ਭੀਖੀ, 17 ਫਰਵਰੀ (ਬਲਕਾਰ ਸਿੰਘ ਸਹੋਤਾ)- ਪਿਛਲੇ ਸਮੇਂ ਦੌਰਾਨ ਭੀਖੀ ਵਿਚ ਹੋਈ ਭਾਰੀ ਬਾਰਸ਼ ਕਾਰਨ ਨੁਕਸਾਨੇ ਗਏ ਮਕਾਨਾਂ ਦਾ ਮੁਆਵਜ਼ਾ ਨਾ ਮਿਲਣ ਦੇ ਰੋਸ ਵਜੋਂ ਪੀੜਤ ਪਰਿਵਾਰਾਂ ਵਲੋਂ ਵਿਰੋਧੀ ਧਿਰ ਦੇ ਕੌਂਸਲਰਾਂ, ਕਿਸਾਨ ਅਤੇ ਮਜ਼ਦੂਰ ਆਗੂਆਂ ਦੀ ਅਗਵਾਈ ਵਿਚ ਨਗਰ ਪੰਚਾਇਤ ਦਫ਼ਤਰ ਵਿਖੇ ਧਰਨਾ ਦੇ ਕੇ ਸੱਤਾਧਾਰੀ ਕੌਂਸਲਰਾਂ ਅਤੇ ਨਗਰ ਪੰਚਾਇਤ ਪ੍ਰਧਾਨ 'ਤੇ ਵਿਤਕਰੇਬਾਜ਼ੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਇਨ੍ਹਾਂ ਨੇ ਆਪਣੀ ਰਾਜਨੀਤਕ ਹਠ ਕਰ ਕੇ ਨੁਕਸਾਨੇ ਮਕਾਨਾਂ ਕਾਰਨ ਪੀੜਿਤ ਪਰਿਵਾਰਾਂ ਦੇ ਸੂਚੀ 'ਚੋਂ ਨਾਂਅ ਹੀ ਨਹੀਂ ਕਟਵਾਏ ਬਲਕਿ ਕਈ ਯੋਗ ਪ੍ਰਭਾਵਿਤ ਪਰਿਵਾਰ ਵੀ ਸਰਕਾਰੀ ਇਮਦਾਦ ਤੋਂ ਖੁੰਝ ਗਏ | ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਕਾ. ਗੁਰਨਾਮ ਸਿੰਘ ਨੇ ਕਿਹਾ ਕਿ ਭੀਖੀ ਇਲਾਕੇ ਦੇ ਦਰਜਨ ਤੋਂ ਵੱਧ ਪਿੰਡ ਮੀਂਹ ਤੋਂ ਪ੍ਰਭਾਵਿਤ ਸਨ ਅਤੇ ਉਨ੍ਹਾਂ ਦੀਆਂ ਫ਼ਸਲਾਂ ਨੂੰ ਵੀ ਵੱਡਾ ਨੁਕਸਾਨ ਹੋਇਆ ਸੀ ਪ੍ਰੰਤੂ ਪ੍ਰਸ਼ਾਸਨ ਵਲੋਂ ਕੁਝ ਕੁ ਕਿਸਾਨਾਂ ਨੂੰ ਦਿੱਤੀ ਮਦਦ ਊਠ ਦੇ ਮੂੰਹ 'ਚ ਜ਼ੀਰਾ ਦੇਣ ਵਾਲੀ ਗੱਲ ਹੈ | ਇਸੇ ਤਰ੍ਹਾਂ ਭੀਖੀ ਕਸਬੇ 'ਚ ਵੀ ਪ੍ਰਭਾਵਿਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਨਹੀਂ ਮਿਲਿਆ ਬਲਕਿ ਰਾਜਸੀ ਖਹਿਬਾਜ਼ੀ ਕਾਰਨ ਕਈ ਯੋਗ ਪਰਿਵਾਰ ਮੁਆਵਜ਼ੇ ਤੋਂ ਵਾਂਝੇ ਰਹਿ ਗਏ ਹਨ | ਕਾ. ਦਰਸ਼ਨ ਸਿੰਘ, ਕੌਂਸਲਰ ਸੁਰੇਸ਼ ਬਿੰਦਲ ਨੇ ਕਿਹਾ ਕਿ ਵਾਰਡ ਨੰ. 4 ਅਤੇ 5 (ਅਨੁਸੂਚਿਤ ਜਾਤੀ) ਤੋਂ ਇਲਾਵਾ ਵਾਰਡ ਨੰ. 1 (ਬੀ.ਸੀ.) ਵਿਚ ਬਾਰਸ਼ਾਂ ਦੌਰਾਨ ਜ਼ਿਆਦਾ ਘਰ ਨੁਕਸਾਨੇ ਗਏ ਸਨ ਪ੍ਰੰਤੂ ਇਹ ਵਾਰਡ ਵਿਰੋਧੀ ਧਿਰ ਦੇ ਕੌਂਸਲਰਾਂ ਦੇ ਹੋਣ ਕਾਰਨ ਆਮ ਆਦਮੀ ਪਾਰਟੀ ਦੇ ਘੜੰਮ ਚੌਧਰੀਆਂ ਨੇ ਜ਼ਿਆਦਾਤਰ ਪ੍ਰਭਾਵਿਤਾਂ ਦੇ ਨਾਂਅ ਇਨ੍ਹਾਂ ਵਾਰਡਾਂ 'ਚੋਂ ਹੀ ਕਟਵਾਏ ਹਨ | ਉਨ੍ਹਾਂ ਕਿਹਾ ਕਿ ਭੀਖੀ ਵਿਖੇ ਕੁੱਲ 141 ਨੁਕਸਾਨੇ ਮਕਾਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਪ੍ਰੰਤੂ ਉਕਤ ਵਾਰਡਾਂ ਵਿਚ 50 ਤੋਂ ਵੱਧ ਨਾਵਾਂ 'ਤੇ ਕਾਟੀ ਮਾਰ ਦਿੱਤੀ | ਉਨ੍ਹਾਂ ਕਿਹਾ ਕਿ ਅੱਜ ਦਾ ਧਰਨਾ ਬੇਸ਼ੱਕ ਸੰਕੇਤਕ ਹੈ ਪ੍ਰੰਤੂ ਜੇਕਰ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਨਾ ਮਿਲਿਆ ਤਾਂ ਆਉਣ ਵਾਲੇ ਦਿਨਾਂ 'ਚ ਨਗਰ ਪੰਚਾਇਤ ਦਫ਼ਤਰ ਵਿਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਕਾ. ਧਰਮਪਾਲ ਨੀਟਾ, ਬਿੰਦਰ ਸਿੰਘ, ਕਾ. ਰਘੁਵੀਰ ਮਾਲੀ, ਜਸਵੰਤ ਸਿੰਘ ਆਦਿ ਹਾਜ਼ਰ ਸਨ |
ਬਾਰਿਸ਼ ਦੌਰਾਨ ਨੁਕਸਾਨੇ ਮਕਾਨਾਂ ਦਾ ਮੁਆਵਜ਼ਾ ਨਾ ਦੇਣ 'ਤੇ ਨਗਰ ਪੰਚਾਇਤ ਦਫ਼ਤਰ ਅੱਗੇ ਧਰਨਾ
ਅਜੀਤ ਡੈਸਕ
18-02-2026