ਮਾਨਸਾ, 13 ਫਰਵਰੀ (ਰਾਵਿੰਦਰ ਸਿੰਘ ਰਵੀ)- ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਵਲੋਂ ਸਥਾਨਕ ਖ਼ਾਲਸਾ ਹਾਈ ਸਕੂਲ ਦੇ ਖੇਡ ਸਟੇਡੀਅਮ 'ਚ ਕਰਵਾਏ ਜਾ ਰਹੇ ਕਿ੍ਕਟ ਮੁਕਾਬਲਿਆਂ ਦੌਰਾਨ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਲਾਮਤਾਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਉਤਸ਼ਾਹਿਤ ਹੋਣ | ਉਨ੍ਹਾਂ ਕਿਹਾ ਕਿ ਇਨ੍ਹਾਂ ਕਿ੍ਕਟ ਮੁਕਾਬਲਿਆਂ 'ਚ ਅੰਤਰਰਾਸ਼ਟਰੀ ਪੱਧਰ ਦੇ ਨਾਮੀ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਹੇ ਹਨ, ਜਿਨ੍ਹਾਂ ਨੂੰ ਦੇਖ ਕੇ ਜ਼ਿਲੇ੍ਹ ਦੇ ਖਿਡਾਰੀਆਂ ਨੂੰ ਆਪਣੀ ਖੇਡ ਨੂੰ ਪ੍ਰਫੁੱਲਿਤ ਕਰਨ ਦੀ ਪ੍ਰੇਰਨਾ ਮਿਲੇਗੀ | ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਖੇਡਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਖਿਡਾਰੀਆਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਕੇ.ਜੀ.ਐਫ. ਫ਼ਤਿਹਗੜ੍ਹ ਸਾਹਿਬ ਅਤੇ ਵੈਲੀ ਸਟਾਰ ਗੰਦਰਬਲ (ਕਸ਼ਮੀਰ) ਦੀਆਂ ਟੀਮਾਂ ਵਿਚਕਾਰ ਦੇਰ ਰਾਤ ਤੱਕ ਖੇਡੇ ਮੈਚ 'ਚ ਕੁਨਾਲ ਸਿੰਘ ਰਾਠੌਰ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 54 ਗੇਂਦਾਂ 'ਚ ਸੈਂਕੜਾ ਜੜ ਕੇ ਇਹ ਮੈਚ ਗੰਦਰਬਲ ਟੀਮ ਦੇ ਨਾਂਅ ਕਰ ਦਿੱਤਾ | ਸਵੇਰ ਦੇ ਮੈਚ 'ਚ ਵੀ.ਸੀ.ਸੀ. ਸਾਹਨੇਵਾਲ ਨੇ ਐਲ.ਐਲ. ਚੰਡੀਗੜ੍ਹ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ | ਇਸ ਮੈਚ 'ਚ ਭਗਮਿੰਦਰ ਲਾਥਰ ਨੂੰ ਮੈਨ ਆਫ਼ ਦਾ ਮੈਚ ਘੋਸ਼ਿਤ ਕੀਤਾ ਗਿਆ | ਇਸ ਮੌਕੇ ਜਤਿੰਦਰ ਕੁਮਾਰ ਆਗਰਾ, ਜਗਮੋਹਨ ਸਿੰਘ ਧਾਲੀਵਾਲ, ਭਗਵਾਨ ਦਾਸ ਕਸਤੂਰੀ, ਵਿਨੈਪਾਲ ਸਿੰਘ ਗਿੱਲ, ਗੁਰਪ੍ਰੀਤ ਸਿੰਘ ਮੋਨੀ, ਡਾ. ਮਨੋਜ ਸਿੰਘ ਮਿੱਤਲ, ਅਜੇ ਕੁਮਾਰ, ਵਿਸ਼ਾਲ ਸ਼ਰਮਾ ਵਿੱਕੀ, ਸੁਭਾਸ਼ ਕੁਮਾਰ ਬੱਸੀ, ਨਰਿੰਦਰ ਕੁਮਾਰ ਹੈਪੀ, ਕੁਲਦੀਪ ਕੁਮਾਰ ਆਦਿ ਹਾਜ਼ਰ ਸਨ |