ਲੰਬੀ, 12 ਨਵੰਬਰ (ਮੇਵਾ ਸਿੰਘ)-ਸਰਕਾਰੀ ਆਈ.ਟੀ.ਆਈ. ਬਾਦਲ ਨੂੰ ਮੁੜ ਚਾਲੂ ਕਰਨ ਦਾ ਭਰੋਸਾ ਦੇ ਕੇ 4 ਮਹੀਨੇ ਬੀਤਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਾ ਕਰਨ ਖ਼ਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ 20 ਨਵੰਬਰ ਨੂੰ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਵੱਡੇ ਇਕੱਠ ਦੀਆਂ ਤਿਆਰੀਆਂ ਵਜੋਂ ਸਰਕਾਰੀ ਆਈ.ਟੀ.ਆਈ. ਖਿਓਵਾਲੀ ਵਿਚ ਮੀਟਿੰਗ ਕੀਤੀ ਗਈ ਤੇ ਆਮ ਆਦਮੀ ਪਾਰਟੀ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਪੋਸਟਰ ਜਾਰੀ ਕੀਤਾ ਗਿਆ। ਪੀ.ਐਸ.ਯੂ. ਦੇ ਜ਼ਿਲ੍ਹਾ ਮੀਤ ਪ੍ਰਧਾਨ ਰਜਿੰਦਰ ਢਿੱਲਵਾਂ ਨੇ ਕਿਹਾ ਕਿ ਆਈ.ਟੀ.ਆਈ. ਬਾਦਲ ਨੂੰ ਖਿਓਵਾਲੀ ਆਈ.ਟੀ.ਆਈ. ’ਚ ਸ਼ਿਫ਼ਟ ਕਰਨ ਦੇ ਫ਼ੈਸਲੇ ਖ਼ਿਲਾਫ਼ ਯੂਨੀਅਨ ਵਲੋਂ ਬਾਦਲ ਪਿੰਡ ਦੇ ਲੋਕਾਂ ਤੇ ਸਿਖਿਆਰਥੀਆਂ ਦੇ ਸਹਿਯੋਗ ਨਾਲ ਲੰਮਾ ਸੰਘਰਸ਼ ਲੜਿਆ ਗਿਆ ਸੀ ਤੇ ਉਸ ਤੋਂ ਬਾਅਦ ਆਈ.ਟੀ.ਆਈ. ਬਾਦਲ ਨੂੰ ਜਲਦ ਚਾਲੂ ਕਰਨ ਦਾ ਗੱਲ ਕਹੀ ਗਈ ਸੀ। ਹੁਣ ਤੱਕ ਲਗਭਗ 4 ਮਹੀਨੇ ਦਾ ਸਮਾਂ ਬੀਤ ਚੁੱਕਾ ਹੈ, ਪਰ ਆਈ.ਟੀ.ਆਈ. ਨੂੰ ਮੁੜ੍ਹ ਖੋਲ੍ਹਣ ਦੇ ਯਤਨ ਕਰਨ ਦੀ ਥਾਂ ਲਗਾਤਾਰ ਲਾਅਰੇ ਲਾਏ ਜਾ ਰਹੇ ਹਨ। ਇਕਾਈ ਆਗੂ ਲਖਵਿੰਦਰ ਸਿੰਘ ਖਿਓਵਾਲੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ 2020 ਤਹਿਤ ਸਰਕਾਰੀ ਵਿਦਿਅਕ ਸੰਸਥਾਵਾਂ ਨੂੰ ਮਰਜ਼ ਕਰਨ ਤੇ ਬੰਦ ਕਰਨ ਦੀ ਨੀਤੀ ਨੂੰ ਪੰਜਾਬ ਵਿਚ ਵੀ ਲਾਗੂ ਕੀਤਾ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਬਿਨਾਂ ਹੋਰ ਦੇਰੀ ਕੀਤੇ ਸਰਕਾਰੀ ਆਈ.ਟੀ.ਆਈ. ਬਾਦਲ ਨੂੰ ਮੁੜ ਚਾਲੂ ਕੀਤਾ ਜਾਵੇ। ਆਗੂਆਂ ਨੇ ਐਲਾਨ ਕੀਤਾ ਕਿ 20 ਨਵੰਬਰ ਨੂੰ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੇ ਘਰ ਬਾਹਰ ਲਗਾਏ ਜਾ ਰਹੇ ਧਰਨੇ ਦੀਆਂ ਤਿਆਰੀਆਂ ਲਈ ਵੜਿੰਗ ਖੇੜਾ, ਫ਼ਰੀਦਕੋਟ ਕੋਟਲੀ, ਬੀਦੋਵਾਲੀ, ਖਿਓਵਾਲੀ, ਸਿੱਖਵਾਲਾ, ਬਾਦਲ, ਗੱਗੜ, ਰਾਏ ਕੇ ਕਲਾਂ ਤੇ ਹੋਰ ਪਿੰਡਾਂ ’ਚ ਮੁਹਿੰਮ ਬਣਾਈ ਜਾਵੇਗੀ ਤੇ ਕੰਧ ਪੋਸਟਰ ਚਿਪਕਾਏ ਜਾਣਗੇ। ਇਸ ਮੌਕੇ ਗੁਰਜੰਟ ਸਿੰਘ ਵੜਿੰਗਖੇੜਾ, ਰਾਜਵੀਰ ਸਿੰਘ ਫ਼ਰੀਦਕੋਟ ਕੋਟਲੀ, ਗੁਰਦਿੱਤਾ ਫ਼ਰੀਦਕੋਟ ਕੋਟਲੀ, ਅਮਰਦੀਪ ਸਿੰਘ ਬੀਦੋਵਾਲ, ਯੋਧਵੀਰ ਸਿੰਘ ਖਿਓਵਾਲੀ ਅਤੇ ਆਈ.ਟੀ.ਆਈ. ਖਿਓਵਾਲੀ ਦੇ ਸਮੂਹ ਸਿਖਿਆਰਥੀ ਮੌਜੂਦ ਸਨ।