ਮਲੋਟ, 17 ਜੂਨ (ਪਾਟਿਲ, ਅਜਮੇਰ ਸਿੰਘ ਬਰਾੜ)-ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਆਪਣੇ ਵਿਧਾਨ ਸਭਾ ਹਲਕਾ ਮਲੋਟ ਦੇ ਪਿੰਡ ਕੋਠੇ ਨਾਨਕਸਰ, ਘੱਗਾ, ਘੁਮਿਆਰਾ ਤੇ ਦਾਨੇਵਾਲਾ ਵਿਖੇ ਵੱਖ-ਵੱਖ ਵਿਕਾਸ ਦੇ ਕੰਮਾਂ ਦੇ ਉਦਘਾਟਨ ਕੀਤੇ, ਤਾਂ ਜੋ ਕਿ ਲੋਕਾਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਪੂਰਾ ਲਾਭ ਮਿਲ ਸਕੇ। ਕੈਬਨਿਟ ਮੰਤਰੀ ਨੇ ਪਿੰਡ ਕੋਠੇ ਨਾਨਕਸਰ ਵਿਖੇ ਆਰ.ਆਈ.ਡੀ.ਐੱਫ਼. 29 ਤੇ ਐੱਸ.ਡਬਲਿਊ.ਸੀ. 34 ਅਧੀਨ 1.70 ਕਰੋੜ ਰੁਪਏ ਦੀ ਲਾਗਤ ਨਾਲ ਮੋਘਾ ਨੰਬਰ 26130/ਐੱਲ ਅਧੀਨ 1385 ਮੀਟਰ ਲੰਮੀਆਂ ਜ਼ਮੀਨਦੋਜ ਪਾਣੀ ਦੀਆਂ ਪਾਈਪਾਂ ਦਾ ਉਦਘਾਟਨ ਕਰਦਿਆਂ ਦੱਸਿਆ ਕਿ ਇਸ ਨਾਲ 80 ਏਕੜ ਨੂੰ ਸਿੰਚਾਈ ਲਈ ਪੂਰਾ ਪਾਣੀ ਮਿਲੇਗਾ। ਪਿੰਡ ਦਾਨੇਵਾਲਾ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਜ਼ਮੀਨਦੋਜ ਪਾਈਪਾਂ ਦਾ ਉਦਘਾਟਨ ਕਰਦਿਆਂ ਦੱਸਿਆ ਕਿ ਇਸ ਨਾਲ ਇਕ ਹਜ਼ਾਰ ਏਕੜ ਰਕਬੇ ਨੂੰ ਸਿੰਚਾਈ ਲਈ ਪੂਰਾ ਪਾਣੀ ਮਿਲੇਗਾ ਅਤੇ ਪਾਣੀ ਦੀ ਬੱਚਤ ਹੋਵੇਗੀ। ਪਿੰਡ ਘੱਗਾ ਵਿਖੇ ਵਿਕਾਸ ਦੇ ਕੰਮਾਂ ਦਾ ਉਦਘਾਟਨ ਕਰਦਿਆਂ ਨਗਰ ਨਿਵਾਸੀਆਂ ਨੂੰ ਦੱਸਿਆ ਕਿ ਸਰਕਾਰ ਵਲੋਂ ਇਸ ਪਿੰਡ ਵਿਚ 1.25 ਕਰੋੜ ਰੁਪਏ ਦੇ ਵਿਕਾਸ ਦੇ ਕੰਮ ਕਰਵਾਏ ਗਏ ਹਨ, ਜਿਸ ਵਿਚ ਬੱਚਿਆਂ ਲਈ ਖੇਡ ਗਰਾਊਂਡ, ਗੰਦੇ ਪਾਣੀ ਦੀ ਨਿਕਾਸੀ, ਜਿੰਮ, ਗਲੀਆਂ ਨਾਲੀਆਂ ਨੂੰ ਪੱਕਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਅਧੂਰੇ ਵਿਕਾਸ ਕੰਮਾਂ ਨੂੰ ਜਲਦੀ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਇਨ੍ਹਾਂ ਦਾ ਪੂਰਾ ਫ਼ਾਇਦਾ ਮਿਲ ਸਕੇ। ਕੈਬਨਿਟ ਮੰਤਰੀ ਨੇ ਪਿੰਡ ਘੁਮਿਆਰਾ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਛੱਪੜਾਂ ਦੀ ਸਫ਼ਾਈ, ਗਲੀਆਂ-ਨਾਲੀਆਂ ਅਤੇ ਧਰਮਸ਼ਾਲਾ ਦਾ ਵੀ ਉਦਘਾਟਨ ਕੀਤਾ। ਮਲੋਟ ਹਲਕੇ ਦੇ ਪਿੰਡ ਸ਼ੇਰਗੜ੍ਹ ਵਿਖੇ ਜਿਨ੍ਹਾਂ ਲੋਕਾਂ ਦਾ ਗੜੇ੍ਹਮਾਰੀ ਨਾਲ ਨੁਕਸਾਨ ਹੋਇਆ ਸੀ, ਉਨ੍ਹਾਂ ਨੂੰ ਅੱਜ ਤਹਿਸੀਲ ਕੰਪਲੈਕਸ ਵਿਖੇ ਮਾਲੀ ਸਹਾਇਤਾਂ ਦੇ ਚੈੱਕ ਵੀ ਵੰਡੇ। ਇਸ ਮੌਕੇ ਜਗਦੇਵ ਸਿੰਘ ਬਾਂਮ ਚੇਅਰਮੈਨ ਕੋਆਪ੍ਰੇਟਿਵ ਬੈਂਕ ਪੰਜਾਬ, ਵਿਜੈ ਮਲੂਜਾ ਚੇਅਰਮੈਨ, ਭੁਪਿੰਦਰ ਸਿੰਘ ਰਾਮ ਨਗਰ ਸਾਉਂਕੇ, ਸਿਮਰਜੀਤ ਸਿੰਘ ਚੇਅਰਮੈਨ, ਇੰਦਰਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਭੂਮੀ ਰੱਖਿਆ ਤੇ ਜਲ ਸਪਲਾਈ, ਸੰਦੀਪ �ਲਖ ਤੇ ਕੁਲਦੀਪ ਸਿੰਘ ਬਲਾਕ ਪ੍ਰਧਾਨ, ਚਾਨਣ ਸਿੰਘ ਭੱਟੀ ਸਰਪੰਚ, ਰੇਸ਼ਮ ਸਿੰਘ ਲਾਡੀ, ਸਰਵਨ ਸਿੰਘ, ਬਲਜਿੰਦਰ ਸਿੰਘ, ਮੰਗਾ ਸਿੰਘ ਸਰਪੰਚ ਘੁਮਿਆਰਾ, ਗੁਰਵਿੰਦਰ ਸਿੰਘ ਸਰਪੰਚ ਘੱਗਾ, ਸਾਹਿਬ ਸਿੰਘ ਸਰਪੰਚ ਨਾਨਕਸਰ, ਸਿਕੰਦਰ ਸਿੰਘ ਐਡਵੋਕੇਟ, ਨਿੱਜੀ ਸਹਾਇਕ ਅਰਸ਼ਦੀਪ ਸਿੰਘ ਸਿੱਧੂ ਤੋਂ ਇਲਾਵਾ ਪਤਵੰਤੇ ਵਿਅਕਤੀ ਵੀ ਮੌਜੂਦ ਸਨ।