ਸ੍ਰੀ ਮੁਕਤਸਰ ਸਾਹਿਬ, 27 ਜੁਲਾਈ (ਰਣਜੀਤ ਸਿੰਘ ਢਿੱਲੋਂ)-ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਅਭਿਮਨਿਊ ਰਾਣਾ ਦੀਆਂ ਹਦਾਇਤਾਂ ਅਨੁਸਾਰ ਅੱਜ ਜ਼ਿਲ੍ਹਾ ਪੁਲਿਸ ਵਲੋਂ ਜ਼ਿਲ੍ਹੇ ਦੀਆਂ ਚਾਰੇ ਸਬ ਡਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਤੇ ਲੰਬੀ ਅਧੀਨ ਪੈਂਦੇ ਥਾਣਿਆਂ, ਚੌਂਕੀਆਂ, ਪੁਲਿਸ ਦਫ਼ਤਰਾਂ ਅਤੇ ਪੁਲਿਸ ਲਾਈਨ ਵਿਖੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ ਬੂਟੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ, ਜਿਨ੍ਹਾਂ ਵਿਚੋਂ ਸ਼ੁਰੂਆਤੀ ਪੜਾਅ ਵਿਚ ਐੱਸ.ਐੱਸ.ਪੀ. ਦਫ਼ਤਰ, ਪੁਲਿਸ ਲਾਈਨ ਅੰਦਰ ਵੱਖ-ਵੱਖ ਥਾਵਾਂ ’ਤੇ ਬੂਟੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦੇ ਨਾਲ ਹੀ ਜ਼ਿਲ੍ਹੇ ਭਰ ਵਿਚ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਹਰਜੀਤ ਸਿੰਘ ਡੀ.ਐੱਸ.ਪੀ. (ਸੀ.ਏ.ਡਬਲਯੂ. ਐਂਡ ਸੀ.), ਜੋਰਾ ਸਿੰਘ ਡੀ.ਐੱਸ.ਪੀ. (ਹੈੱਡ ਕੁਆਰਟਰ), ਇੰਸਪੈਕਟਰ ਇੰਦਰਜੀਤ ਕੌਰ, ਇੰਚਾਰਜ ਸੀ.ਪੀ.ਆਰ.ਸੀ. ਅਤੇ ਸੋਸ਼ਲ ਮੀਡੀਆ, ਮੁਕਤਸਰ ਵੈੱਲਫ਼ੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਅਤੇ ਹੋਰ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਵੀ ਬੂਟੇ ਲਗਾ ਕੇ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਐੱਸ.ਐੱਸ.ਪੀ. ਅਭਿਮੰਨਿਊ ਰਾਣਾ ਨੇ ਕਿਹਾ ਕਿ ਲਗਾਏ ਜਾ ਰਹੇ ਬੂਟੇ ਉਚ ਗੁਣਵੱਤਾ ਵਾਲੇ ਛਾਂਦਾਰ ਤੇ ਫ਼ਲਦਾਰ ਹਨ, ਜੋ ਭਵਿੱਖ ਵਿਚ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਨਾਲ-ਨਾਲ ਲੋਕਾਂ ਨੂੰ ਛਾਂ ਤੇ ਫ਼ਲ ਵੀ ਪ੍ਰਦਾਨ ਕਰਨਗੇ। ਉਨ੍ਹਾਂ ਸਮੂਹ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਬੂਟਿਆਂ ਦੀ ਨਿਯਮਿਤ ਸਿੰਚਾਈ ਤੇ ਸਾਂਭ-ਸੰਭਾਲ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਇਹ ਬੂਟੇ ਵੱਡੇ ਹੋ ਕੇ ਸਮਾਜ ਲਈ ਲਾਹੇਵੰਦ ਸਾਬਤ ਹੋਣ। ਐੱਸ.ਐੱਸ.ਪੀ. ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਵਿਅਕਤੀ ਆਪਣੇ ਜੀਵਨ ਵਿਚ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਪਹਿਲਾਂ ਤੋਂ ਲੱਗੇ ਰੁੱਖਾਂ ਦੀ ਸੰਭਾਲ ਕਰਨ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਣ।