11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਪੱਤਰਕਾਰ ਮੇਵਾ ਸਿੰਘ ਦੇ ਸਪੁੱਤਰ ਹੈੱਡ ਕਾਂਸਟੇਬਲ ਸੰਦੀਪ ਸਿੰਘ ਦਾ ਦਿਹਾਂਤ

ਅਜੀਤ ਡੈਸਕ 18-06-2026


ਮੰਡੀ ਕਿੱਲਿਆਂਵਾਲੀ, 17 ਜੂਨ (ਇਕਬਾਲ ਸਿੰਘ ਸ਼ਾਂਤ)-ਲੰਬੀ ਤੋਂ ਅਦਾਰਾ ‘ਅਜੀਤ’ ਦੇ ਪੱਤਰਕਾਰ ਮੇਵਾ ਸਿੰਘ (ਅਬੁੱਲ ਖੁਰਾਣਾ) ਦੇ ਪਰਿਵਾਰ ‘ਤੇ ਦੁੱਖਾਂ ਦਾ ਵੱਡਾ ਪਹਾੜ ਟੁੱਟ ਪਿਆ। ਉਨ੍ਹਾਂ ਦੇ 38 ਸਾਲਾ ਪੁੱਤਰ ਸੰਦੀਪ ਸਿੰਘ (ਕਾਂਸਟੇਬਲ) ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦੇਹਾਂਤ ਹੋ ਗਿਆ। ਸੰਦੀਪ ਸਿੰਘ ਪੰਜਾਬ ਪੁਲਿਸ ਵਿਚ ਕਾਂਸਟੇਬਲ ਵਜੋਂ ਥਾਣਾ ਸਦਰ ਕੋਟਕਪੂਰਾ ਵਿਖੇ ਤਾਇਨਾਤ ਸਨ। ਸੰਦੀਪ ਸਿੰਘ ਆਪਣੇ ਪਿੱਛੇ ਪਤਨੀ, ਇਕ ਸੱਤ ਸਾਲ ਦੀ ਬੱਚੀ, ਮਾਪਿਆਂ ਸਮੇਤ ਭਰਿਆ-ਪੂਰਾ ਪਰਿਵਾਰ ਛੱਡ ਗਏ ਹਨ। ਮਰਹੂਮ ਸੰਦੀਪ ਸਿੰਘ ਦਾ ਅੰਤਿਮ ਸਸਕਾਰ ਅੱਜ ਪਿੰਡ ਅਬੁੱਲਖੁਰਾਣਾ ਦੇ ਸ਼ਮਸ਼ਾਨਘਾਟ ਵਿਖੇ ਬੇਹੱਦ ਗਮਗੀਨ ਮਾਹੌਲ ਵਿਚ ਕੀਤਾ ਗਿਆ। ਚਿਖਾ ਨੂੰ ਅਗਨੀ ਉਨ੍ਹਾਂ ਦੇ ਪਿਤਾ ਮੇਵਾ ਸਿੰਘ, ਚਾਚਾ ਪਿ੍ਰੰਸੀਪਲ ਇਕਬਾਲ ਸਿੰਘ ਅਤੇ ਭਰਾ ਹਰਦੀਪ ਸਿੰਘ ਵਲੋਂ ਦਿੱਤੀ ਗਈ। ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਮਰਹੂਮ ਨੂੰ ਸਲਾਮੀ ਦੇ ਕੇ ਅੰਤਿਮ ਵਿਦਾਇਗੀ ਅਤੇ ਸਰਕਾਰੀ ਤੌਰ ‘ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਅਦਾਰਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਹੁਰਾਂ ਵਲੋਂ ਅੰਤਿਮ ਸਸਕਾਰ ਮੌਕੇ ਰਣਜੀਤ ਸਿੰਘ ਢਿੱਲੋਂ ਸਟਾਫ ਰਿਪੋਰਟਰ ਸ੍ਰੀ ਮੁਕਤਸਰ ਸਾਹਿਬ, ਇਕਬਾਲ ਸਿੰਘ ਸ਼ਾਂਤ ਪੱਤਰਕਾਰ, ਰਣਜੀਤ ਸਿੰਘ ਪਾਟਿਲ, ਅਜਮੇਰ ਬਰਾੜ ਤੇ ਰਣਜੀਤ ਵਿਰਕ ਵਲੋਂ ਮਰਹੂਮ ਦੀ ਮ੍ਰਿਤਕ ਦੇਹ ‘ਤੇ ਲੋਈ ਭੇਟ ਕਰਕੇ ਭਾਵਭਿੰਨੀ ਸ਼ਰਧਾਂਜਲੀ ਦਿੱਤੀ ਗਈ। ਫ਼ਰੀਦਕੋਟ ਉਪ-ਦਫ਼ਤਰ ਦੇ ਇੰਚਾਰਜ ਜਸਵੰਤ ਸਿੰਘ ਪੁਰਬਾ ਵਲੋਂ ਵੀ ਮੇਵਾ ਸਿੰਘ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਸੇਜਲ ਅੱਖਾਂ ਦੇ ਨਾਲ ਸੰਦੀਪ ਸਿੰਘ ਨੂੰ ਅੰਤਿਮ ਵਿਦਾਇਗੀ ਦੇਣ ਲਈ ਮਾਹੂਆਣਾ ਡਰਾਈਵਿੰਗ ਸਕਿੱਲ ਇੰਸਟੀਚਿਊਟ ਦੇ ਪ੍ਰਿੰਸੀਪਲ ਗੁਰਦੀਪ ਸਿੰਘ ਸੇਖੋਂ, ਡੇਰਾ ਸੱਚਾ ਸੌਦਾ ਸਿਰਸਾ ਤੋਂ ਪੰਜਾਬ ਸਟੇਟ ਕਮੇਟੀ ਦੇ ਮੈਂਬਰ ਜਗਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ, ਸੇਵਾ ਮੁਕਤ ਇੰਸਪੈਕਟਰ ਬਲਵਿੰਦਰ ਸਿੰਘ, ਸੇਵਾ ਮੁਕਤ ਏਐਸਆਈ ਪਾਲ ਸਿੰਘ, ਸੇਵਾ ਮੁਕਤ ਪਟਵਾਰੀ ਦਰਸ਼ਨ ਸਿੰਘ, ਭਜਨ ਸਿੰਘ ਸਮਾਘ, ਹਰਦੀਪ ਸਿੰਘ ਖਾਲਸਾ, ਚੇਤਨ ਭੂਰਾ, ਅਮਨ ਮਹਿਰਾ, ਪ੍ਰਤਾਪ ਸੰਦੂ, ਲਖਵੀਰ ਸਿੰਘ ਖਾਲਸਾ, ਸੁਰੇਸ਼ ਗਰਗ, ਰਾਜ ਚੁੱਘ, ਅਕਾਲੀ ਆਗੂ ਰਣਯੋਧ ਲੰਬੀ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਤੇ ਪਿੰਡ ਵਾਸੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਬੀਤੀ 25 ਮਈ ਨੂੰ ਮੇਵਾ ਸਿੰਘ ਦੇ ਪਿਤਾ ਸ: ਗੁਰਜੰਟ ਸਿੰਘ (84) ਵੀ ਸੰਖੇਪ ਬਿਮਾਰੀ ਮਗਰੋਂ ਸਵਰਗ ਸਿਧਾਰ ਗਏ ਸਨ। ਮਹਿਜ ਦੋ ਹਫਤਿਆਂ ਵਿਚ ਪਰਿਵਾਰ ਨੂੰ ਇਹ ਨਾ-ਸਹਿਣਯੋਗ ਲਗਾਤਾਰ ਦੂਸਰਾ ਸਦਮਾ ਪੁੱਜਿਆ ਹੈ।

 

ਪਿਛਲੀ ਖ਼ਬਰ ਤਰਸੇਮ ਕੁਮਾਰ ਲਾਡੀ ਬੱਤਰਾ ਅਰੋੜਵੰਸ਼ ਸਭਾ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਪਲਸ ਪੋਲੀਓ ਮੁਹਿੰਮ ਸੰਬੰਧੀ ਵਧੀਕ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।