03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਆਮ ਆਦਮੀ ਪਾਰਟੀ ਦੇ ਕੌਂਸਲਰ ਸਤਨਾਮ ਸਿੰਘ ਖਨਾਲੀਆ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਬਣੇ

ਅਜੀਤ ਡੈਸਕ 14-07-2026

ਬੁਢਲਾਡਾ, 13 ਜੁਲਾਈ (ਸਵਰਨ ਸਿੰਘ ਰਾਹੀ)- ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਚੋਣ ਨਿਗਰਾਨ-ਕਮ-ਐਸ.ਡੀ.ਐਮ. ਬੁਢਲਾਡਾ ਗੁਰਮੀਤ ਕੁਮਾਰ ਨੇ ਦੱਸਿਆ ਕਿ ਚੋਣ ਪ੍ਰਕਿਰਿਆ ’ਚ ਹਲਕਾ ਵਿਧਾਇਕ ਬੁੱਧ ਰਾਮ ਸਮੇਤ ਕੁੱਲ 20 ਮੈਂਬਰਾਂ ’ਚੋਂ 14 ਮੈਂਬਰਾਂ ਨੇ ਸਤਨਾਮ ਸਿੰਘ ਖਨਾਲੀਆ ਦੇ ਨਾਂਅ ’ਤੇ ਸਹਿਮਤੀ ਪ੍ਰਗਟਾਉਂਦਿਆਂ ਪ੍ਰਧਾਨ ਚੁਣਿਆ ਹੈ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਹੋਈ ਚੋਣ ’ਚ ਵੀ ਆਮ ਆਦਮੀ ਪਾਰਟੀ ਦੇ ਹੀ ਕ੍ਰਮਵਾਰ ਟਿੰਕੂ ਮਦਾਨ ਅਤੇ ਮਨਜੀਤ ਕੌਰ ਪਤਨੀ ਨੱਥਾ ਸਿੰਘ ਨੂੰ ਚੁਣਿਆ ਗਿਆ ਹੈ। ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ 5 ਅਤੇ ਸੀ.ਪੀ.ਆਈ. ਦੇ 1 ਉਮੀਦਵਾਰ ਨੇ ਚੋਣ ਪ੍ਰਕਿਰਿਆ ’ਚ ਭਾਗ ਨਹੀਂ ਲਿਆ। ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਇਸ ਇਤਿਹਾਸਿਕ ਫ਼ੈਸਲੇ ਨਾਲ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਨੂੰ ਹੋਰ ਰਫ਼ਤਾਰ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਸ਼ਹਿਰ ਦੇ ਚੌਤਰਫੇ ਵਿਕਾਸ ਲਈ ਹਰ ਸੰਭਵ ਉਪਰਾਲੇ ਕਰੇਗੀ। ਪ੍ਰਧਾਨ ਸਤਨਾਮ ਸਿੰਘ ਖਨਾਲੀਆ ਅਤੇ ਹੋਰਨਾਂ ਅਹੁਦੇਦਾਰਾਂ ਨੇ ਪਾਰਟੀ ਹਾਈਕਮਾਨ, ਵਿਧਾਇਕ ਬੁੱਧ ਰਾਮ ਅਤੇ ਸਾਰੇ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਬਿਨਾਂ ਕਿਸੇ ਪੱਖਪਾਤ ਦੇ ਸ਼ਹਿਰ ਦੀ ਤਰੱਕੀ ਲਈ ਕੰਮ ਕਰਨਗੇ। ਇਸ ਮੌਕੇ ਮਾਰਕਿਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਸਿੰਗਲਾ, ਬੋਹਾ ਦੇ ਚੇਅਰਮੈਨ ਰਣਜੀਤ ਸਿੰਘ ਫਰੀਦਕੇ, ਸਹਿਕਾਰਤਾ ਵਿਭਾਗ ਮਾਨਸਾ ਦੇ ਚੇਅਰਮੈਨ ਸੋਹਣਾ ਸਿੰਘ ਕਲੀਪੁਰ, ਟਰੱਕ ਯੂਨੀਅਨ ਬੁਢਲਾਡਾ ਦੇ ਪ੍ਰਧਾਨ ਗੁਰਮੀਤ ਸਿੰਘ ਭਾਦੜਾ, ਐਡਵੋਕੇਟ ਸੁਸ਼ੀਲ ਕੁਮਾਰ ਬਾਂਸਲ, ਕੁਲਦੀਪ ਸ਼ਿਮਾਰ, ਜੱਸੀ ਸੈਣੀ, ਸਰਪੰਚ ਰਾਜਵਿੰਦਰ ਸਿੰਘ ਕਲੀਪੁਰ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਭੁਪਿੰਦਰ ਫ਼ੌਜੀ ਦੀ ਨਵੀਂ ਪੁਸਤਕ ‘ਸੋਲਾਂ ਸ਼ਿੰਗਾਰ’ ਰਿਲੀਜ਼ ਅਗਲੀ ਖ਼ਬਰ ਵਿਧਾਇਕ ਡਾ. ਵਿਜੇ ਸਿੰਗਲਾ ਵਲੋਂ ਪਿੰਡਾਂ ’ਚ ਲੋਕ ਮਿਲਣੀਆਂ, ‘ਰੰਗਲਾ ਪੰਜਾਬ ਸਕੀਮ’ ਤਹਿਤ ਗਰਾਂਟਾਂ ਜਾਰੀ ਕੀਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।