01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਹਰਦੀਪ ਸਿੰਘ (ਦੀਪ ਜੰਡੂ) ਨਗਰ ਪੰਚਾਇਤ ਭਾਈਰੂਪਾ ਦੇ ਪ੍ਰਧਾਨ ਬਣੇ

ਅਜੀਤ ਡੈਸਕ 26-06-2026

ਜਸਵੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਤੇ ਸੁਖਵਿੰਦਰ ਕੌਰ ਮੀਤ ਪ੍ਰਧਾਨ ਬਣੇ
ਭਾਈਰੂਪਾ, 25 ਜੂਨ (ਵਰਿੰਦਰ ਲੱਕੀ)-ਅੱਜ ਹੋਈ ਨਗਰ ਪੰਚਾਇਤ ਭਾਈਰੂਪਾ ਦੇ ਅਹੁਦੇਦਾਰਾਂ ਦੀ ਚੋਣ ’ਚ ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਹਰਦੀਪ ਸਿੰਘ (ਦੀਪ ਜੰਡੂ) ਨੂੰ ਨਗਰ ਪੰਚਾਇਤ ਭਾਈਰੂਪਾ ਦਾ ਅਗਲਾ ਪ੍ਰਧਾਨ ਚੁਣਿਆ ਗਿਆ ਹੈ। ਚੋਣ ਮੌਕੇ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ, ਨਿਗਰਾਨ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਨਵਦੀਪ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ । ਰਾਮਪੁਰਾ ਫੂਲ ਦੇ ਐਸ. ਡੀ. ਐਮ. ਬਲਕਰਨ ਮਾਹਲ ਦੀ ਨਿਗਰਾਨੀ ਹੇਠ ਹੋਈ ਚੋਣ ’ਚ ਕੁੱਲ 13 ਕੌਂਸਲਰਾਂ ’ਚੋਂ 11 ਕੌਂਸਲਰ ਹਾਜ਼ਰ ਹੋਏ। ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦੀ ਮੀਟਿੰਗ ’ਚ ਵਾਰਡ ਨੰਬਰ 12 ਤੋਂ ਉਨ੍ਹਾਂ ਦੇ ਕੌਂਸਲਰ ਹਰਦੀਪ ਸਿੰਘ (ਦੀਪ ਜੰਡੂ) ਨੂੰ ਨਗਰ ਪੰਚਾਇਤ ਦਾ ਪ੍ਰਧਾਨ ਚੁਣਿਆ ਗਿਆ ਹੈ ਜਦਕਿ ਵਾਰਡ ਨੰਬਰ 4 ਤੋਂ ਉਨ੍ਹਾਂ ਦੇ ਕੌਂਸਲਰ ਜਸਵੀਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਵਾਰਡ ਨੰਬਰ 5 ਤੋਂ ਉਨ੍ਹਾਂ ਦੇ ਕੌਂਸਲਰ ਸੁਖਵਿੰਦਰ ਕੌਰ ਪਤਨੀ ਗੁਰਤੇਜ ਸਿੰਘ ਗੇਜਾ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਚੁਣੇ ਗਏ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਹਰਦੀਪ ਸਿੰਘ ਜੰਡੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਨਗਰ ਦਾ ਸਰਵਪੱਖੀ ਵਿਕਾਸ ਕਰਨਾ ਹੋਵੇਗਾ ਤੇ ਉਹ ਸਮੂਹ ਕੌਂਸਲਰਾਂ ਨੂੰ ਆਪਣੇ ਨਾਲ ਲੈ ਕੇ ਚੱਲਣਗੇ । ਵਰਣਨਯੋਗ ਹੈ ਕਿ ਲੰਘੀ 26 ਮਈ ਨੂੰ ਹੋਈਆਂ ਨਗਰ ਪੰਚਾਇਤ ਭਾਈਰੂਪਾ ਦੀਆਂ ਚੋਣਾਂ ’ਚ ਨਗਰ ਦੇ ਕੁੱਲ 13 ਵਾਰਡਾਂ ’ਚੋਂ ਆਮ ਆਦਮੀ ਪਾਰਟੀ ਦੇ 9 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ ਜਦਕਿ ਦੋ ਵਾਰਡਾਂ ’ਚ ਅਜ਼ਾਦ ਉਮੀਦਵਾਰ ਤੇ ਇਕ-ਇਕ ਵਾਰਡ ’ਚ ਅਕਾਲੀ ਦਲ ਤੇ ਕਾਂਗਰਸ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ। ਹਰਦੀਪ ਸਿੰਘ ਜੰਡੂ ਨਗਰ ਪੰਚਾਇਤ ਭਾਈਰੂਪਾ ਦੇ ਚੌਥੇ ਪ੍ਰਧਾਨ ਬਣੇ ਹਨ, ਉਨ੍ਹਾਂ ਤੋਂ ਪਹਿਲਾਂ ਗੁਰਮੇਲ ਸਿੰਘ ਸਿੱਧੂ, ਤੀਰਥ ਸਿੰਘ ਸਿੱਧੂ ਤੇ ਲਖਵੀਰ ਸਿੰਘ ਜਵੰਧਾ ਪ੍ਰਧਾਨ ਰਹਿ ਚੁੱਕੇ ਹਨ। ਚੋਣ ਦੌਰਾਨ ਚੁਣੇ ਗਏ ਅਹੁੱਦੇਦਾਰਾਂ ਤੋਂ ਇਲਾਵਾ ਵਾਰਡ ਨੰਬਰ 1 ਤੋਂ ਕੌਂਸਲਰ ਜਸਪ੍ਰੀਤ ਸਿੰਘ, ਵਾਰਡ ਨੰਬਰ 2 ਤੋਂ ਕੌਂਸਲਰ ਗੁਰਸੇਵਕ ਸਿੰਘ ਬਾਬਾ, ਵਾਰਡ ਨੰਬਰ 3 ਤੋਂ ਅਜ਼ਾਦ ਕੌਂਸਲਰ ਪਰਮਿੰਦਰ ਕੌਰ, ਵਾਰਡ ਨੰਬਰ 6 ਤੋਂ ਕੌਂਸਲਰ ਕੁਲਦੀਪ ਸਿੰਘ ਮੰਗਾ, ਵਾਰਡ ਨੰਬਰ 7 ਤੋਂ ਕੌਂਸਲਰ ਰਣਦੀਪ ਕੌਰ, ਵਾਰਡ ਨੰਬਰ 10 ਤੋਂ ਅਕਾਲੀ ਕੌਂਸਲਰ ਬਲਜਿੰਦਰ ਸਿੰਘ, ਵਾਰਡ ਨੰਬਰ 11 ਤੋਂ ਕੌਂਸਲਰ ਸੁਖਜੀਤ ਕੌਰ, ਵਾਰਡ ਨੰਬਰ 13 ਤੋਂ ਕੌਂਸਲਰ ਕੁਲਵੰਤ ਕੌਰ ਹਾਜ਼ਰ ਸੀ।

ਪਿਛਲੀ ਖ਼ਬਰ ਮਾਤੇਸ਼ਵਰੀ ਜਗਦੰਬਾ ਦਾ 61ਵਾਂ ਸਮ੍ਰਿਤੀ ਦਿਵਸ ਮਨਾਇਆ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਪਿੰਡ ਨਸੀਬਪੁਰਾ ਵਿਖੇ ਆਤਮਾ ਸਕੀਮ ਅਧੀਨ ਲਗਾਈ ‘ਫਾਰਮ ਸਕੂਲ’ ਦੀ ਕਲਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।