02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸਿੱਖਿਆ ਮੰਤਰੀ ਨਾਲ ਮੀਟਿੰਗ ਆਈ.ਟੀ.ਆਈ. ਬਾਦਲ ਨੂੰ ਮੁੜ ਚਲਾਉਣ ਦਾ ਦਿੱਤਾ ਭਰੋਸਾ

ਅਜੀਤ ਡੈਸਕ 31-07-2026
ਲੰਬੀ, 30 ਜੁਲਾਈ (ਮੇਵਾ ਸਿੰਘ)-ਆਈ.ਟੀ.ਆਈ. ਬਾਦਲ ਨੂੰ ਮੁੜ ਚਾਲੂ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਸਟੂਡੈਂਟਸ ਯੂਨੀਅਨ (ਪੀ.ਐਸ.ਯੂ.) ਦੇ ਆਗੂਆਂ ਦੀ ਬੀਤੇ ਦਿਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਹੋਈ। ਇਸ ਮੀਟਿੰਗ ਵਿਚ ਪੀ.ਐੱਸ.ਯੂ. ਵਲੋਂ ਸੂਬਾ ਪ੍ਰਧਾਨ ਰਣਵੀਰ ਸਿੰਘ ਕੁਰੜ, ਨੈਸ਼ਨਲ ਕੋਆਰਡੀਨੇਟਰ ਅਮਨਦੀਪ ਸਿੰਘ ਖਿਉਵਾਲੀ, ਸੂਬਾ ਆਗੂ ਸੁਖਪ੍ਰੀਤ ਕੌਰ, ਜ਼ੋਨਲ ਸਕੱਤਰ ਰਜਿੰਦਰ ਸਿੰਘ ਢਿੱਲਵਾਂ, ਖੁਸ਼ਪ੍ਰੀਤ ਕੌਰ ਬਾਦਲ ਅਤੇ ਮਗਣਾ ਬਾਦਲ ਸ਼ਾਮਿਲ ਹੋਏ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਬਾਦਲ ਪਿੰਡ ਦੀ ਸਰਕਾਰੀ ਆਈ.ਟੀ.ਆਈ. ਨੂੰ ਵਾਪਸ ਲਿਆਉਣ ਦੀ ਮੰਗ ਨੂੰ ਲੈ ਕੇ 28 ਜੁਲਾਈ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਧਰਨਾ ਦਿੱਤਾ ਗਿਆ ਸੀ, ਜਿਸ ਦੇ ਦਬਾਅ ਸਦਕਾ ਕੈਬਨਿਟ ਮੰਤਰੀ ਵਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਤਹਿ ਕਰਵਾਈ ਗਈ ਸੀ। ਜਿਸ ਦੇ ਚੱਲਦਿਆਂ ਬੀਤੀ 29 ਜੁਲਾਈ ਨੂੰ ਪਹਿਲਾਂ ਗੁਰਮੀਤ ਸਿੰਘ ਖੁੱਡੀਆਂ ਨੇ ਯੂਨੀਅਨ ਦੇ ਆਗੂਆਂ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਅਤੇ ਫ਼ਿਰ ਉਨ੍ਹਾਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਵਿਸ਼ੇਸ਼ ਮੀਟਿੰਗ ਕਰਵਾਈ, ਜਿਸ ਵਿਚ ਇਸ ਮਸਲੇ ਸੰਬੰਧੀ ਵਿਸਥਾਰ ਨਾਲ ਚਰਚਾ ਹੋਈ। ਮੀਟਿੰਗ ਦੌਰਾਨ ਹੀ ਹਰਜੋਤ ਸਿੰਘ ਬੈਂਸ ਵਲੋਂ ਤਕਨੀਕੀ ਸਿੱਖਿਆ ਵਿਭਾਗ ਦੇ ਸਕੱਤਰ ਦੀ ਜ਼ਿੰਮੇਵਾਰੀ ਲਗਾਈ ਗਈ ਕਿ ਉਹ ਇਸ ਮਸਲੇ ਦੀ ਪੂਰੀ ਪੜਤਾਲ ਕਰਕੇ ਇਸ ਸੰਸਥਾ ਨੂੰ ਮੁੜ ਖੋਲ੍ਹਣ ਦਾ ਰਾਹ ਪੱਧਰ ਕਰਨ। ਉਨ੍ਹਾਂ ਪੀ.ਐੱਸ.ਯੂ. ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਆਈ.ਟੀ.ਆਈ. ਖੋਲ੍ਹਣ ਵਿਚ ਆਉਣ ਵਾਲੀ ਹਰ ਵਿਭਾਗੀ ਸਮੱਸਿਆ ਦੂਰ ਕਰਕੇ ਸੰਸਥਾ ਨੂੰ ਖੋਲੇ੍ਹਗੀ। ਪੀ.ਐੱਸ.ਯੂ. ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਜਥੇਬੰਦੀ ਆਈ.ਟੀ.ਆਈ. ਬਾਦਲ ਨੂੰ ਪੂਰਨ ਰੂਪ ਤੱਕ ਮੁੜ ਚਲਾਉਣ ਲਈ ਸੰਘਰਸ਼ ਜਾਰੀ ਰੱਖੇਗੀ।
ਪਿਛਲੀ ਖ਼ਬਰ ਵਿਵੇਕ ਸਕੂਲ ਬਰਗਾੜੀ ਵਿਖੇ ਗੁਰੂ ਪੂਰਨਿਮਾ ਦਿਹਾੜਾ ਮਨਾਇਆ ਅਗਲੀ ਖ਼ਬਰ ਪੁਲਿਸ ਵਲੋਂ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੂੰ ਵਿਦਾਇਗੀ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।