇ ਨਵੀਆਂ ਭਰਤੀਆਂ ਦੇ ਮਾਮਲੇ 'ਚ ਲਗਾਤਾਰ ਟਾਲਮਟੋਲ ਕਰ ਰਹੀ ਹੈ | ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਕੱਲ੍ਹ 15 ਮਈ ਤੋਂ ਸੂਬੇ ਭਰ ਦੇ ਖੇਤੀਬਾੜੀ ਅਤੇ ਬਾਗਬਾਨੀ ਵਿਕਾਸ ਅਫ਼ਸਰ ਦਫ਼ਤਰਾਂ ਅਤੇ ਫੀਲਡ ਵਿਚ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕਰਨਗੇ |
ਜਥੇਬੰਦੀ ਨੇ ਦੋਸ਼ ਲਗਾਇਆ ਕਿ ਅਸਾਮੀਆਂ ਦੀ ਘਾਟ ਕਾਰਨ ਕਈ ਥਾਵਾਂ 'ਤੇ ਬਿਨਾਂ ਅਧਿਕਾਰਤ ਲਿਖਤੀ ਹੁਕਮਾਂ ਦੇ ਗੈਰ-ਸਮਰੱਥ ਅਧਿਕਾਰੀਆਂ ਰਾਹੀਂ ਈ-ਐਗਰੀ ਸਰਵਿਸ ਪੋਰਟਲ ਦੀਆਂ ਆਈਡੀਜ਼ ਚਲਾਈਆਂ ਜਾ ਰਹੀਆਂ ਹਨ, ਜੋ ਨਿਯਮਾਂ ਦੀ ਉਲੰਘਣਾ ਹੈ |

ਪਿਛਲੀ ਖ਼ਬਰ ਜਸਪ੍ਰੀਤ ਸਿੰਘ ਛਾਬੜਾ ਨੂੰ ਭਾਈ ਘਨਈਆ ਜੀ ਜੀਵਨ ਰੱਖਿਆ ਐਵਾਰਡ ਮਿਲਿਆ ਅਗਲੀ ਖ਼ਬਰ ਮਾਤਾ ਦਮੋਦਰੀ ਸਕੂਲ ਡਰੋਲੀ ਭਾਈ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।