ਡੱਬਵਾਲੀ, 17 ਜੂਨ (ਇਕਬਾਲ ਸਿੰਘ ਸ਼ਾਂਤ)- ਸਥਾਨਕ ਐੱਮ.ਪੀ. ਕਾਲਜ ਦੀ ਅਧਿਕਾਰਤ ‘ਰੈੱਡਿਫਮੇਲ’ ਈਮੇਲ ਖਾਤਾ ਸਾਈਬਰ ਠੱਗਾਂ ਦੇ ਕਬਜ਼ੇ ‘ਚ ਚਲਾ ਗਿਆ ਹੈ। ਹੈਕਰ ਕਾਲਜ ਦੀ ਪਿ੍ੰਸੀਪਲ ਦੇ ਨਾਂਅ ‘ਤੇ ਫਰਜ਼ੀ ਈਮੇਲਾਂ ਭੇਜ ਕੇ ਲੋਕਾਂ ਤੋਂ ਆਰਥਿਕ ਮਦਦ ਮੰਗ ਰਹੇ ਹਨ। ਈ-ਮੇਲ ‘ਚ ਪ੍ਰਿੰਸੀਪਲ ਦੀ ਭੈਣ ਦੇ ਲੀਵਰ ਕੈਂਸਰ ਦੇ ਇਲਾਜ ਅਤੇ ਆਪ੍ਰੇਸ਼ਨ ਲਈ 9.5 ਲੱਖ ਰੁਪਏ ਦੀ ਲੋੜ ਦੱਸ ਕੇ 2 ਲੱਖ ਰੁਪਏ ਬੈਂਕ ਖਾਤੇ ਵਿੱਚ ਭੇਜਣ ਦੀ ਅਪੀਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਾਈਬਰ ਠੱਗ ਪ੍ਰਿੰਸੀਪਲ ਵਲੋਂ ਭਾਵਨਾਤਮਿਕ ਸੰਦੇਸ਼ ਭੇਜ ਕੇ ਦਾਅਵਾ ਕਰ ਰਹੇ ਹਨ ਕਿ 7.5 ਲੱਖ ਰੁਪਏ ਦਾ ਪ੍ਰਬੰਧ ਹੋ ਚੁੱਕਾ ਹੈ ਅਤੇ ਬਾਕੀ ਰਕਮ ਦੋ ਹਫ਼ਤਿਆਂ ਵਿੱਚ ਵਾਪਸ ਕਰ ਦਿੱਤੀ ਜਾਵੇਗੀ। ਇਹ ਈਮੇਲਾਂ ਕਾਲਜ ਦੀ ਸੰਪਰਕ ਸੂਚੀ ਵਿੱਚ ਦਰਜ ਲੋਕਾਂ ਨੂੰ ਭੇਜੀਆਂ ਜਾ ਰਹੀਆਂ ਹਨ। ਮਾਮਲਾ ਨਸ਼ਰ ਹੋਣ ‘ਤੇ ਕਾਲਜ ਪ੍ਰਬੰਧਨ ਨੇ ਨੈਸ਼ਨਲ ਸਾਈਬਰ ਕ੍ਰਾਈਮ ਪੋਰਟਲ ‘ਤੇ ਸ਼ਿਕਾਇਤ ਦਰਜ ਕਰਵਾਈ ਹੈ। ਦੱਸਿਆ ਜਾਂਦਾ ਹੈ ਕਿ ਹੈਕਰਾਂ ਨੇ ਈਮੇਲ ਖਾਤੇ ਦਾ ਰਿਕਵਰੀ ਮੋਬਾਇਲ ਨੰਬਰ ਅਤੇ ਈ-ਮੇਲ ਬਦਲ ਕੇ ਕਾਲਜ ਦਾ ਉਸ ਦੇ ਆਪਣੇ ਹੀ ਖਾਤੇ ਨਾਲ ਸੰਪਰਕ ਤੋੜ ਦਿੱਤਾ । ਕਾਲਜ ਦੀ ਪ੍ਰਿੰਸੀਪਲ ਡਾ. ਵਨੀਤਾ ਗੁਪਤਾ ਨੇ ਸਟਾਫ਼, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਈਬਰ ਠੱਗਾਂ ਵਲੋਂ ਹੈਕ ਹੋਈ ਈ-ਮੇਲ ਆਈ.ਡੀ. ਤੋਂ ਆਉਣ ਵਾਲੇ ਕਿਸੇ ਵੀ ਸੁਨੇਹੇ ਜਾਂ ਸੰਦੇਸ਼ ਜਾਂ ਪੈਸਿਆਂ ਦੀ ਮੰਗ ‘ਤੇ ਭਰੋਸਾ ਨਾ ਕੀਤਾ ਜਾਵੇ ਅਤੇ ਕੋਈ ਰਕਮ ਨਾ ਭੇਜੀ ਜਾਵੇ।