ਕਪੂਰਥਲਾ, 14 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਪ੍ਰੀਤਾ ਲੀ ਲੈਸਨ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਚ ਕੌਮੀ ਸਿੱਖਿਆ ਨੀਤੀ 2020 ਤੇ ਕੌਮੀ ਪਾਠਕ੍ਰਮ ਢਾਂਚਾ ਫਾਊਾਡੇਸ਼ਨਲ ਸਟੇਜ 2022 ਤਹਿਤ ਸੀ.ਬੀ.ਐਸ.ਈ. ਸਮਰੱਥਾ ਨਿਰਮਾਣ ਵਰਕਸ਼ਾਪ ਕਰਵਾਈ ਗਈ ਜਿਸ ਵਿਚ ਹਰਲੀਨ ਕੌਰ ਤੇ ਰੋਮਾ ਦੁਲਤ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ | ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਉਨ੍ਹਾਂ 3 ਤੋਂ 8 ਸਾਲ ਦੀ ਉਮਰ ਦੇ ਬੱਚਿਆਂ ਦੇ ਵਿਕਾਸ ਸਬੰਧੀ ਸਿੱਖਣ ਵਿਧੀਆਂ ਬਾਰੇ ਜਾਣਕਾਰੀ ਦਿੱਤੀ | ਵਰਕਸ਼ਾਪ ਵਿਚ ਰਟਨ ਆਧਾਰਤ ਸਿੱਖਿਆ ਤੋਂ ਹੱਟ ਕੇ ਅਨੁਭਵਨਾਤਮਕ, ਖੇਡ ਆਧਾਰਤ ਤੇ ਯੋਗਤਾ ਆਧਾਰਤ ਸਿੱਖਣ 'ਤੇ ਜ਼ੋਰ ਦਿੱਤਾ | ਉਨ੍ਹਾਂ ਬੱਚਿਆਂ ਦੇ ਬੌਧਿਕ, ਭਾਸ਼ਾਈ, ਸਮਾਜਿਕ, ਭਾਵਨਾਤਮਕ ਤੇ ਸਰੀਰਕ ਵਿਕਾਸ 'ਤੇ ਧਿਆਨ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਅਧਿਆਪਕਾਂ ਨੂੰ ਖੇਡ ਆਧਾਰਤ ਸਿੱਖਣ, ਮਾਤ ਭਾਸ਼ਾ/ਖੇਤਰੀ ਭਾਸ਼ਾ ਦੀ ਵਰਤੋਂ ਤੇ ਮੁਲਾਂਕਣ ਵਿਧੀਆਂ ਬਾਰੇ ਜਾਣੂ ਕਰਵਾਇਆ | ਸਕੂਲ ਦੀ ਮੈਨੇਜਿੰਗ ਡਾਇਰੈਕਟਰ ਡੌਲੀ ਸਿੰਘ ਨੇ ਵਰਕਸ਼ਾਪ ਦੀ ਸਫ਼ਲਤਾ 'ਤੇ ਖ਼ੁਸ਼ੀ ਪ੍ਰਗਟ ਕੀਤੀ | ਉਨ੍ਹਾਂ ਕਿਹਾ ਕਿ ਕੌਮੀ ਸਿੱਖਿਆ ਨੀਤੀ 2020 ਅਨੁਸਾਰ ਮੁੱਢਲੀ ਸਿੱਖਿਆ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ | ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਸਕੂਲ ਪਿ੍ੰਸੀਪਲ ਮੀਨਾਕਸ਼ੀ ਸਿਆਲ ਨੇ ਕਿਹਾ ਕਿ ਵਰਕਸ਼ਾਪ ਨੇ ਅਧਿਆਪਕਾਂ ਨੂੰ ਖ਼ੁਸ਼ਗਵਾਰ ਤੇ ਵਿਕਾਸ ਅਨੁਕੂਲ ਸਿੱਖਣ ਵਾਤਾਵਰਣ ਬਣਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਵਰਕਸ਼ਾਪ ਬਹੁਤ ਹੀ ਜਾਣਕਾਰੀ ਭਰਪੂਰ ਤੇ ਪ੍ਰੇਰਨਾਦਾਇਕ ਰਹੀ ਤੇ ਇਸ ਨੇ ਸਕੂਲ ਦੀ ਕੌਮੀ ਰਾਸ਼ਟਰੀ ਨੀਤੀ ਅਨੁਕੂਲ ਸਿੱਖਿਆ ਨੂੰ ਲਾਗੂ ਕਰਨ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ |