ਬਰੇਟਾ, 19 ਮਈ (ਜੀਵਨ ਸ਼ਰਮਾ/ਪਾਲ ਸਿੰਘ ਮੰਡੇਰ)- ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਐਮ. ਬੀ. ਬੀ. ਐਸ. ਦੇ ਅਖੀਰਲੇ ਸਾਲ ਦੇ ਵਿਦਿਆਰਥੀ ਅਤੇ ਸਥਾਨਕ ਸ਼ਹਿਰ ਦੇ ਬਾਸ਼ਿੰਦੇ ਕਮਲਦੀਪ ਦੇ ਕਤਲ ਦੇ ਰੋਸ ਵਜੋਂ ਬਰੇਟਾ ਦੇ ਬਾਜ਼ਾਰ ਬੰਦ ਰਹੇ | ਸ਼ਹਿਰ ਵਾਸੀਆਂ ਵਲੋਂ ਪੁਲਿਸ ਥਾਣੇ ਅੱਗੇ ਧਰਨਾ ਲਗਾ ਦਿੱਤਾ ਗਿਆ ਅਤੇ ਕਾਤਲਾਂ ਨੂੰ ਜਲਦ ਫੜਨ ਦੀ ਮੰਗ ਕੀਤੀ ਗਈ | ਬੁਲਾਰਿਆਂ ਨੇ ਕਿਹਾ ਕਿ ਕਮਲਦੀਪ ਦੀ ਪੜ੍ਹਾਈ ਸਿਰਫ਼ 2 ਮਹੀਨੇ ਦੀ ਹੀ ਬਾਕੀ ਰਹਿ ਗਈ ਸੀ, ਜਿਸ ਤੋਂ ਬਾਅਦ ਉਸ ਨੇ ਡਾਕਟਰ ਵਜੋਂ ਸੇਵਾ ਨਿਭਾਉਣੀ ਸੀ ਪਰ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਮਾਪਿਆਂ ਤੇ ਸ਼ਹਿਰ ਵਾਸੀਆਂ ਨੂੰ ਵੱਡਾ ਘਾਟਾ ਪਿਆ ਹੈ | ਮਿ੍ਤਕ ਦੇ ਮਾਪਿਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪੁੱਤਰ ਨੂੰ ਕਤਲ ਕਰਨ ਵਾਲਾ ਇਸ ਸ਼ਹਿਰ ਦਾ ਹੀ ਵਸਨੀਕ ਹੈ | ਉਨ੍ਹਾਂ ਮੰਗ ਕੀਤੀ ਕਿ ਸਪੈਸ਼ਲ ਕੋਰਟ ਦਾ ਨਿਰਮਾਣ ਕਰ ਕੇ ਦੋਸੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ | ਇਸ ਮੌਕੇ ਹਲਕਾ ਵਿਧਾਇਕ ਬੁੱਧ ਰਾਮ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ, ਭਾਰਤੀ ਜਨਤਾ ਪਾਰਟੀ ਦੇ ਆਗੂ ਗਗਨਦੀਪ ਸ਼ਰਮਾ, ਮਜ਼ਦੂਰ ਆਗੂ ਨਿੱਕਾ ਸਿੰਘ ਬਹਾਦਰਪੁਰ, ਰਾਮਲਾਜ ਸਿੰਘ ਬਹਾਦਰਪੁਰ ਆਦਿ ਹਾਜ਼ਰ ਸਨ | ਧਰਨੇ 'ਚ ਪਹੁੰਚੇ ਡੀ. ਐੱਸ. ਪੀ. ਬੁਢਲਾਡਾ ਸਿਕੰਦਰ ਸਿੰਘ ਚੀਮਾ ਨੇ ਵਿਸ਼ਵਾਸ ਦਿਵਾਇਆ ਕਿ ਦੋਸ਼ੀਆਂ ਨੂੰ ਬਖਸਿਆ ਨਹੀਂ ਜਾਵੇਗਾ |
ਡਾਕਟਰੀ ਦੀ ਪੜ੍ਹਾਈ ਕਰ ਰਹੇ ਬਰੇਟਾ ਦੇ ਨੌਜਵਾਨ ਦੇ ਕਤਲ ਦੇ ਰੋਸ 'ਚ ਬਾਜ਼ਾਰ ਰਹੇ ਬੰਦ
ਅਜੀਤ ਡੈਸਕ
20-05-2026