ਮਾਨਸਾ, 15 ਮਈ (ਰਾਵਿੰਦਰ ਸਿੰਘ ਰਵੀ)- ਦੇਸ਼ 'ਚ ਫਾਸੀਵਾਦੀ ਸ਼ਕਤੀਆਂ ਦੇ ਵਧਦੇ ਪਸਾਰ ਨੂੰ ਰੋਕਣ ਲਈ ਖੱਬੇ-ਪੱਖੀ ਧਿਰਾਂ ਦਾ ਇੱਕਜੁੱਟ ਹੋਣਾ ਸਮੇਂ ਦੀ ਮੁੱਖ ਲੋੜ ਹੈ | ਇਹ ਵਿਚਾਰ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਕੌਮੀ ਜਨਰਲ ਸਕੱਤਰ ਕਾ. ਦੀਪਾਂਕਰ ਭੱਟਾਚਾਰੀਆ ਨੇ ਇੱਥੇ ਕਰਵਾਏ 'ਨਾਗਰਿਕ ਸਮਾਜ ਨਾਲ ਇਕ ਸੰਵਾਦ' ਸੰਮੇਲਨ ਮੌਕੇ ਸੰਬੋਧਨ ਕਰਦਿਆਂ ਪ੍ਰਗਟਾਏ | ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਅਮਰੀਕੀ ਸਾਮਰਾਜ ਅੱਗੇ ਮੁਕੰਮਲ ਸਮਰਪਣ ਵਾਲੀਆਂ ਨੀਤੀਆਂ ਨੇ ਦੇਸ਼ ਨੂੰ ਵੱਡੇ ਆਰਥਿਕ ਸੰਕਟ ਵੱਲ ਧੱਕ ਦਿੱਤਾ ਹੈ | ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਵਲੋਂ ਦਿੱਤਾ ਗਿਆ ਭਾਸ਼ਣ ਦਰਅਸਲ ਦੇਸ਼ ਵਿਚ ਆਰਥਿਕ ਐਮਰਜੈਂਸੀ ਦੀ ਘੋਸ਼ਣਾ ਹੀ ਹੈ | ਉਨ੍ਹਾਂ ਦੱਸਿਆ ਕਿ ਪੱਛਮੀ ਬੰਗਾਲ 'ਤੇ ਕਬਜ਼ਾ ਕਰਨ ਤੋਂ ਬਾਅਦ ਭਾਜਪਾ-ਆਰ.ਐਸ.ਐਸ. ਦਾ ਅਗਲਾ ਨਿਸ਼ਾਨਾ ਪੰਜਾਬ ਹੈ | ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਪੰਜਾਬ 'ਚ ਐਸ.ਆਈ.ਆਰ. ਨੂੰ ਲੈ ਕੇ ਰਾਜਨੀਤਕ ਪਾਰਟੀਆਂ ਅਤੇ ਮੀਡੀਆ ਵਿਚ ਹਾਲੇ ਕੋਈ ਚਿੰਤਾ ਤੇ ਹਲਚਲ ਨਜ਼ਰ ਨਹੀਂ ਆ ਰਹੀ ਜਦਕਿ ਬਾਕੀ ਸੂਬਿਆਂ ਦੀ ਤਰਜ਼ 'ਤੇ ਸੂਬੇ 'ਚ ਸਵੈ ਰੁਜ਼ਗਾਰ ਕਰ ਰਹੇ ਮਜ਼ਦੂਰਾਂ ਅਤੇ ਸ਼ਹਿਰੀ ਤੇ ਪੇਂਡੂ ਗ਼ਰੀਬਾਂ ਦੀਆਂ ਵੋਟਾਂ ਵੱਡੀ ਗਿਣਤੀ 'ਚ ਕੱਟੀਆਂ ਜਾਣਗੀਆਂ | ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਕਿ ਚੋਣ ਕਮਿਸ਼ਨ, ਈ.ਡੀ., ਸੀ.ਬੀ.ਆਈ. ਅਤੇ ਨਿਆਂਪਾਲਿਕਾ ਵਰਗੀਆਂ ਸੰਵਿਧਾਨਿਕ ਸੰਸਥਾਵਾਂ ਵੀ ਭਾਜਪਾ ਦਾ ਖੁੱਲ੍ਹ ਕੇ ਸਾਥ ਦੇ ਰਹੀਆਂ ਹਨ, ਜੋ ਜਮਹੂਰੀਅਤ ਦਾ ਘਾਣ ਹੈ | ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ 'ਚ ਕਾ. ਰਾਜਵਿੰਦਰ ਸਿੰਘ ਰਾਣਾ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਸੁਖਦਰਸ਼ਨ ਸਿੰਘ ਨੱਤ, ਪ੍ਰਸ਼ੋਤਮ ਸ਼ਰਮਾ, ਨਛੱਤਰ ਸਿੰਘ ਖੀਵਾ, ਮਾਨਿਕ ਗੋਇਲ, ਧੰਨਾ ਮੱਲ ਗੋਇਲ, ਸਿਕੰਦਰ ਸਿੰਘ ਘਰਾਂਗਣਾ, ਕੁਲਵਿੰਦਰ ਸਿੰਘ ਉੱਡਤ, ਜੁਗਰਾਜ ਸਿੰਘ ਰੱਲਾ, ਧਰਮਪਾਲ ਨੀਟਾ, ਭੋਲਾ ਸਿੰਘ ਸਮਾਓਾ, ਕਰਨੈਲ ਸਿੰਘ ਮਾਨਸਾ, ਵਿਜੇ ਭੀਖੀ, ਇੰਜ. ਹਰਮੀਤ ਸਿੰਘ, ਅਜਮੇਰ ਅਕਲੀਆ, ਸੁਰਿੰਦਰ ਪਾਲ ਸ਼ਰਮਾ, ਮੰਗਾ ਖੋਖਰ, ਗੁਰਸੇਵਕ ਸਿੰਘ ਮਾਨ, ਜਸਬੀਰ ਕੌਰ ਨੱਤ ਆਦਿ ਸਨ |