07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਕਿਸਾਨਾਂ ਵਲੋਂ ਮੋਘੇ ਤੋਂ ਪਾਈਪ ਲਾਈਨ ਪਾਉਣ ਦੀ ਮੰਗ <br/>

ਭੀਖੀ ਡਿਸਟਰੀਬਿਊਟਰੀ 'ਚੋਂ ਲਗਾਏ ਮੋਘੇ ਦੀ ਤਸਵੀਰ ਤੇ ਪਿੰਡ 'ਚ ਜੁੜਿਆ ਕਿਸਾਨਾਂ ਦਾ ਇਕੱਠ | ਤਸਵੀਰਾਂ : ਬਲਕਾਰ ਸਿੰਘ ਸਹੋਤਾ<br/> 15-05-2026

ਭੀਖੀ, 14 ਮਈ (ਬਲਕਾਰ ਸਿੰਘ ਸਹੋਤਾ)- ਖੇਤੀ ਦੀ ਸਿੰਚਾਈ ਲਈ ਭਾਵੇਂ ਸੂਬਾ ਸਰਕਾਰ ਵਲੋਂ ਹਿੱਕ ਠੋਕ ਕੇ ਦਾਅਵੇ ਕੀਤੇ ਰਹੇ ਹਨ ਕਿ ਰਾਜ 'ਚ ਕੋਈ ਵੀ ਐਸਾ ਖੇਤ ਨਹੀਂ ਜਿੱਥੇ ਨਹਿਰੀ ਪਾਣੀ ਉਪਲਬਧ ਨਾ ਹੋਵੇ, ਪ੍ਰੰਤੂ ਨੇੜਲੇ ਪਿੰਡ ਹਮੀਰਗੜ੍ਹ ਢੈਪਈ ਦੇ ਕਿਸਾਨ ਭੀਖੀ ਡਿਸਟਰੀਬਿਊਟਰੀ 'ਚੋਂ ਲਗਾਏ ਮੋਘੇ ਤੋਂ ਖੇਤਾਂ ਤੱਕ ਪਾਈਪ ਲਾਈਨ ਪਾਉਣ ਲਈ 8 ਸਾਲਾਂ ਤੋਂ ਮੰਗ ਕਰ ਰਹੇ ਹਨ ਪਰ ਹਾਲੇ ਤੱਕ ਮੰਗ ਨੂੰ ਬੂਰ ਨਹੀਂ ਪਿਆ | ਹੱਸੋ-ਹਾਣੀ ਸਥਿਤੀ ਇਹ ਕਿ ਇਸ ਮੋਘੇ ਤੋਂ ਜਿਨ੍ਹਾਂ ਖੇਤਾਂ ਨੂੰ ਸਿੰਚਾਈ ਲਈ ਪਾਣੀ ਮਿਲਣਾ ਹੈ, ਉਸ 'ਚ 5 ਏਕੜ ਜ਼ਮੀਨ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਦੀ ਵੀ ਹੈ | ਭਾਰਤੀ ਏਕਤਾ ਕਿਸਾਨ ਯੂਨੀਅਨ (ਡਕੌਦਾ) ਦੀ ਅਗਵਾਈ ਹੇਠ ਪਿੰਡ 'ਚ ਹੋਏ ਕਿਸਾਨਾਂ ਦੇ ਵੱਡੇ ਇਕੱਠ ਦੌਰਾਨ ਸੂਬਾ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੋਘੇ ਤੋਂ ਖੇਤਾਂ ਲਈ ਤੁਰੰਤ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਕੀਤਾ ਜਾਵੇ | ਕਿਸਾਨ ਆਗੂ ਧੰਨਜੀਤ ਸਿੰਘ, ਤੋਤਾ ਰਾਮ ਅਤੇ ਯੂਨੀਅਨ ਦੇ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀਬਾਘਾ ਨੇ ਕਿਹਾ ਕਿ 2017 'ਚ ਭੀਖੀ ਡਿਸਟਰੀਬਿਊਟਰੀ (ਨਹਿਰ) ਤੋਂ ਪਿੰਡ ਹਮੀਰਗੜ੍ਹ ਢੈਪਈ ਅਤੇ ਹੀਰੋਂ ਕਲਾਂ ਦੇ 800 ਏਕੜ ਰਕਬੇ ਦੀ ਸਿੰਚਾਈ ਲਈ ਮੋਘਾ ਨੰ. 30588 ਐਲ ਲਗਾਇਆ ਗਿਆ ਸੀ, ਜਿਸ 'ਤੇ ਹਾਲੇ ਤੱਕ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ | ਕਿਸਾਨਾਂ ਨੇ ਟਿਊਬਵੈੱਲ ਕਾਰਪੋਰੇਸ਼ਨ ਵਿਭਾਗ ਦੇ ਅਧਿਕਾਰੀਆਂ ਤੋਂ ਲੈ ਕੇ ਮੁੱਖ ਮੰਤਰੀ ਦੇ ਦਫ਼ਤਰ ਤੱਕ ਪਹੁੰਚ ਕੀਤੀ ਹੈ ਪਰ ਮਸਲਾ ਜਿਉਂ ਦਾ ਤਿਉਂ ਹੈ | ਉਨ੍ਹਾਂ ਦੱਸਿਆ ਕਿ ਪਾਈਪ ਲਾਈਨ ਪਾਉਣ ਲਈ ਪਿੰਡ ਵਲੋਂ ਆਪਣੇ ਹਿੱਸੇ ਦੀ ਬਣਦੀ ਰਕਮ ਵੀ ਜਮਾਂ ਕਰਵਾਈ ਹੋਈ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਵੀ ਟਿਊਬਵੈੱਲ ਕਾਰਪੋਰੇਸ਼ਨ ਦੇ ਅਫ਼ਸਰਾਂ ਕੋਲ ਜਾਂਦੇ ਹਾਂ ਤਾਂ ਉਹ ਫ਼ੰਡਾਂ ਦੀ ਕਮੀ ਕਹਿ ਕੇ ਟਾਲ-ਮਟੋਲ ਕਰ ਜਾਂਦੇ ਹਨ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਮੋਘੇ ਤੋਂ ਤੁਰੰਤ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਕੀਤਾ ਜਾਵੇ ਤਾਂ ਜੋ ਜ਼ਮੀਨਦੋਜ਼ ਪਾਣੀ 'ਤੇ ਨਿਰਭਰਤਾ ਘਟਾਈ ਜਾ ਸਕੇ | ਉੱਧਰ ਜਦੋਂ ਕਾਰਪੋਰੇਸ਼ਨ ਦੇ ਉਪ ਮੰਡਲ ਅਫ਼ਸਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਮੋਬਾਈਲ ਫ਼ੋਨ ਨਹੀਂ ਚੁੱਕਿਆ | ਇਸ ਮੌਕੇ ਕਿਸਾਨ ਆਗੂ ਵਰਿਆਮ ਸਿੰਘ, ਸਿਕੰਦਰ ਸਿੰਘ ਖ਼ਿਆਲਾ, ਅਮਨਦੀਪ ਸਿੰਘ, ਜਸਵਿੰਦਰ ਸਿੰਘ, ਲਾਭ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਘਰ 'ਚੋਂ ਗਹਿਣੇ ਤੇ ਨਕਦੀ ਚੋਰੀ ਅਗਲੀ ਖ਼ਬਰ ਭਵਾਨੀਗੜ੍ਹ-ਕੋਟਸ਼ਮੀਰ ਸੜਕ ਨੂੰ ਚਹੰੁਮਾਰਗੀ ਬਣਾਉਣਾ ਸ਼ਲਾਘਾਯੋਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।