ਬਰੇਟਾ, 11 ਮਈ (ਪਾਲ ਸਿੰਘ ਮੰਡੇਰ)- ਪਿਛਲੇ ਲਗਭਗ 10 ਦਿਨਾਂ ਤੋਂ ਇਲਾਕੇ ਦੇ ਸਾਰੇ ਬੈਂਕਾਂ ਦੇ ਖਾਤਾ ਧਾਰਕ ਨਕਦੀ ਲਈ ਬੈਂਕਾਂ 'ਚ ਚੱਕਰ ਕੱਟ ਰਹੇ ਹਨ ਪ੍ਰੰਤੂ ਕੋਈ ਵੀ ਬੈਂਕ ਅਧਿਕਾਰੀ ਤਸੱਲੀ ਬਖ਼ਸ਼ ਜਵਾਬ ਦੇਣ ਲਈ ਤਿਆਰ ਨਹੀਂ ਹੈ | ਇਹ ਵਿਚਾਰ ਬੈਂਕ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਸਮੇਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪ੍ਰਗਟਾਏ | ਉਨ੍ਹਾਂ ਕੇਂਦਰੀ ਵਿੱਤ ਮੰਤਰੀ ਅਤੇ ਰਿਜ਼ਰਵ ਬੈਂਕ ਪ੍ਰਤੀ ਰੋਸ ਜ਼ਾਹਿਰ ਕੀਤਾ ਕਿ ਸੋਸ਼ਲ ਮੀਡੀਆ ਤੇ ਅਖ਼ਬਾਰਾਂ 'ਚ ਐਨਾ ਰੌਲਾ ਪੈਣ ਦੇ ਬਾਵਜੂਦ ਕੋਈ ਕਰਵਾਈ ਨਹੀਂ ਕੀਤੀ ਗਈ | ਇਲਾਕਾ ਵਿਕਾਸ ਕਮੇਟੀ ਦੇ ਮੈਂਬਰ ਸੰਜੀਵ ਗੋਇਲ, ਕਿ੍ਸ਼ਨ ਰੰਘੜਿਆਲ, ਜਨਤਕ ਮੰਚ ਬਰੇਟਾ ਦੇ ਦਸੌਂਧਾ ਸਿੰਘ, ਕਿਸਾਨ ਆਗੂ ਬਲਵਿੰਦਰ ਕਿਸ਼ਨਗੜ੍ਹ, ਮਿੱਠੂ ਸਿੰਘ ਬਹਾਦਰਪੁਰ, ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੇ ਜੋਹਰੀ ਲਾਲ, ਮਜ਼ਦੂਰ ਆਗੂ ਨਿੱਕਾ ਸਿੰਘ, ਤਰਸੇਮ ਸਿੰਘ, ਸੁਖਲਾਲ ਖੁਡਾਲ, ਮਹਿੰਦਰ ਸਿੰਘ ਆਦਿ ਨੇ ਮੰਗ ਕੀਤੀ ਕਿ ਬੈਂਕਾਂ 'ਚ ਨਕਦੀ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ ਕਿਉਂ ਕਿ ਫ਼ਸਲ ਦੀ ਵਿੱਕਰੀ ਤੋਂ ਬਾਅਦ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਪਣੇ ਘਰੇਲੂ ਕੰਮ-ਧੰਦਿਆਂ ਅਤੇ ਲੈਣ-ਦੇਣ ਦੇ ਹਿਸਾਬ ਲਈ ਨਕਦੀ ਦੀ ਸਖ਼ਤ ਜ਼ਰੂਰਤ ਹੁੰਦੀ ਹੈ |