ਮਾਨਸਾ, 13 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਆਮ ਆਦਮੀ ਪਾਰਟੀ ਐਸ.ਸੀ. ਵਿੰਗ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ 'ਤੇ ਨਿੱਜੀ ਟਿੱਪਣੀ ਕਰਨ ਦੇ ਵਿਰੋਧ 'ਚ ਸਥਾਨਕ ਸੇਵਾ ਸਿੰਘ ਠੀਕਰੀਵਾਲਾ ਚੌਂਕ ਨੇੜੇ ਰੋਸ ਪ੍ਰਦਰਸ਼ਨ ਕੀਤਾ | ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵਲੋਂ ਲਗਾਤਾਰ ਆਪ ਦੇ ਦਲਿਤ ਵਿਧਾਇਕਾਂ 'ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਨੂੰ ਸਹਿਣ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਕਦੇ ਵਿਧਾਨ ਸਭਾ 'ਚ ਮੋਬਾਈਲ ਠੀਕ ਕਰਨ ਵਾਲੇ ਕਿਹਾ ਜਾਂਦਾ ਹੈ ਅਤੇ ਕਦੇ ਬਾਜਿਆਂ ਵਾਲੇ ਕਹਿ ਕੇ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਅਜਿਹੀਆਂ ਟਿੱਪਣੀਆਂ ਕਰਨ ਨਾਲ ਦਲਿਤ ਭਾਈਚਾਰੇ ਨੂੰ ਠੇਸ ਪਹੁੰਚੀ ਹੈ | ਆਪ ਆਗੂ ਨੇ ਐਸ.ਸੀ. ਕਮਿਸ਼ਨ ਤੋਂ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਬਾਜਵਾ ਸਮੁੱਚੇ ਦਲਿਤ ਭਾਈਚਾਰੇ ਤੋਂ ਮੁਆਫ਼ੀ ਮੰਗਣ | ਸੀਨੀਅਰ ਆਗੂ ਚਰਨਜੀਤ ਸਿੰਘ ਅੱਕਾਂਵਾਲੀ, ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਿਰਤਪਾਲ ਸਿੰਘ ਕਿਰਤੀ, ਸਤੀਸ਼ ਕੁਮਾਰ ਸਿੰਗਲਾ, ਮਾਸਟਰ ਵਰਿੰਦਰ ਸੋਨੀ ਅਤੇ ਸ਼ਰਨਜੀਤ ਕੌਰ ਮਾਨਸਾ ਨੇ ਬਾਜਵਾ ਵਲੋਂ ਕੀਤੀਆਂ ਟਿੱਪਣੀਆਂ ਦੀ ਪੁਰਜ਼ੋਰ ਨਿੰਦਾ ਕੀਤੀ | ਇਸ ਮੌਕੇ ਰਮੇਸ਼ ਕੁਮਾਰ ਖਿਆਲਾ, ਕ੍ਰਿਸ਼ਨ ਸਿੰਘ, ਸ਼ਰਨਜੀਤ ਕੌਰ, ਪਰਮਜੀਤ ਕੌਰ, ਵੀਨਾ ਅਗਰਵਾਲ, ਰਾਜਵਿੰਦਰ ਕੌਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਫੱਤਾ, ਹਰਜੀਤ ਸਿੰਘ ਦੰਦੀਵਾਲ, ਭਰਪੂਰ ਸਿੰਘ, ਹਰਦੇਵ ਸਿੰਘ ਉੱਲਕ, ਸੰਦੀਪ ਸਿੰਘ ਕਾਲਾ, ਕੁਲਦੀਪ ਸਿੰਘ ਟੀਟੂ ਚਹਿਲ, ਆਦਿ ਹਾਜ਼ਰ ਸਨ |