ਨਡਾਲਾ, 14 ਫਰਵਰੀ (ਰਘਬਿੰਦਰ ਸਿੰਘ)- ਬੇਗੋਵਾਲਨਡਾਲਾ-ਸੁਭਾਨਪੁਰ ਰੋਡ 'ਤੇ ਦਿਨ ਦੇ ਸਮੇਂ ਭਾਰੀ ਟਿੱਪਰ ਟਰਾਲਿਆਂ ਦੀ ਵੱਧ ਰਹੀ ਆਮਦ ਕਾਰਨ ਸਥਾਨਕ ਵਸਨੀਕਾਂ ਤੇ ਰਾਹਗੀਰਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਇਲਾਕਾ ਨਿਵਾਸੀਆਂ ਵੱਲੋਂ ਪ੍ਰਸ਼ਾਸਨ ਕੋਲ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ | ਇਸ ਸਬੰਧੀ ਬਲਵਿੰਦਰ ਸਿੰਘ ਬਿੱਟੂ ਖੱਖ, ਅਵਤਾਰ, ਸਿੰਘ, ਜਸਵਿੰਦਰ ਸਿੰਘ ਪੋਂਪੀ, ਰਕੇਸ਼ ਕੁਮਾਰ, ਵਿਨੋਦ ਸਭਰਵਾਲ ਤੇ ਹੋਰਾਂ ਨੇ ਦੱਸਿਆ ਕਿ ਦਿਨ ਦੇ ਵੇਲੇ ਸਕੂਲੀ ਬੱਚਿਆਂ, ਦਫ਼ਤਰੀ ਕਰਮਚਾਰੀਆਂ ਤੇ ਆਮ ਯਾਤਰੀਆਂ ਦੀ ਆਵਾਜਾਈ ਬਹੁਤ ਹੁੰਦੀ ਹੈ, ਜਿਸ ਕਰਕੇ ਭਾਰੀ ਵਾਹਨਾਂ ਦੀ ਆਵਾਜਾਈ ਨਾਲ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਟਿੱਪਰ ਟਰਾਲਿਆਂ ਦੀ ਤੇਜ਼ ਰਫ਼ਤਾਰ ਤੇ ਬੇਤਰਤੀਬ ਪਾਰਕਿੰਗ ਕਾਰਨ ਅਕਸਰ ਜਾਮ ਦੀ ਸਥਿਤੀ ਪੈਦਾ ਹੋ ਜਾਂਦੀ ਹੈ | ਇਸ ਤੋਂ ਇਲਾਵਾ ਇਨ੍ਹਾਂ ਟਿੱਪਰਾਂ ਕਾਰਨ ਕਈ ਮੌਤਾਂ ਵੀ ਹੋ ਚੁੱਕੀਆਂ ਹਨ | ਹੋਰ ਤਾਂ ਹੋਰ ਬੀਤੇ ਸਾਲ ਇਕ ਸਕੂਲੀ ਬੱਸ ਵੀ ਇਨ੍ਹਾਂ ਟਿੱਪਰਾਂ ਕਾਰਨ ਹਾਦਸੇ ਦਾ ਸ਼ਿਕਾਰ ਹੋਈ ਸੀ | ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਦੀ ਸੁਰੱਖਿਆ ਤੇ ਟ੍ਰੈਫਿਕ ਦੀ ਸੁਚਾਰੂ ਵਿਵਸਥਾ ਲਈ ਦਿਨ ਦੇ ਸਮੇਂ ਭਾਰੀ ਵਾਹਨਾਂ ਦੀ ਆਮਦ 'ਤੇ ਰੋਕ ਲਗਾਈ ਜਾਵੇ | ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ ਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਉਨ੍ਹਾਂ ਉਮੀਦ ਜਤਾਈ ਕਿ ਪ੍ਰਸ਼ਾਸਨ ਜਲਦ ਹੀ ਇਸ ਮਾਮਲੇ 'ਤੇ ਗੰਭੀਰਤਾ ਨਾਲ ਕਦਮ ਚੁੱਕੇਗਾ ਤਾਂ ਜੋ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਰਾਹਤ ਮਿਲ ਸਕੇ | ਜ਼ਿਕਰਯੋਗ ਹੈ ਕਿ ਪਠਾਨਕੋਟ/ਜੰਮੂ ਨੂੰ ਜਾਂਦੇ ਇਹ ਭਾਰੀ ਟਿੱਪਰ ਟਰਾਲੇ ਟੋਲ ਬਚਾਉਣ ਦੀ ਖ਼ਾਤਰ ਇਨ੍ਹਾਂ ਵਿਚਲੇ ਰਸਤਿਆਂ ਨੂੰ ਇਸਤੇਮਾਲ ਕਰਦੇ ਹਨ | ਇੱਥੇ ਦੱਸ ਦੇਈਏ ਕਿ ਸਬ-ਡਵੀਜ਼ਨ ਭੁਲੱਥ ਐਸ.ਡੀ.ਐਮ. ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ ਭੁਲੱਥ ਵਿਚ ਰੇਤ/ਬੱਜਰੀ ਦੇ ਟਰਾਲੇ/ਟਰੱਕ ਦੀ ਆਵਾਜਾਈ ਤੇ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਪਾਬੰਦੀ ਲਗਾਈ ਹੋਈ ਸੀ ਤੇ ਇਹ ਹੁਕਮ ਬੀਤੀ 12 ਅਕਤੂਬਰ ਨੂੰ ਮਿਆਦ ਪੁਗਾ ਚੁੱਕੇ ਹਨ | ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਇਹ ਹੁਕਮ ਮੁੜ ਲਾਗੂ ਕੀਤੇ ਜਾਣ ਤੇ ਪੁਲਿਸ ਵੀ ਇਨ੍ਹਾਂ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰੇ |