ਮਾਨਸਾ, 4 ਜੂਨ (ਰਾਵਿੰਦਰ ਸਿੰਘ ਰਵੀ)- ਸਥਾਨਕ ਸ਼ਹਿਰ 'ਚ ਬਾਅਦ ਦੁਪਹਿਰ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ | ਕਈ ਦਿਨਾਂ ਤੋਂ ਪੈ ਰਹੀ ਸਖ਼ਤ ਗਰਮੀ ਕਾਰਨ ਪਸ਼ੂ-ਪੰਛੀਆਂ ਤੋਂ ਇਲਾਵਾ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਸੀ | ਹੀਟ ਜ਼ਿਆਦਾ ਹੋਣ ਕਾਰਨ ਵਾਇਰਲ ਆਦਿ ਵੀ ਫੈਲ ਰਿਹਾ ਸੀ | ਬਾਰਸ਼ ਨਾਲ ਚਕੇਰੀਆਂ ਫਾਟਕ ਕੋਲ, ਭੱਠਾ ਬਸਤੀ, ਰੇਲਵੇ ਫਾਟਕ ਨਜ਼ਦੀਕ, ਬੱਸ ਅੱਡਾ ਚੌਂਕ, ਵੀਰ ਨਗਰ ਮੁਹੱਲਾ, ਓਵਰਬਿ੍ਜ ਨਜ਼ਦੀਕ ਬਿਜਲੀ ਗਰਿੱਡ ਨੇੜੇ ਪਾਣੀ ਭਰ ਗਿਆ | ਕਈ ਵਾਰਡਾਂ ਦੀਆਂ ਗਲੀਆਂ ਤੋਂ ਇਲਾਵਾ ਮੁੱਖ ਸੜਕਾਂ 'ਤੇ ਪਾਣੀ ਫੈਲ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਪਾਣੀ ਜ਼ਿਆਦਾ ਹੋਣ ਕਰ ਕੇ ਦੋਪਹੀਆ ਵਾਹਨ ਬੰਦ ਹੁੰਦੇ ਵੀ ਵੇਖੇ ਗਏ | ਮੀਂਹ ਨਾਲ ਸੀਵਰੇਜ ਦੇ ਨਾਕਸ ਪ੍ਰਬੰਧਾਂ ਦੀ ਪੋਲ ਵੀ ਖੁੱਲ੍ਹ ਗਈ | ਲੋਕ ਲੰਬੇ ਸਮੇਂ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਹੁਣ ਬਰਸਾਤ ਦਾ ਪਾਣੀ ਸੀਵਰੇਜ ਦੇ ਪਾਣੀ 'ਚ ਰਲਣ ਕਰ ਕੇ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵਧਿਆ ਹੈ | ਉੱਧਰ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮੀਂਹ ਸਾਉਣੀ ਦੀਆਂ ਫ਼ਸਲਾਂ ਲਈ ਲਾਭਦਾਇਕ ਹੋਵੇਗਾ | ਉਨ੍ਹਾਂ ਕਿਹਾ ਕਿ ਅੰਤਾਂ ਦੀ ਗਰਮੀ ਕਾਰਨ ਜ਼ਮੀਨ ਖ਼ੁਸ਼ਕ ਹੋ ਗਈ ਸੀ ਅਤੇ ਇਹ ਬਾਰਸ਼ ਹਰਾ-ਚਾਰਾ ਤੇ ਸਬਜ਼ੀਆਂ ਨੂੰ ਘਿਓ ਵਾਂਗ ਲੱਗੇਗਾ |
ਮਾਨਸਾ 'ਚ ਮੀਂਹ ਨੇ ਲੋਕਾਂ ਨੂੰ ਦਿਵਾਈ ਗਰਮੀ ਤੋਂ ਰਾਹਤ <br/>
ਮਾਨਸਾ ਦੇ ਮੁੱਖ ਬਾਜ਼ਾਰ 'ਚ ਮੀਂਹ ਦਾ ਭਰਿਆ ਪਾਣੀ | ਤਸਵੀਰ : ਸੇਮੀ ਮਾਨਸਾ<br/>
05-06-2026